ਪ੍ਰੇਮ ਨਗਰ ਰੋਡ 'ਤੇ ਦੇਰ ਰਾਤ ਵੱਡਾ ਹਾਦਸਾ, ਏਐੱਸਆਈ ਦੀ ਕਾਰ ਟ੍ਰਾਂਸਫਾਰਮਰ ਨਾਲ ਟਕਰਾਈ, ਬਿਜਲੀ ਸਪਲਾਈ ਪ੍ਰਭਾਵਿਤ

ਪਲਵਿੰਦਰ ਸਿੰਘ, ਪੰਜਾਬੀ ਜਾਗਰਣ
ਗੁਰਦਾਸਪੁਰ: ਸ਼ਹਿਰ ਦੇ ਪ੍ਰੇਮ ਨਗਰ ਰੋਡ ’ਤੇ ਦੇਰ ਰਾਤ ਉਸ ਸਮੇਂ ਵੱਡਾ ਹੰਗਾਮਾ ਹੋ ਗਿਆ ਜਦੋਂ ਪੰਜਾਬ ਪੁਲਿਸ ਦੇ ਇੱਕ ਏਐੱਸਆਈ ਦੀ ਕਾਰ ਸੜਕ ਕਿਨਾਰੇ ਲੱਗੇ ਟ੍ਰਾਂਸਫਾਰਮਰ ਦੇ ਖੰਭੇ ਨਾਲ ਟਕਰਾ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਖੰਭਾ ਪੂਰੀ ਤਰ੍ਹਾਂ ਡਿੱਗ ਗਿਆ ਅਤੇ ਉਸ ’ਤੇ ਲੱਗੇ ਦੋਵੇਂ ਟ੍ਰਾਂਸਫਾਰਮਰ ਵੀ ਟੁੱਟ ਕੇ ਹੇਠਾਂ ਆ ਡਿੱਗੇ। ਇਸ ਨਾਲ ਬਿਜਲੀ ਦੀਆਂ ਤਾਰਾਂ ਵੀ ਟੁੱਟ ਕੇ ਸੜਕ ਦੇ ਵਿਚਕਾਰ ਆ ਗਈਆਂ। ਚੰਗੀ ਗੱਲ ਇਹ ਰਹੀ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਅਫ਼ਸਰ ਤੇਜ਼ ਰਫ਼ਤਾਰ ਵਿੱਚ ਗੱਡੀ ਚਲਾ ਰਿਹਾ ਸੀ। ਇੱਕ ਕਾਰ ਨੂੰ ਓਵਰਟੇਕ ਕਰਨ ਤੋਂ ਬਾਅਦ ਉਸਨੇ ਸਿੱਧਾ ਟ੍ਰਾਂਸਫਾਰਮਰ ਵਾਲੇ ਖੰਭੇ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਅੱਗ ਦੀਆਂ ਲਪਟਾਂ ਉੱਠਦੀਆਂ ਵੀ ਫੁਟੇਜ ਵਿੱਚ ਦਿਖਾਈ ਦੇ ਰਹੀਆਂ ਹਨ। ਇਸ ਹਾਦਸੇ ਵਿੱਚ ਜਿੱਥੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਉੱਥੇ ਏਐੱਸਆਈ ਨੂੰ ਵੀ ਸੱਟਾਂ ਆਈਆਂ ਹਨ।
ਇਸ ਦੁਰਘਟਨਾ ਕਾਰਨ ਇਲਾਕੇ ਦੀ ਬਿਜਲੀ ਸਪਲਾਈ ਠੱਪ ਹੋ ਗਈ ਹੈ, ਜਿਸਨੂੰ ਬਹਾਲ ਕਰਨ ਵਿੱਚ ਕਈ ਦਿਨ ਲੱਗ ਸਕਦੇ ਹਨ। ਘਟਨਾ ਤੋਂ ਬਾਅਦ ਮੌਕੇ ’ਤੇ ਪਹੁੰਚੇ ਸਥਾਨਕ ਲੋਕਾਂ ਅਤੇ ਥਾਣਾ ਸਦਰ ਦੇ ਐੱਸਐੱਚਓ ਅਮਨਦੀਪ ਸਿੰਘ ਵਿਚਕਾਰ ਤਿੱਖੀ ਬਹਿਸ ਵੀ ਹੋਈ। ਲੋਕਾਂ ਦਾ ਦੋਸ਼ ਸੀ ਕਿ ਸਬੰਧਤ ਪੁਲਿਸ ਅਫ਼ਸਰ ਸ਼ਰਾਬ ਦੇ ਨਸ਼ੇ ਵਿੱਚ ਸੀ ਅਤੇ ਉਹ ਉਸਦਾ ਤੁਰੰਤ ਮੈਡੀਕਲ ਕਰਵਾਉਣ ਦੀ ਮੰਗ ਕਰ ਰਹੇ ਸਨ। ਹਾਲਾਂਕਿ ਏਐੱਸਆਈ, ਜੋ ਆਪਣੇ ਆਪ ਨੂੰ ਗੁਰੂ ਨਾਨਕ ਸਿੰਘ ਚੌਕੀ ਦੋਸਤਪੁਰ ਦਾ ਇੰਚਾਰਜ ਦੱਸ ਰਿਹਾ ਸੀ, ਨੇ ਸ਼ਰਾਬ ਪੀਣ ਵਾਲੀ ਗੱਲ ਤੋਂ ਸਾਫ ਇਨਕਾਰ ਕੀਤਾ। ਪੁਲਿਸ ਉਸਨੂੰ ਮੁੱਢਲੇ ਇਲਾਜ ਲਈ ਹਸਪਤਾਲ ਲੈ ਜਾਣ ਦੀ ਗੱਲ ਕਰ ਰਹੀ ਸੀ, ਪਰ ਸਥਾਨਕ ਲੋਕਾਂ ਦੀ ਮੰਗ ਸੀ ਕਿ ਉਨ੍ਹਾਂ ਦਾ ਨੁਮਾਇੰਦਾ ਵੀ ਨਾਲ ਲੈ ਜਾਇਆ ਜਾਵੇ ਤਾਂ ਜੋ ਡਾਕਟਰੀ ਜਾਂਚ ਪਾਰਦਰਸ਼ੀ ਤਰੀਕੇ ਨਾਲ ਹੋ ਸਕੇ।
ਜ਼ਿਕਰਯੋਗ ਹੈ ਕਿ ਤਿੰਨ ਦਿਨ ਪਹਿਲਾਂ ਵੀ ਇਸੇ ਇਲਾਕੇ ਵਿੱਚ ਇੱਕ ਹੋਰ ਪੁਲਿਸ ਅਫ਼ਸਰ ਵੱਲੋਂ ਸਬਜ਼ੀ ਵੇਚਣ ਵਾਲੇ ਦੀ ਰੇਹੜੀ ਵਿੱਚ ਗੱਡੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਵਿੱਚ ਇੱਕ ਗ਼ਰੀਬ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ। ਉੱਥੇ ਹੀ ਪਾਵਰਕਾਮ ਦੇ ਜੇਈ ਸੁਖਦੇਵ ਸਿੰਘ ਅਨੁਸਾਰ, ਇਸ ਹਾਦਸੇ ਵਿੱਚ ਕਰੀਬ 7 ਤੋਂ 8 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਦੋਵੇਂ ਟ੍ਰਾਂਸਫਾਰਮਰ, ਖੰਭਾ ਅਤੇ ਬਿਜਲੀ ਦੀਆਂ ਤਾਰਾਂ ਬੁਰੀ ਤਰ੍ਹਾਂ ਖ਼ਰਾਬ ਹੋ ਗਈਆਂ ਹਨ। ਦੋ ਫੀਡਰ ਇਸ ਲਾਈਨ ਨਾਲ ਜੁੜੇ ਹੋਣ ਕਾਰਨ ਸ਼ਹਿਰ ਦੇ ਵੱਡੇ ਹਿੱਸੇ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ। ਪਾਵਰਕਾਮ ਵੱਲੋਂ ਇਸ ਸਬੰਧੀ ਪੁਲਿਸ ਵਿਭਾਗ ਨੂੰ ਸ਼ਿਕਾਇਤ ਦਿੱਤੀ ਜਾਵੇਗੀ ਤਾਂ ਜੋ ਨੁਕਸਾਨ ਦੀ ਪੂਰੀ ਕਰਵਾਈ ਜਾ ਸਕੇ।
---ਪੂਰੀ ਰਾਤ ਬਿਜਲੀ ਬੰਦ ਹੋਣ ਲੋਕਾਂ ਨੂੰ ਝੱਲਣੀ ਪਈ ਪਰੇਸ਼ਾਨੀ---
ਕਾਰ ਦੀ ਟੱਕਰ ਤੋਂ ਬਾਅਦ ਟ੍ਰਾਂਸਫਾਰਮਰ ਵਿੱਚ ਹੋਏ ਨੁਕਸਾਨ ਕਾਰਨ ਬਿਜਲੀ ਸਪਲਾਈ ਬੰਦ ਹੋਣ ਦੇ ਚਲਦਿਆਂ ਸਬੰਧਤ ਇਲਾਕੇ ਵਿੱਚ ਪੂਰੀ ਰਾਤ ਬਿਜਲੀ ਸਪਲਾਈ ਪ੍ਰਭਾਵਿਤ ਰਹੀ। ਜਿਸ ਕਾਰਨ ਲੋਕਾਂ ਨੂੰ ਗਰਮੀ ਨਾਲ ਜੂਝਣਾ ਪਿਆ। ਘਰਾਂ ’ਚ ਲੱਗੇ ਇਨਵਰਟਰ ਵੀ ਦੇਰ ਰਾਤ ਨੂੰ ਜਵਾਬ ਦੇ ਗਏ। ਸਭ ਤੋਂ ਵੱਧ ਪਰੇਸ਼ਾਨੀ ਛੋਟੇ ਬੱਚਿਆਂ ਨੂੰ ਝੱਲਣੀ ਪਈ। ਬਿਜਲੀ ਸੇਵਾ ਸਵੇਰ ਤੱਕ ਵੀ ਬਹਾਲ ਨਾ ਹੋ ਸਕੀ। ਹਾਲਾਂਕਿ ਬਿਜਲੀ ਸਪਲਾਈ ਬਹਾਲ ਕਰਨ ਲਈ ਬਿਜਲੀ ਵਿਭਾਗ ਦੇ ਕਰਮਚਾਰੀ ਜੁਟੇ ਹੋਏ ਹਨ।