ਸੁਨਿਆਰ ਦੇ ਘਰ ਕਰੋੜਾਂ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਮਾਸਟਰਮਾਈਂਡ ਗ੍ਰਿਫ਼ਤਾਰ
ਸੁਨਿਆਰ ਦੇ ਘਰ ਕਰੋੜਾਂ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਮਾਸਟਰਮਾਈਂਡ ਗ੍ਰਿਫ਼ਤਾਰ
Publish Date: Mon, 27 Apr 2026 04:21 PM (IST)
Updated Date: Mon, 27 Apr 2026 04:25 PM (IST)

--ਮੁਲਜ਼ਮ ਖ਼ਿਲਾਫ਼ ਪਹਿਲਾਂ ਹੀ 17 ਮਾਮਲੇ ਦਰਜ, ਜ਼ਮਾਨਤ ਤੇ ਆਇਆ ਸੀ ਜੇਲ੍ਹ ਤੋਂ ਬਾਹਰ ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ: ਗੁਰਦਾਸਪੁਰ ਪੁਲਿਸ ਨੇ ਸ਼ਹਿਰ ਦੀ ਇੰਪਰੂਵਮੈਂਟ ਟਰੱਸਟ ਸਕੀਮ ਨੰਬਰ-5 ਵਿੱਚ ਨਿਹੰਗਾਂ ਦੇ ਭੇਸ ਵਿੱਚ ਇੱਕ ਪਰਿਵਾਰ ਨੂੰ ਬੰਧਕ ਬਣਾ ਕੇ ਕਰੋੜਾਂ ਦੀ ਲੁੱਟ ਨੂੰ ਅੰਜਾਮ ਦੇਣ ਦੇ ਮਾਮਲੇ ਦੇ ਮਾਸਟਰਮਾਈਂਡ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਚ ਪਹਿਲਾਂ ਵੀ ਚਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ। ਮੁਲਜ਼ਮ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਗੋਲੀ ਵਾਸੀ ਕੋਟਲੀ ਸੂਰਤ ਮੱਲੀ ਵਜੋਂ ਹੋਈ ਹੈ। ਐੱਸਐੱਸਪੀ ਆਦਿਤਿਆ ਨੇ ਦੱਸਿਆ ਕਿ ਲੁੱਟ ਦੀ ਪੂਰੀ ਯੋਜਨਾ ਗੁਰਪ੍ਰੀਤ ਸਿੰਘ ਉਰਫ ਗੋਲੀ ਨੇ ਤਿਆਰ ਕੀਤੀ ਸੀ। ਇਸ ਮਾਮਲੇ ਚ ਪੁਲਿਸ ਨੇ 12 ਮਾਰਚ ਨੂੰ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਨ੍ਹਾਂ ਕੋਲੋਂ ਕਰੀਬ 2 ਕਰੋੜ ਰੁਪਏ ਦਾ ਲੁੱਟਿਆ ਸਾਮਾਨ ਬਰਾਮਦ ਕੀਤਾ ਗਿਆ ਸੀ। ਮਾਸਟਰਮਾਈਂਡ ਗੁਰਪ੍ਰੀਤ ਉਰਫ ਗੋਲੀ ਲਗਾਤਾਰ ਫ਼ਰਾਰ ਸੀ ਪਰ ਪੁਲਿਸ ਟੀਮਾਂ ਉਸ ਦੇ ਪਿੱਛੇ ਲੱਗੀਆਂ ਹੋਈਆਂ ਸਨ। ਹੁਣ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਐੱਸਐੱਸਪੀ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਅਪਰਾਧਿਕ ਪਿਛੋਕੜ ਵਾਲਾ ਹੈ। ਉਸ ਦੇ ਖ਼ਿਲਾਫ਼ ਹੱਤਿਆ ਦੀ ਕੋਸ਼ਿਸ਼, ਲੁੱਟ-ਖੋਹ, ਆਰਮਜ਼ ਐਕਟ, ਪ੍ਰਿਜ਼ਨ ਐਕਟ ਆਦਿ ਦੇ 17 ਮਾਮਲੇ ਦਰਜ ਹਨ। ਉਹ ਇਸ ਸਮੇਂ ਜ਼ਮਾਨਤ ਤੇ ਸੀ। ਪੁਲਿਸ ਮੁਲਜ਼ਮ ਨੂੰ ਅਦਾਲਤ ਚ ਪੇਸ਼ ਕਰਕੇ ਰਿਮਾਂਡ ਤੇ ਲਵੇਗੀ ਤਾਂ ਜੋ ਪੁੱਛਗਿੱਛ ਦੌਰਾਨ ਹੋਰ ਖੁਲਾਸੇ ਹੋ ਸਕਣ। ਜ਼ਿਕਰਯੋਗ ਹੈ ਕਿ 5 ਮਾਰਚ ਨੂੰ ਕੁਝ ਅਣਪਛਾਤੇ ਬਦਮਾਸ਼ ਨਿਹੰਗਾਂ ਦੇ ਭੇਸ ਵਿੱਚ ਸੁਨਿਆਰੇ ਵਰੁਣ ਕੁਮਾਰ ਦੇ ਘਰ ਵੜ ਗਏ ਸਨ। ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਨੂੰ ਬੰਦੂਕ ਦੇ ਜ਼ੋਰ ਤੇ ਬੰਧਕ ਬਣਾ ਲਿਆ ਤੇ ਨਕਦੀ, ਸੋਨੇ-ਚਾਂਦੀ ਦੇ ਗਹਿਣੇ ਅਤੇ ਕਾਰ ਲੁੱਟ ਕੇ ਫ਼ਰਾਰ ਹੋ ਗਏ। ਪੀੜਤ ਦੀ ਸ਼ਿਕਾਇਤ ਤੇ ਸਿਟੀ ਪੁਲਿਸ ਸਟੇਸ਼ਨ ਗੁਰਦਾਸਪੁਰ ਵਿੱਚ ਮਾਮਲਾ ਦਰਜ ਕੀਤਾ ਗਿਆ। ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਤੁਰੰਤ ਵਿਸ਼ੇਸ਼ ਪੁਲਿਸ ਟੀਮਾਂ ਦਾ ਗਠਨ ਕੀਤਾ। --ਪੁਲਿਸ ਨੂੰ ਗੁੰਮਰਾਹ ਕਰਨ ਦੀ ਵੀ ਕੋਸ਼ਿਸ਼--- ਮੁਲਜ਼ਮਾਂ ਨੇ ਪੁਲਿਸ ਨੂੰ ਗੁੰਮਰਾਹ ਕਰਨ ਲਈ ਹੁਸ਼ਿਆਰਪੁਰ-ਟਾਂਡਾ ਰੋਡ ਤੇ ਇੱਕ ਖੇਤ ਦੇ ਕਿਨਾਰੇ ਸੁਨਿਆਰ ਦੀ ਕਾਰ ਛੱਡ ਦਿੱਤੀ ਸੀ ਪਰ ਪੁਲਿਸ ਲਗਾਤਾਰ ਸੁਰਾਗਾਂ ਦੀ ਤਲਾਸ਼ ਵਿੱਚ ਜੁਟੀ ਰਹੀ। ਬਾਅਦ ਚ ਪੁਲਿਸ ਨੇ ਸਪੱਸ਼ਟ ਕੀਤਾ ਸੀ ਕਿ ਗ੍ਰਿਫ਼ਤਾਰ ਮੁਲਜ਼ਮ ਅਸਲ ਵਿੱਚ ਨਿਹੰਗ ਸਿੰਘ ਨਹੀਂ ਸਨ, ਸਗੋਂ ਉਨ੍ਹਾਂ ਨੇ ਲੁੱਟ ਨੂੰ ਅੰਜਾਮ ਦੇਣ ਲਈ ਹੀ ਨਿਹੰਗਾਂ ਦਾ ਭੇਸ ਧਾਰਿਆ ਸੀ। ਜ਼ਿਕਰਯੋਗ ਹੈ ਕਿ ਸੁਨਿਆਰ ਦੇ ਪਰਿਵਾਰ ਨੇ ਦਾਅਵਾ ਕੀਤਾ ਸੀ ਕਿ ਲੁਟੇਰਿਆਂ ਨੇ ਉਨ੍ਹਾਂ ਨੂੰ ਬੰਧਕ ਬਣਾ ਕੇ 40 ਲੱਖ ਰੁਪਏ ਦੀ ਨਕਦੀ ਅਤੇ 3.50 ਕਰੋੜ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣੇ ਲੁੱਟ ਲਏ ਸਨ। ਇਸ ਤੋਂ ਇਲਾਵਾ ਮੁਲਜ਼ਮ ਉਨ੍ਹਾਂ ਦੀ ਕਾਰ ਅਤੇ ਸੀਸੀਟੀਵੀ ਡੀਵੀਆਰ ਵੀ ਆਪਣੇ ਨਾਲ ਲੈ ਗਏ ਸਨ। --ਪੁਲਿਸ ਨੇ ਪਹਿਲਾਂ ਚਾਰ ਮੁਲਜ਼ਮਾਂ ਨੂੰ ਕੀਤਾ ਸੀ ਗ੍ਰਿਫ਼ਤਾਰ-- ਪੁਲਿਸ ਟੀਮਾਂ ਨੇ ਸਰੋਤਾਂ ਅਤੇ ਤਕਨੀਕੀ ਜਾਂਚ ਦੇ ਆਧਾਰ ਤੇ ਸੁਰਾਗ ਜੁਟਾ ਕੇ ਮੁਲਜ਼ਮ ਰਾਜਬੀਰ ਸਿੰਘ ਉਰਫ ਰਾਜਾ ਵਾਸੀ ਧੀਮਾਨ, ਬਟਾਲਾ, ਬਲਵਿੰਦਰ ਸਿੰਘ ਉਰਫ ਬੂਟਾ ਵਾਸੀ ਧੀਮਾਨ, ਬਟਾਲਾ, ਸਿਮਰਜੀਤ ਸਿੰਘ ਉਰਫ ਸਿੰਮਾ ਵਾਸੀ ਭਗਵਾਨਪੁਰ, ਬਟਾਲਾ ਅਤੇ ਕੁਲਬੀਰ ਸਿੰਘ ਵਾਸੀ ਕੋਟਲੀ ਸੂਰਤ ਮੱਲੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਪੁਲਿਸ ਨੇ ਮੁਲਜ਼ਮਆਂ ਦੇ ਕਬਜ਼ੇ ਤੋਂ ਲਗਭਗ 32 ਲੱਖ ਰੁਪਏ, ਕਰੀਬ 1.300 ਕਿਲੋਗ੍ਰਾਮ ਸੋਨੇ-ਚਾਂਦੀ ਦੇ ਗਹਿਣੇ ਅਤੇ ਲੁੱਟੀ ਗਈ ਕਾਰ ਬਰਾਮਦ ਕੀਤੀ ਸੀ।