ਅੱਧੀ ਰਾਤ, ਬੰਦ ਕਮਰਾ ਤੇ ਮੌਤ ਦਾ ਸਾਇਆ... ਬਟਾਲਾ 'ਚ ਚਾਰ ਬੱਚਿਆਂ ਨਾਲ ਸੁੱਤੀ ਹੋਈ ਵਿਧਵਾ ਨੂੰ ਜ਼ਿੰਦਾ ਸਾੜਨ ਦੀ ਕੋਸ਼ਿਸ਼
ਬਟਾਲਾ ਦੇ ਨਜ਼ਦੀਕੀ ਪਿੰਡ ਹਸਨਪੁਰ ਖੁਰਦ ਅਣਪਛਾਤੇ ਵਿਅਕਤੀ ਵਲੋਂ ਇੱਕ ਔਰਤ ਦੇ ਘਰ ਵਿਚ ਪੈਟਰੋਲ ਨਾਲ ਭਰੀ ਬੋਤਲ ਨੂੰ ਸੁੱਟ ਕੇ ਅੱਗ ਲਗਾ ਦਿੱਤੀ ਗਈ ਹੈ। ਅੱਗ ਲੱਗਣ ਨਾਲ ਔਰਤ ਦਾ ਘਰੇਲੂ ਸਮਾਨ ਸੜ ਕੇ ਸੁਆਹ ਹੋ ਗਿਆ ਹੈ। ਗਨੀਮਤ ਇਹ ਰਹੀ ਕਿ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ ਹੈ।
Publish Date: Tue, 03 Mar 2026 06:05 PM (IST)
Updated Date: Tue, 03 Mar 2026 06:50 PM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ, ਬਟਾਲਾ : ਬਟਾਲਾ ਦੇ ਨਜ਼ਦੀਕੀ ਪਿੰਡ ਹਸਨਪੁਰ ਖੁਰਦ ਅਣਪਛਾਤੇ ਵਿਅਕਤੀ ਵਲੋਂ ਇੱਕ ਔਰਤ ਦੇ ਘਰ ਵਿਚ ਪੈਟਰੋਲ ਨਾਲ ਭਰੀ ਬੋਤਲ ਨੂੰ ਸੁੱਟ ਕੇ ਅੱਗ ਲਗਾ ਦਿੱਤੀ ਗਈ ਹੈ। ਅੱਗ ਲੱਗਣ ਨਾਲ ਔਰਤ ਦਾ ਘਰੇਲੂ ਸਮਾਨ ਸੜ ਕੇ ਸੁਆਹ ਹੋ ਗਿਆ ਹੈ। ਗਨੀਮਤ ਇਹ ਰਹੀ ਕਿ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ ਹੈ।
ਥਾਣਾ ਸਦਰ ਦੀ ਪੁਲਿਸ ਨੇ ਅਣਪਛਾਤੇ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀਦਿੰਦਿਆਂ ਏਐੱਸਆਈ ਲਖਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਰਜ ਕਰਵਾਏ ਬਿਆਨ ਵਿਚ ਬਿਆਨਕਰਤਾ ਮਹਿਲਾ ਸਤਿੰਦਰ ਕੌਰ ਪਤਨੀ ਸਵ. ਸੁਰਜੀਤ ਸਿੰਘ ਵਾਸੀ ਪਿੰਡ ਹਸਨਪੁਰ ਖੁਰਦ ਨੇ ਲਿਖਵਾਇਆ ਹੈ ਕਿ ਲੰਘੀ ਰਾਤ ਉਹ ਆਪਣੇ 4 ਬੱਚਿਆਂ ਨਾਲ ਘਰ ਦੇ ਕਮਰੇ ਵਿਚ ਸੁੱਤੀ ਪਈ ਸੀ ਕਿ ਮੂੰਹ-ਹਨੇਰੇ ਪੌਣੇ ਤਿੰਨ ਵਜੇ ਦੇ ਕਰੀਬ ਕਿਸੇ ਅਣਪਛਾਤੇ ਵਿਅਕਤੀ ਵਲੋਂ ਉਸਦੇ ਘਰ ਦੇ ਕਮਰੇ ਦਾ ਸ਼ੀਸ਼ਾ ਤੋੜ ਕੇ ਪੈਟਰੋਲ ਨਾਲ ਭਰੀ ਹੋਈ ਬੋਤਲ ਕਮਰੇ ਅੰਦਰ ਸੁੱਟ ਕੇ ਅੱਗ ਲਗਾ ਦਿੱਤੀ।
ਉਕਤ ਬਿਆਨਕਰਤਾ ਔਰਤ ਮੁਤਾਬਕ ਆਵਾਜ਼ ਆਉਣ ਦੇ ਬਾਅਦ ਕਮਰੇ ਵਿਚ ਅੱਗ ਫੈਲ ਗਈ, ਜਿਸ ’ਤੇ ਉਸ ਨੇ ਜਲਦੀ ਹੀ ਆਪਣੇ ਬੱਚਿਆਂ ਨੂੰ ਕਮਰੇ ਵਿਚੋਂ ਬਾਹਰ ਕੱਢਿਆ ਤੇ ਉਸਦੀ ਆਵਾਜ਼ ਸੁਣ ਕੇ ਉਨਾਂ ਦਾ ਗੁਆਂਢੀ ਘਰ ਆ ਗਿਆ, ਜਿਨ੍ਹਾਂ ਨੇ ਪਾਣੀ ਨਾਲ ਜਦੋ ਜਹਿਦ ਦੇ ਤਹਿਤ ਅੱਗ ਬੁਝਾਈ।
ਬਿਆਨਕਰਤਾ ਸਤਿੰਦਰ ਕੌਰ ਨੇ ਆਪਣੇ ਬਿਆਨ ਵਿਚ ਪੁਲਿਸ ਨੂੰ ਅੱਗੇ ਲਿਖਵਾਇਆ ਹੈ ਕਿ ਇਸਦੇ ਬਾਅਦ ਉਸ ਨੇ ਕਮਰੇ ਅੰਦਰ ਜਾ ਕੇ ਦੇਖਿਆ ਕਿ ਕੰਧ ਨਾਲ ਲੱਗੀ ਐੱਲਸੀਡੀ, ਇਕ ਮੋਬਾਈਲ ਫੋਨ ਓਪੋ, ਬੈੱਡ ’ਤੇ ਪਿਆ ਗੱਦਾ, ਚਾਦਰ ਆਦਿ ਸੜ ਚੁੱਕੇ ਸਨ, ਜਦਕਿ ਬੈੱਡ ਵੀ ਅੱਧਾ ਸੜ ਗਿਆ । ਉਸ ਨੇ ਦੱਸਿਆ ਕਿ ਅੱਗ ਤੋਂ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ। ਏਐਸਆਈ ਲਖਬੀਰ ਸਿੰਘ ਨੇ ਦੱਸਿਆ ਕਿ ਔਰਤ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਸਦਰ ਵਿਖੇ ਅਣਪਛਾਤੇ ਵਿਰੁੱਧ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮੁਲਜਮ ਨੂੰ ਗ੍ਰਿਫਤਾਰ ਕੀਤਾ ਜਾ ਸਕੇ।