ਸਾਡਾ ਉਦੇਸ਼ ਦੀਨਾਨਗਰ ਦਾ ਸਟੇਟਸ ਉੱਚਾ ਕਰਨਾ : ਅਰੁਣਾ ਚੌਧਰੀ
ਵਿਧਾਇਕਾ ਅਰੁਣਾ ਚੌਧਰੀ ਨੇ 1.57 ਕਰੋੜ ਦੀ ਲਾਗਤ ਨਾਲ ਬਣਨ ਵਾਲੀਆਂ ਗਲੀਆਂ ਤੇ ਹੋਰਨਾਂ ਕੰਮਾਂ ਦਾ ਕੀਤਾ ਉਦਘਾਟਨ
Publish Date: Sun, 22 Mar 2026 06:11 PM (IST)
Updated Date: Sun, 22 Mar 2026 06:13 PM (IST)

ਵਿਧਾਇਕਾ ਨੇ 1.57 ਕਰੋੜ ਦੀ ਲਾਗਤ ਨਾਲ ਬਣਨ ਵਾਲੀਆਂ ਗਲੀਆਂ ਤੇ ਹੋਰਨਾਂ ਕੰਮਾਂ ਦਾ ਕੀਤਾ ਉਦਘਾਟਨ ਆਕਾਸ਼, ਪੰਜਾਬੀ ਜਾਗਰਣ ਦੀਨਾਨਗਰ : ਦੀਨਾਨਗਰ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਵਿਕਾਸ ਕਾਰਜਾਂ ਦੀ ਗਤੀ ਨੂੰ ਤੇਜ਼ ਕਰਦਿਆਂ ਵਿਧਾਇਕਾ ਅਰੁਣਾ ਚੌਧਰੀ ਵੱਲੋਂ 1.57 ਕਰੋੜ ਰੁਪਏ ਦੀ ਲਾਗਤ ਨਾਲ ਬਣਾਈਆਂ ਜਾਣ ਵਾਲੀਆਂ ਨਵੀਆਂ ਗਲੀਆਂ ਤੇ ਲੋਹੇ ਦੇ ਜੰਗਲੇ ਲਗਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਬਕਾਇਦਾ ਸਰਵੇ ਕੀਤਾ ਗਿਆ ਹੈ ਤੇ ਸ਼ਹਿਰ ਦੇ ਕੁੱਲ 15 ਵਾਰਡਾਂ ਵਿਚ ਜਿਥੇ-ਜਿਥੇ ਵੀ ਪੁਰਾਣੀਆਂ ਗਲੀਆਂ ਦੀ ਮੁਰੰਮਤ ਤੇ ਲੋਹੇ ਦੇ ਜੰਗਲੇ ਲਗਾਉਣ ਦੀ ਲੋੜ ਹੈ, ਉਥੇ ਕੰਮ ਸ਼ੁਰੂ ਕਰਵਾਇਆ ਗਿਆ ਹੈ ਤੇ ਜਿਥੇ ਕੁਝ ਗਲੀਆਂ ਅਜੇ ਵੀ ਕੱਚੀਆਂ ਹਨ ਉਨ੍ਹਾਂ ਨੂੰ ਫ਼ੌਰੀ ਤੌਰ ’ਤੇ ਇੰਟਰਲਾਕ ਟਾਈਲਾਂ ਲਗਾ ਕੇ ਪੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਇਲਾਕੇ ਦਾ ਸਰਵਪੱਖੀ ਵਿਕਾਸ ਕਰਕੇ ਦੀਨਾਨਗਰ ਦਾ ਸਟੇਟਸ ਉੱਚਾ ਕਰਨਾ ਹੈ, ਜਿਸਦੇ ਲਈ ਅਸੀਂ ਲਗਾਤਾਰ ਯਤਨਸ਼ੀਲ ਹਾਂ। ਸਾਬਕਾ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਕਿ ਇਹ ਤਮਾਮ ਗਲੀਆਂ ਅਗਲੇ ਕੁਝ ਦਿਨਾਂ ਦੇ ਅੰਦਰ ਹੀ ਤਿਆਰ ਕਰਵਾ ਕੇ ਜਨਤਾ ਦੇ ਹਵਾਲੇ ਕਰ ਦਿੱਤੀਆਂ ਜਾਣਗੀਆਂ ਤੇ ਇਸਦੇ ਲਈ ਸਬੰਧਤ ਠੇਕੇਦਾਰ ਨੂੰ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕੰਮ ਨੂੰ ਛੇਤੀ ਮੁਕੰਮਲ ਕਰਨ ਲਈ ਕਿਸੇ ਵੀ ਤਰ੍ਹਾਂ ਦੀ ਢਿੱਲਮੱਠ ਤੇ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਚੌਧਰੀ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਵੇਲੇ ਵਿਧਾਇਕਾ ਅਰੁਣਾ ਚੌਧਰੀ ਨੇ ਬਤੌਰ ਕੈਬਨਿਟ ਮੰਤਰੀ ਰਹਿੰਦਿਆਂ ਵੱਧ ਤੋਂ ਵੱਧ ਪੈਸਾ ਲਿਆ ਕੇ ਪਿੰਡਾਂ ਦੇ ਨਾਲ-ਨਾਲ ਸ਼ਹਿਰ ਦਾ ਵੀ ਸਰਵਪੱਖੀ ਵਿਕਾਸ ਕਰਵਾਇਆ ਤੇ ਸ਼ਹਿਰ ਦੀਆਂ ਤਕਰੀਬਨ ਸਾਰੀਆਂ ਗਲੀਆਂ ਨੂੰ ਪੱਕਾ ਕਰਵਾਉਂਦਿਆਂ ਨਾਲੀਆਂ ਵੀ ਬਣਵਾਈਆਂ ਗਈਆਂ। ਉਨ੍ਹਾਂ ਕਿਹਾ ਕਿ ਹੁਣ ਦੁਬਾਰਾ ਨਗਰ ਕੌਂਸਲ ’ਤੇ ਕਾਬਜ਼ ਕਾਂਗਰਸ ਦੀ ਕਮੇਟੀ ਵੱਲੋਂ ਸ਼ਹਿਰਵਾਸੀਆਂ ਦੀ ਮੰਗ ਤੇ ਜ਼ਰੂਰਤ ਨੂੰ ਧਿਆਨ ਵਿਚ ਰੱਖਦਿਆਂ ਗਲੀਆਂ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕੁਝ ਵਾਰਡਾਂ ਵਿਚ ਕੰਮ ਜੰਗੀ ਪੱਧਰ ’ਤੇ ਜਾਰੀ ਹੈ ਅਤੇ ਕਈ ਗਲੀਆਂ ਤਿਆਰ ਕਰਵਾ ਕੇ ਲੋਕਾਂ ਨੂੰ ਆਵਾਜਾਈ ਲਈ ਸੌਪ ਦਿੱਤੀਆਂ ਗਈਆਂ ਹਨ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਨੀਟੂ ਚੌਹਾਨ, ਸ਼ਹਿਰੀ ਪ੍ਰਧਾਨ ਮਨੋਜ ਗੁਪਤਾ, ਕੌਂਸਲਰ ਡਾ. ਸਾਹਿਲ ਰੇਹਾਨ, ਕੌਂਸਲਰ ਲੈਕਚਰਾਰ ਰਾਮ ਲਾਲ, ਕੌਂਸਲਰ ਅਜੇ ਸਟਾਰ, ਕੌਂਸਲਰ ਗਿਰਧਾਰੀ ਲਾਲ, ਕੌਂਸਲਰ ਪਰਮਜੀਤ ਕੌਰ, ਸੀਨੀਅਰ ਮੀਡੀਆ ਇੰਚਾਰਜ ਤੇ ਸਾਬਕਾ ਵਿਸ਼ੇਸ਼ ਸਹਾਇਕ ਦੀਪਕ ਭੱਲਾ, ਐਡਵੋਕੇਟ ਕੁਲਵੰਤ ਕਾਟਲ, ਚੇਅਰਮੈਨ ਜਿੰਮੀ ਬਰਾੜ, ਆਤਿਸ਼ ਮਹਾਜਨ, ਮਨੀਸ਼ ਕੁਮਾਰ, ਸੁਖਵਿੰਦਰ ਫ਼ਿੰਡਾ, ਪਵਨ ਕੁਮਾਰ ਬੱਬੀ, ਮੱਦੀ ਕੈਂਪ, ਅਸ਼ਵਨੀ ਕੁਮਾਰ, ਰਾਕੇਸ਼ ਕੁਮਾਰ, ਅਮਿਤ ਬਾਲੀ, ਫ਼ੌਜੀ ਮਦਨ ਲਾਲ ਤੇ ਅਸ਼ੋਕ ਕੁਮਾਰ ਰੇਲਵੇ ਤੋਂ ਇਲਾਵਾ ਵੱਖ-ਵੱਖ ਵਾਰਡਾਂ ਦੇ ਮੋਹਤਬਰ ਹਾਜ਼ਰ ਸਨ।