ਸਵੇਰੇ ਹੋਈ ਬਾਰਿਸ਼ ਨੇ ਗਰਮੀ ਤੋਂ ਦਿਵਾਈ ਰਾਹਤ, ਤਾਪਮਾਨ ’ਚ ਪੰਜ ਡਿਗਰੀ ਦੀ ਗਿਰਾਵਟ
ਸਵੇਰੇ ਹੋਈ ਬਾਰਿਸ਼ ਨੇ ਗਰਮੀ ਤੋਂ ਦਿਵਾਈ ਰਾਹਤ, ਤਾਪਮਾਨ ਵਿੱਚ ਪੰਜ ਡਿਗਰੀ ਦੀ ਗਿਰਾਵਟ
Publish Date: Tue, 28 Apr 2026 03:47 PM (IST)
Updated Date: Wed, 29 Apr 2026 04:01 AM (IST)

-- ਅੱਜ ਵੀ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ, ਹਫਤੇ ਦੇ ਅੰਤ ਤੱਕ ਰਾਹਤ ਜਾਰੀ ਰਹੇਗੀ ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ : ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਮੰਗਲਵਾਰ ਸਵੇਰੇ ਹੋਈ ਬਾਰਿਸ਼ ਨੇ ਲੋਕਾਂ ਨੂੰ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਵੱਡੀ ਰਾਹਤ ਦਿੱਤੀ ਹੈ। ਗੁਰਦਾਸਪੁਰ ਵਿੱਚ ਇਸ ਦੌਰਾਨ 7.2 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਹਾਲਾਂਕਿ ਇਹ ਬਾਰਿਸ਼ ਸਿਰਫ ਸਵੇਰ ਦੇ ਸਮੇਂ ਥੋੜ੍ਹੀ ਦੇਰ ਲਈ ਹੋਈ, ਪਰ ਇਸ ਦਾ ਅਸਰ ਪੂਰੇ ਦਿਨ ਬਣਿਆ ਰਿਹਾ ਅਤੇ ਦਿਨ ਭਰ ਅਸਮਾਨ ਵਿੱਚ ਬੱਦਲ ਛਾਏ ਰਹੇ। ਬਾਰਿਸ਼ ਦੇ ਕਾਰਨ ਵੱਧ ਤੋਂ ਵੱਧ ਤਾਪਮਾਨ ਵਿੱਚ ਪੰਜ ਡਿਗਰੀ ਸੈਲਸੀਅਸ ਦੀ ਮਹੱਤਵਪੂਰਨ ਗਿਰਾਵਟ ਦਰਜ ਕੀਤੀ ਗਈ ਹੈ। ਸੋਮਵਾਰ ਨੂੰ ਜਿੱਥੇ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਪਾਰ ਚਲਾ ਗਿਆ ਸੀ, ਉੱਥੇ ਮੰਗਲਵਾਰ ਨੂੰ ਇਹ ਡਿੱਗ ਕੇ 35 ਡਿਗਰੀ ਸੈਲਸੀਅਸ ਤੇ ਆ ਗਿਆ। ਘੱਟੋ-ਘੱਟ ਤਾਪਮਾਨ ਵੀ 22 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਿਸ ਕਰਕੇ ਸਵੇਰੇ-ਸ਼ਾਮ ਮੌਸਮ ਕਾਫੀ ਸੁਹਾਵਣਾ ਹੋ ਗਿਆ ਹੈ। ਇਸ ਅਚਾਨਕ ਮੌਸਮੀ ਤਬਦੀਲੀ ਨਾਲ ਲੋਕਾਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਮਿਲੀ ਹੈ। ਲੰਬੇ ਸਮੇਂ ਤੋਂ ਚੱਲ ਰਹੀ ਅੱਤ ਗਰਮੀ ਅਤੇ ਲੂ ਤੋਂ ਪਰੇਸ਼ਾਨ ਲੋਕਾਂ ਨੇ ਬਾਰਿਸ਼ ਦਾ ਖੂਬ ਆਨੰਦ ਲਿਆ। ਸਵੇਰੇ-ਸਵੇਰੇ ਹੋਈ ਬਾਰਿਸ਼ ਤੋਂ ਬਾਅਦ ਲੋਕ ਘਰਾਂ ਤੋਂ ਬਾਹਰ ਨਿਕਲ ਕੇ ਠੰਢੀਆਂ ਹਵਾਵਾਂ ਦਾ ਆਨੰਦ ਮਾਣ ਰਹੇ ਸਨ। ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਕਈ ਹਫਤਿਆਂ ਤੋਂ ਚੱਲ ਰਹੀ ਭਿਆਨਕ ਗਰਮੀ ਨੇ ਜਨ-ਜੀਵਨ ਅਸਤ-ਵਿਅਸਤ ਕਰ ਦਿੱਤਾ ਸੀ, ਪਰ ਇਸ ਬਾਰਿਸ਼ ਨੇ ਰਾਹਤ ਦਾ ਸਾਹ ਦਿੱਤਾ ਹੈ। ਇਹ ਬਾਰਿਸ਼ ਆਮ ਲੋਕਾਂ ਦੇ ਨਾਲ-ਨਾਲ ਕਿਸਾਨਾਂ ਲਈ ਵੀ ਰਾਹਤ ਲੈ ਕੇ ਆਈ ਹੈ। ਕਣਕ ਦੀ ਫ਼ਸਲ ਦੀ ਕਟਾਈ ਤੋਂ ਬਾਅਦ ਖੇਤਾਂ ਵਿੱਚ ਜੋ ਨਮੀ ਘੱਟ ਹੋ ਗਈ ਸੀ, ਉਸ ਨੂੰ ਇਸ ਬਾਰਿਸ਼ ਨੇ ਪੂਰਾ ਕਰ ਦਿੱਤਾ ਹੈ। ਇਸ ਨਾਲ ਆਉਣ ਵਾਲੀਆਂ ਫ਼ਸਲਾਂ ਲਈ ਵੀ ਚੰਗਾ ਸੰਕੇਤ ਮੰਨਿਆ ਜਾ ਰਿਹਾ ਹੈ। ਮੌਸਮ ਵਿਭਾਗ ਨੇ ਬੁੱਧਵਾਰ ਨੂੰ ਵੀ ਬਾਰਿਸ਼ ਦੀ ਸੰਭਾਵਨਾ ਜਤਾਈ ਹੈ। ਵਿਭਾਗ ਅਨੁਸਾਰ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਰਕੇ ਅਗਲੇ 24 ਘੰਟਿਆਂ ਦੌਰਾਨ ਕਈ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਕੁਝ ਥਾਵਾਂ ਤੇ ਗਰਜ-ਚਮਕ ਨਾਲ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਫਿਲਹਾਲ ਪੂਰਾ ਹਫਤਾ ਗਰਮੀ ਤੋਂ ਰਾਹਤ ਭਰਿਆ ਰਹੇਗਾ। ਤਾਪਮਾਨ ਵਿੱਚ ਹੋਰ ਗਿਰਾਵਟ ਆਉਣ ਦੀ ਸੰਭਾਵਨਾ ਹੈ, ਜਿਸ ਨਾਲ ਲੋਕਾਂ ਨੂੰ ਲੂ ਅਤੇ ਗਰਮੀ ਤੋਂ ਨਿਜ਼ਾਤ ਮਿਲੇਗੀ। ਮੌਸਮ ਵਿਭਾਗ ਅਨੁਸਾਰ ਸ਼ਨਿਚਰਵਾਰ ਨੂੰ ਫਿਰ ਤੋਂ ਬੱਦਲ ਛਾਉਣ ਦੀ ਸੰਭਾਵਨਾ ਹੈ। ਇਸ ਦੌਰਾਨ ਅਧਿਕਤਮ ਤਾਪਮਾਨ 33 ਤੋਂ 35 ਡਿਗਰੀ ਦੇ ਵਿਚਕਾਰ ਅਤੇ ਘੱਟੋ-ਘੱਟ ਤਾਪਮਾਨ 20 ਤੋਂ 22 ਡਿਗਰੀ ਦੇ ਕਰੀਬ ਰਹਿਣ ਦਾ ਅਨੁਮਾਨ ਹੈ। ਹਫਤੇ ਦੇ ਅੰਤ ਵਿੱਚ ਮੌਸਮ ਸਾਫ਼ ਹੋ ਸਕਦਾ ਹੈ, ਪਰ ਤਾਪਮਾਨ ਵਿੱਚ ਤੁਰੰਤ ਕੋਈ ਵੱਡਾ ਵਾਧਾ ਨਹੀਂ ਹੋਵੇਗਾ। ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬਾਰਿਸ਼ ਦੌਰਾਨ ਬਿਜਲੀ ਦੀ ਚਮਕ ਅਤੇ ਤੇਜ਼ ਹਵਾਵਾਂ ਤੋਂ ਸੁਚੇਤ ਰਹਿਣ। ਇਸ ਬਾਰਿਸ਼ ਨਾਲ ਸ਼ਹਿਰ ਵਿੱਚ ਪ੍ਰਦੂਸ਼ਣ ਦਾ ਪੱਧਰ ਵੀ ਘਟਿਆ ਹੈ। ਸੜਕਾਂ ਤੇ ਧੂੜ ਜੰਮਣ ਅਤੇ ਹਵਾ ਵਿੱਚ ਮਿਲੀ ਨਮੀ ਨਾਲ ਲੋਕਾਂ ਨੂੰ ਸਾਹ ਲੈਣ ਵਿੱਚ ਵੀ ਸੌਖ ਹੋਈ ਹੈ।