ਪੀਏਯੂ ਸਟੇਸ਼ਨ ਨੇੜੇ ਲੱਗੇ ਕੂੜੇ ਦੇ ਢੇਰ, ਨਗਰ ਕੌਂਸਲ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਲਿਖਿਆ ਪੱਤਰ
ਪੀਏਯੂ ਸਟੇਸ਼ਨ ਨੇੜੇ ਲੱਗੇ ਕੂੜੇ ਦੇ ਢੇਰ, ਨਗਰ ਕੌਂਸਲ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਲਿਖਿਆ ਪੱਤਰ
Publish Date: Fri, 01 May 2026 04:54 PM (IST)
Updated Date: Fri, 01 May 2026 04:56 PM (IST)

-ਪੁਰਾਣੇ ਰੁੱਖ ਹੋ ਰਹੇ ਨਸ਼ਟ, ਖੋਜ ਕਾਰਜਾਂ ’ਚ ਪੈ ਰਿਹੈ ਵਿਘਨ, ਆਵਾਰਾ ਕੁੱਤਿਆਂ ਨੇ ਵਧਾਈ ਪਰੇਸ਼ਾਨੀ ਸਰਬਜੀਤ ਚਾਹਲ, ਪੰਜਾਬੀ ਜਾਗਰਣ ਵਿਸ਼ੇਸ਼ ਪ੍ਰਤੀਨਿਧੀ ਗੁਰਦਾਸਪੁਰ : ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਦੇ ਖੇਤਰੀ ਸਟੇਸ਼ਨ ਗੁਰਦਾਸਪੁਰ ਦੀ ਬਾਊਂਡਰੀ ਵਾਲ ਕੋਲ ਲੱਗੇ ਕੂੜੇ ਦੇ ਢੇਰ ਇਕ ਵਾਰ ਫਿਰ ਚਰਚਾ ’ਚ ਆ ਗਏ ਹਨ। ਇਸ ਮਾਮਲੇ ਨੂੰ ਲੈ ਕੇ ਸਟੇਸ਼ਨ ਦੇ ਡਾਇਰੈਕਟਰ ਡਾ. ਹਰਪਾਲ ਸਿੰਘ ਰੰਧਾਵਾ ਨੇ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਸ਼ਿਕਾਇਤ ਕੀਤੀ ਸੀ ਜਿਸ ਤੋਂ ਬਾਅਦ ਨਗਰ ਕੌਂਸਲ ਨੇ ਉੱਥੋਂ ਕੂੜਾ ਹਟਾ ਤਾਂ ਦਿੱਤਾ ਸੀ ਪਰ ਕੁਝ ਦਿਨਾਂ ਬਾਅਦ ਹੀ ਮੁੜ ਕੂੜਾ ਸੁੱਟਣਾ ਸ਼ੁਰੂ ਕਰ ਦਿੱਤਾ ਗਿਆ। ਹੁਣ ਡਾਇਰੈਕਟਰ ਨੇ ਪੰਜਾਬ ਸਰਕਾਰ ਨੂੰ ਨਵਾਂ ਪੱਤਰ ਭੇਜ ਕੇ ਨਗਰ ਕੌਂਸਲ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਡਾ. ਰੰਧਾਵਾ ਨੇ ਪੱਤਰ ਵਿੱਚ ਲਿਖਿਆ ਹੈ ਕਿ ਪੰਜਾਬ ਸਰਕਾਰ ਇਨ੍ਹੀਂ ਦਿਨੀਂ ਪਰਾਲੀ ਅਤੇ ਕੂੜਾ ਸਾੜਨ ਖ਼ਿਲਾਫ਼ ਜ਼ੋਰਦਾਰ ਮੁਹਿੰਮ ਚਲਾ ਰਹੀ ਹੈ ਪਰ ਇਸ ਦੇ ਬਾਵਜੂਦ ਨਗਰ ਕੌਂਸਲ ਗੁਰਦਾਸਪੁਰ ਦੇ ਕਰਮਚਾਰੀ ਪੀਏਯੂ ਸਟੇਸ਼ਨ ਦੇ ਐੱਚ-ਬਲਾਕ (ਦੁੱਧ ਪਲਾਂਟ ਨੇੜੇ) ਦੇ ਖੇਤਾਂ ਦੇ ਆਸ-ਪਾਸ ਲਿਫ਼ਾਫ਼ੇ, ਡਿਸਪੋਜ਼ਲ ਕੱਪ, ਥਾਲੀ, ਕ੍ਰੋਕਰੀ ਤੇ ਹੋਰ ਘਰੇਲੂ ਕੂੜਾ ਸੁੱਟ ਰਹੇ ਹਨ। ਇਸ ਕੂੜੇ ’ਤੇ ਕੀੜੇ-ਮਕੌੜੇ ਪੈਦਾ ਹੋਣ ਲੱਗੇ ਹਨ ਅਤੇ ਆਵਾਰਾ ਕੁੱਤੇ ਵੀ ਆਉਂਦੇ ਹਨ, ਜਿਸ ਕਾਰਨ ਸਟੇਸ਼ਨ ਦੇ ਖੋਜ ਕਾਰਜਾਂ ਨੂੰ ਗੰਭੀਰ ਨੁਕਸਾਨ ਪਹੁੰਚ ਰਿਹਾ ਹੈ। ਡਾਇਰੈਕਟਰ ਮੁਤਾਬਕ ਇੱਥੇ ਕੂੜਾ ਸੁੱਟਣ ਨਾਲ ਆਲੇ-ਦੁਆਲੇ ਦੀਆਂ ਫ਼ਸਲਾਂ ਅਤੇ ਪ੍ਰਯੋਗਾਤਮਕ ਪਲਾਟਾਂ ’ਤੇ ਮਾੜਾ ਅਸਰ ਪੈ ਰਿਹਾ ਹੈ। ਦਿਹਾੜੀਦਾਰ ਮਜ਼ਦੂਰ ਵੀ ਕੀੜਿਆਂ ਕਾਰਨ ਖੇਤਾਂ ਵਿੱਚ ਕੰਮ ਕਰਨ ਤੋਂ ਝਿਜਕਦੇ ਹਨ। ਡਾ. ਰੰਧਾਵਾ ਨੇ ਇਹ ਵੀ ਦੱਸਿਆ ਕਿ ਅੰਗਰੇਜ਼ੀ ਹਕੂਮਤ ਵੇਲਿਓਂ ਇੱਥੇ ਅੰਬ ਦੇ ਰੁੱਖ ਲੱਗੇ ਹੋਏ ਸਨ, ਜਿਨ੍ਹਾਂ ਨੂੰ ਨਗਰ ਕੌਂਸਲ ਦੇ ਕਰਮਚਾਰੀਆਂ ਨੇ ਕੂੜਾ ਸੁੱਟ ਕੇ ਨਸ਼ਟ ਕਰ ਦਿੱਤਾ। ਪਿਛਲੇ ਸਾਲ ਅਗਸਤ ਵਿੱਚ ਸਟੇਸ਼ਨ ਨੇ ਇਸ ਥਾਂ ’ਤੇ ਦੇਸੀ ਅੰਬ, ਧਰੇਕ, ਨਿੰਮ ਅਤੇ ਸ਼ਹਿਤੂਤ ਦੇ ਰੁੱਖ ਲਗਾਏ ਸੀ ਅਤੇ ਤਾਰਾਂ ਦੀ ਵਾੜ ਵੀ ਲਗਾਈ ਸੀ ਪਰ ਕੌਂਸਲ ਕਰਮਚਾਰੀਆਂ ਨੇ ਮੁੜ ਕੂੜਾ ਸੁੱਟਣਾ ਸ਼ੁਰੂ ਕਰ ਦਿੱਤਾ। ਜਦੋਂ ਪ੍ਰਸ਼ਾਸਨ ਨੇ ਸਖ਼ਤੀ ਕੀਤੀ ਤਾਂ ਕੂੜਾ ਹਟਾਇਆ ਤਾਂ ਗਿਆ, ਪਰ ਉਸ ਪ੍ਰਕਿਰਿਆ ਵਿੱਚ ਕਈ ਨਵੇਂ ਲਗਾਏ ਰੁੱਖ ਵੀ ਨਸ਼ਟ ਹੋ ਗਏ। ਇਸ ਤੋਂ ਇਲਾਵਾ ਕੂੜੇ ’ਤੇ ਆਵਾਰਾ ਕੁੱਤਿਆਂ ਨੇ ਇੰਨੀ ਗਿਣਤੀ ਵਿੱਚ ਆਉਣਾ ਸ਼ੁਰੂ ਕਰ ਦਿੱਤਾ ਹੈ ਕਿ ਹਾਲ ਹੀ ’ਚ ਇੱਕ ਦਿਹਾੜੀਦਾਰ ਮਜ਼ਦੂਰ ਨੂੰ ਕੁੱਤੇ ਨੇ ਵੱਢ ਲਿਆ। ਮਜ਼ਦੂਰ ਦੇ ਜ਼ਖ਼ਮੀ ਹੋਣ ਕਾਰਨ ਸਟੇਸ਼ਨ ਮੁਲਾਜ਼ਮਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਡਾ. ਰੰਧਾਵਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਕੂੜੇ ਦੇ ਢੇਰ ਨੂੰ ਬਾਊਂਡਰੀ ਕੋਲੋਂ ਸਥਾਈ ਤੌਰ ’ਤੇ ਹਟਾਇਆ ਜਾਵੇ ਅਤੇ ਨਗਰ ਕੌਂਸਲ ਖ਼ਿਲਾਫ਼ ਪੰਜਾਬ ਰੁੱਖ ਬਚਾਓ ਐਕਟ 2025 ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵਾਰ-ਵਾਰ ਸ਼ਿਕਾਇਤ ਦੀ ਅਣਦੇਖੀ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਪੀਏਯੂ ਖੇਤਰੀ ਸਟੇਸ਼ਨ ਗੁਰਦਾਸਪੁਰ ਵਿੱਚ ਖੇਤੀਬਾੜੀ, ਬਾਗਬਾਨੀ ਨਾਲ ਜੁੜੇ ਕਈ ਅਹਿਮ ਖੋਜ ਪ੍ਰੋਜੈਕਟ ਚੱਲ ਰਹੇ ਹਨ, ਅਜਿਹੇ ਵਿੱਚ ਇੱਥੇ ਕੂੜਾ ਸੁੱਟਿਆ ਜਾਣਾ ਵਿਗਿਆਨਕ ਅਧਿਐਨਾਂ ਲਈ ਵੱਡਾ ਖ਼ਤਰਾ ਬਣ ਗਿਆ ਹੈ।