ਅਣ ਐਲਾਨੇ ਬਿਜਲੀ ਕੱਟਾਂ ਦੀ ਵਜਾ ਨਾਲ ਆਮ ਲੋਕਾਂ ’ਚ ਭਾਰੀ ਰੋਸ
ਅਣ ਐਲਾਨੇ ਬਿਜਲੀ ਕੱਟਾਂ ਦੀ ਵਜਾ ਨਾਲ ਆਮ ਲੋਕਾਂ ’ਚ ਭਾਰੀ ਰੋਸ
Publish Date: Sat, 25 Apr 2026 04:45 PM (IST)
Updated Date: Sun, 26 Apr 2026 04:05 AM (IST)

ਕੁਲਦੀਪ ਸਿੰਘ ਸਲਗਾਨੀਆ, ਪੰਜਾਬੀ ਜਾਗਰਣ ਕਿਲਾ ਲਾਲ ਸਿੰਘ : ਪਿਛਲੇ ਕਈ ਦਿਨਾਂ ਤੋਂ ਲੱਗ ਰਹੇ ਬਿਜਲੀ ਦੇ ਅਣ ਐਲਾਨੇ ਲੰਮੇ ਲੰਮੇ ਕੱਟਾਂ ਦੀ ਵਜਾ ਨਾਲ ਆਮ ਲੋਕਾਂ ਵਿੱਚ ਪੰਜਾਬ ਸਰਕਾਰ ਅਤੇ ਸੰਬੰਧਿਤ ਵਿਭਾਗ ਦੇ ਖਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਬਿਜਲੀ ਵਿਭਾਗ ਵੱਲੋਂ ਕਿਲਾ ਲਾਲ ਸਿੰਘ ਅਤੇ ਇਸਦੇ ਨਾਲ ਲੱਗਦੇ ਅਨੇਕਾਂ ਪਿੰਡਾਂ ਵਿੱਚ ਜਿੱਥੇ ਸਵੇਰੇ 9 ਤੋਂ ਸ਼ਾਮ 6 ਵਜੇ ਤੱਕ ਲਗਾਤਾਰ ਬਿਜਲੀ ਸਪਲਾਈ ਬੰਦ ਰੱਖੀ ਜਾ ਰਹੀ ਹੈ, ਉਥੇ ਇਸ ਤੋਂ ਇਲਾਵਾ ਸਾਰੀ ਰਾਤ ਵਾਰ-ਵਾਰ ਅਣ ਐਲਾਨੇ ਬਿਜਲੀ ਕੱਟ ਲਗਾਕੇ ਆਮ ਲੋਕਾਂ ਨੂੰ ਲਗਾਤਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਸਵੇਰ ਦਾ ਸਾਰਾ ਸਮਾਂ ਬਿਨਾਂ ਬਿਜਲੀ ਦੇ ਕੱਟਣ ਤੋਂ ਬਾਅਦ ਜਦ ਸ਼ਾਮ ਨੂੰ ਬਿਜਲੀ ਸਪਲਾਈ ਸ਼ੁਰੂ ਹੁੰਦੀ ਹੈ ਤਾਂ ਆਮ ਲੋਕ ਇੰਨੇ ਖੁਸ਼ ਹੁੰਦੇ ਹਨ ਕਿ ਜਿਵੇਂ ਉਨ੍ਹਾਂ ਨੂੰ ਕੋਈ ਖਜ਼ਾਨਾ ਹੀ ਮਿਲ ਗਿਆ ਹੋਵੇ, ਪਰ ਇਹ ਖੁਸ਼ੀ ਚੰਦ ਸਮੇਂ ਵਾਸਤੇ ਹੀ ਹੁੰਦੀ ਹੈ। ਕਿਉਂਕਿ ਫਿਰ ਕਦੇ 8 ਵਜੇ ਕਦੇ 9 ਵਜੇ ਫਿਰ ਤੋਂ ਬਿਜਲੀ ਬੰਦ ਹੋ ਜਾਂਦੀ ਹੈ ਤੇ ਦੋ ਤੋਂ ਚਾਰ ਘੰਟੇ ਤਕ ਬੰਦ ਰਹਿੰਦੀ ਹੈ। ਇਸ ਤੋਂ ਇਲਾਵਾ ਵੀ ਕਈ ਕਈ ਵਾਰ ਬਿਜਲੀ ਬੰਦ ਕਰ ਦਿੱਤੀ ਜਾਂਦੀ ਹੈ। ਜਿਸਦੀ ਵਜ੍ਹਾ ਨਾਲ ਆਮ ਲੋਕਾਂ ਨੂੰ ਨਾਂ ਦਿਨ ਵੇਲੇ ਚੈਨ ਮਿਲੇ ਰਿਹਾ ਹੈ ਤੇ ਨਾਂ ਹੀ ਰਾਤਾਂ ਦੀ ਨੀਂਦ ਪੂਰੀ ਹੋ ਰਹੀ ਹੈ। ਬੱਚਿਆਂ ਅਤੇ ਬਜ਼ੁਰਗਾਂ ਦਾ ਜਿਉਣਆ ਹੋਇਆ ਮੁਹਾਲ : ਕੰਵਲਜੀਤ ਸਿੰਘ ਰੰਧਾਵਾ ਇਲਾਕੇ ਦੇ ਉੱਘੇ ਸਮਾਜ ਸੇਵਕ ਕੰਵਲਜੀਤ ਸਿੰਘ ਰੰਧਾਵਾ ਬਿਜਲੀਵਾਲ ਨੇ ਕਿਹਾ ਕਿ ਬਿਜਲੀ ਮਹਿਕਮੇ ਵੱਲੋਂ ਲਗਾਤਾਰ ਲਗਾਏ ਜਾ ਰਹੇ ਅਣ ਐਲਾਨੇ ਬਿਜਲੀ ਕੱਟਾਂ ਦੀ ਵਜਾ ਨਾਲ ਜਿੱਥੇ ਹਰੇਕ ਵਰਗ ਵੱਡੀ ਪਰੇਸ਼ਾਨੀ ਵਿਚ ਹੈ। ਉਥੇ ਇਸ ਦੀ ਵਜ੍ਹਾ ਨਾਲ ਬੱਚਿਆਂ, ਬਜ਼ੁਰਗਾਂ ਅਤੇ ਬਿਮਾਰ ਵਿਅਕਤੀਆਂ ਦਾ ਜਿਉਣਾ ਮੁਹਾਲ ਹੋ ਚੁੱਕਾ ਹੈ। ਪੰਜਾਬ ਸਰਕਾਰ ਆਮ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਤੋਂ ਹੋਈ ਨਾਕਾਮ ਸਾਬਿਤ : ਸਰਬਜੀਤ ਸਿੰਘ ਸਲਗਾਨੀਆ। ਸੀਨਿਅਰ ਕਾਂਗਰਸ ਆਗੂ ਅਤੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਸਕੱਤਰ ਸਰਬਜੀਤ ਸਿੰਘ ਸੋਨੂੰ ਸਲਗਾਨੀਆ ਨੇ ਕਿਹਾ ਕਿ ਮਾਨ ਸਰਕਾਰ ਪੰਜਾਬ ਵਾਸੀਆਂ ਨੂੰ ਜ਼ਰੂਰੀ ਬੁਨਿਆਦੀ ਸਹੂਲਤਾਂ ਦੇਣ ਵਿਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ। ਉਨਾਂ ਕਿਹਾ ਕਿ ਅੱਤ ਦੀ ਗਰਮੀ ਵਿਚ ਜਿੱਥੇ ਸਾਰਾ ਸਾਰਾ ਦਿਨ ਬਿਜਲੀ ਬੰਦ ਰੱਖੀ ਜਾ ਰਹਿ ਹੈ। ਉਥੇ ਰਾਤਾਂ ਨੂੰ ਵੀ ਵੱਡੇ-ਵੱਡੇ ਬਿਜਲੀ ਕੱਟ ਲਗਾ ਕੇ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਵੱਲੋਂ ਆਮ ਜਨਤਾ ਨੂੰ ਬੁਰੀ ਤਰ੍ਹਾਂ ਪਰੇਸ਼ਾਨ ਕੀਤਾ ਜਾ ਰਿਹਾ ਹੈ। ਲਗਾਤਾਰ ਬਿਜਲੀ ਬੰਦ ਕਾਰਨ ਦੁਕਾਨਦਾਰਾਂ ਦਾ ਵੀ ਹੋ ਰਿਹਾ ਵੱਡਾ ਨੁਕਸਾਨ : ਮਨਮੋਹਨ ਸਿੰਘ ਨਾਮਧਾਰੀ ਸਾਬਕਾ ਸਰਪੰਚ ਮਨਮੋਹਨ ਸਿੰਘ ਨਾਮਧਾਰੀ ਨੇ ਕਿਹਾ ਕਿ ਲਗਾਤਾਰ ਬਿਜਲੀ ਦੇ ਲੱਗ ਰਹੇ ਵੱਡੇ-ਵੱਡੇ ਕੱਟ ਦੀ ਵਜ੍ਹਾ ਨਾਲ ਜਿੱਥੇ ਆਮ ਲੋਕ ਬੇਹੱਦ ਪ੍ਰਭਾਵਤ ਹਨ ਉਥੇ ਇਸ ਦੀ ਵਜ੍ਹਾ ਨਾਲ ਦੁਕਾਨਦਾਰ ਵਰਗ ਦਾ ਵੀ ਵੱਡਾ ਨੁਕਸਾਨ ਹੋ ਰਿਹਾ ਹੈ। ਖ਼ਾਸਕਰ ਇਲੈਕਟ੍ਰੀਸ਼ੀਅਨ, ਵੈਲਡਿੰਗ ਕਰਨ ਵਾਲੇ ਦੁਕਾਨਦਾਰ ਸਾਰਾ ਸਾਰਾ ਦਿਨ ਖਾਲੀ ਬੈਠੇ ਰਹਿੰਦੇ ਹਨ, ਜੇਕਰ ਉਹ ਰਾਤ ਦੇ ਸਮੇਂ ਵੀ ਕੰਮ ਕਰਨਾ ਚਾਹੁਣ ਤਾਂ ਰਾਤ ਨੂੰ ਵੀ ਬਿਜਲੀ ਸਪਲਾਈ ਬਾਰੇ ਬਾਰ ਠੱਪ ਹੋ ਰਹੀ ਹੈ, ਜਿਸ ਕਰਕੇ ਉਨ੍ਹਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਬਿਜਲੀ ਸਪਲਾਈ ਬੰਦ ਹੋਣ ਕਾਰਨ ਘਰੇਲੂ ਔਰਤਾਂ ਨੂੰ ਵੀ ਹੋ ਰਹੀ ਪਰੇਸ਼ਾਨੀ : ਡਾ. ਜੋਗਾ ਸਿੰਘ ਸਾਬਕਾ ਸਰਪੰਚ ਡਾ. ਜੋਗਾ ਸਿੰਘ ਨੇ ਕਿਹਾ ਕਿ ਰਾਤ ਦੇ ਸਮੇਂ ਬਿਜਲੀ ਸਪਲਾਈ ਬੰਦ ਹੋਣ ਨਾਲ ਘਰੇਲੂ ਔਰਤਾਂ ਨੂੰ ਘਰ ਦੇ ਕੰਮ ਕਾਰ ਵਿਚ ਵੱਡੀ ਪ੍ਰੇਸ਼ਾਨੀ ਪੇਸ਼ ਆ ਰਹੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੀ ਲਗਾਤਾਰ ਕਮੀ ਕਾਰਨ ਨੇ ਘਰੇਲੂ ਕੰਮ ਕਾਜ ਨੂੰ ਬਹੁਤ ਮੁਸ਼ਕਿਲ ਬਣਾ ਦਿੱਤਾ ਹੈ। ਰਸੋਈ ਦੇ ਕੰਮ, ਪਾਣੀ ਦੀ ਸਪਲਾਈ ਅਤੇ ਬੱਚਿਆਂ ਦੀ ਪੜ੍ਹਾਈ ਸਾਰੇ ਹੀ ਪ੍ਰਭਾਵਤ ਹੋ ਰਹੇ ਹਨ, ਜਿਸ ਨਾਲ ਘਰੇਲੂ ਚਿੰਤਾਵਾਂ ਵਿੱਚ ਵਾਧਾ ਹੋ ਰਿਹਾ ਹੈ।