ਅਵਾਰਾ ਕੁੱਤਿਆਂ ਦੇ ਆਤੰਕ ‘ਤੇ ਨਗਰ ਕੌਂਸਲ ਦੀ ਵੱਡੀ ਕਾਰਵਾਈ
ਅਵਾਰਾ ਕੁੱਤਿਆਂ ਦੇ ਆਤੰਕ ‘ਤੇ ਨਗਰ ਕੌਂਸਲ ਦੀ ਵੱਡੀ ਕਾਰਵਾਈ
Publish Date: Fri, 01 May 2026 03:21 PM (IST)
Updated Date: Fri, 01 May 2026 03:23 PM (IST)

ਤਾਰਿਕ ਅਹਿਮਦ, ਪੰਜਾਬੀ ਜਾਗਰਣ ਕਾਦੀਆਂ: ਸ਼ਹਿਰ ਵਿੱਚ ਲਗਾਤਾਰ ਵੱਧ ਰਹੇ ਆਵਾਰਾ ਕੁੱਤਿਆਂ ਦੇ ਕਹਿਰ ਨੂੰ ਦੇਖਦਿਆਂ ਨਗਰ ਕੌਂਸਲ ਕਾਦੀਆਂ ਵੱਲੋਂ ਅੱਜ ਇੱਕ ਵੱਡੀ ਕਾਰਵਾਈ ਕੀਤੀ ਗਈ। ਕੌਂਸਲ ਦੀ ਵਿਸ਼ੇਸ਼ ਟੀਮ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਆਵਾਰਾ ਕੁੱਤਿਆਂ ਨੂੰ ਕਾਬੂ ਕਰ ਕੇ ਲੋਕਾਂ ਨੂੰ ਵੱਡੀ ਰਾਹਤ ਦਿਵਾਈ ਹੈ। ਇਥੇ ਇਹ ਦੱਸਦੇ ਚੱਲੀਏ ਕਿ ਪਿਛਲੇ ਕਈ ਦਿਨਾਂ ਤੋਂ ਸ਼ਹਿਰ ਵਾਸੀ ਆਵਾਰਾ ਕੁੱਤਿਆਂ ਦੀ ਵਧ ਰਹੀ ਗਿਣਤੀ ਕਾਰਨ ਭਾਰੀ ਪਰੇਸ਼ਾਨੀ ਵਿਚੋਂ ਲੰਘ ਰਹੇ ਸਨ ਕਿਉਂਕਿ ਸਵੇਰੇ ਸ਼ਾਮ ਇਨ੍ਹਾਂ ਕੁੱਤਿਆਂ ਵਲੋਂ ਝੁੰਡਾਂ ਵਿੱਚ ਘੁੰਮਦੇ ਹੋਏ ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ ’ਤੇ ਹਮਲਾ ਕਰ ਕੇ ਨਿਸ਼ਾਨਾ ਬਣਾਇਆ ਸੀ, ਜਿਸ ਨਾਲ ਸ਼ਹਿਰ ਵਿੱਚ ਡਰ ਦਾ ਮਾਹੌਲ ਬਣ ਗਿਆ ਸੀ। ਸਥਾਨਕ ਵਸਨੀਕਾਂ ਨੇ ਦੱਸਿਆ ਕਿ ਸਕੂਲ ਜਾਣ ਸਮੇਂ ਬੱਚੇ ਹਮੇਸ਼ਾ ਡਰੇ ਰਹਿੰਦੇ ਸਨ ਕਿਉਂਕਿ ਰਸਤੇ ਵਿੱਚ ਆਵਾਰਾ ਕੁੱਤੇ ਬੱਚਿਆਂ ਨੂੰ ਘੇਰ ਕੇ ਜ਼ਖਮੀ ਕਰ ਦਿੰਦੇ ਸਨ, ਜਿਸ ਨਾਲ ਮਾਪਿਆਂ ਵਿੱਚ ਚਿੰਤਾ ਵਧ ਗਈ ਸੀ। ਇਸ ਗੰਭੀਰ ਸਥਿਤੀ ਨੂੰ ਦੇਖਦਿਆਂ ਨਗਰ ਕੌਂਸਲ ਨੇ ਤੁਰੰਤ ਕਾਰਵਾਈ ਕਰਦਿਆਂ ਇੱਕ ਵਿਸ਼ੇਸ਼ ਟੀਮ ਤਾਇਨਾਤ ਕੀਤੀ, ਜਿਸ ਨੇ ਸ਼ਹਿਰ ਦੇ ਸੰਵੇਦਨਸ਼ੀਲ ਅਤੇ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਕੇ ਆਵਾਰਾ ਕੁੱਤਿਆਂ ਨੂੰ ਸੁਰੱਖਿਅਤ ਢੰਗ ਨਾਲ ਕਾਬੂ ਕੀਤਾ। ਕੌਂਸਲ ਅਧਿਕਾਰੀਆਂ ਨੇ ਦੱਸਿਆ ਕਿ ਇਹ ਕੁੱਤੇ ਕਿਸੇ ਨੂੰ ਨੁਕਸਾਨ ਨਾ ਪਹੁੰਚਾਉਣ, ਇਸ ਲਈ ਉਨ੍ਹਾਂ ਨੂੰ ਕਾਬੂ ਕਰਕੇ ਉਚਿਤ ਸਥਾਨਾਂ ‘ਤੇ ਭੇਜਿਆ ਜਾ ਰਿਹਾ ਹੈ, ਜਿੱਥੇ ਉਨ੍ਹਾਂ ਦੀ ਸੰਭਾਲ ਅਤੇ ਟੀਕਾਕਰਨ ਕੀਤਾ ਜਾਵੇਗਾ। ਇਸ ਮੌਕੇ ਗਗਨਦੀਪ ਸਿੰਘ ਅਤੇ ਸੈਬੀ ਸਾਬਕਾ ਐੱਮਸੀ ਨੇ ਨਗਰ ਕੌਂਸਲ ਦੇ ਇਸ ਉਪਰਾਲੇ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ ਤੇ ਸ਼ਹਿਰਵਾਸੀਆਂ ਨੇ ਸਵਾਗਤ ਕੀਤਾ।