ਕਿਰਤੀ ਕਿਸਾਨ ਯੂਨੀਅਨ ਨੇ ਸਾੜਿਆ ਪੰਜਾਬ ਦੇ ਗਵਰਨਰ ਦਾ ਪੁਤਲਾ
ਕਿਰਤੀ ਕਿਸਾਨ ਯੂਨੀਅਨ ਨੇ ਸਾੜਿਆ ਪੰਜਾਬ ਦੇ ਗਵਰਨਰ ਦਾ ਪੁਤਲਾ
Publish Date: Sat, 16 May 2026 04:44 PM (IST)
Updated Date: Sun, 17 May 2026 04:03 AM (IST)
ਰਵਿੰਦਰ ਠਾਕੁਰ, ਪੰਜਾਬੀ ਜਾਗਰਣ
ਬਹਿਰਾਮਪੁਰ: ਕਿਰਤੀ ਕਿਸਾਨ ਯੂਨੀਅਨ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਸਰਹੱਦੀ ਖੇਤਰ ਦੇ ਬਲਾਕ ਦੋਰਾਂਗਲਾ ਦੇ ਕਸਬਾ ਬਹਿਰਾਮਪੁਰ ਦੇ ਅੱਡੇ ਵਿਖੇ ਕੇਂਦਰ ਦੀ ਸਰਕਾਰ ਵੱਲੋਂ ਨਿਯੁਕਤ ਪੰਜਾਬ ਦੇ ਗਵਰਨਰ ਦਾ ਪੁਤਲਾ ਸਾੜ ਕੇ ਸਖ਼ਤ ਰੋਸ ਪ੍ਰਗਟਾਇਆ ਗਿਆ। ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸਤਿਬੀਰ ਸਿੰਘ ਸੁਲਤਾਨੀ ਅਤੇ ਜ਼ਿਲ੍ਹਾ ਪ੍ਰਧਾਨ ਤਰਲੋਕ ਸਿੰਘ ਬਹਿਰਾਮਪੁਰ ਨੇ ਕਿਹਾ ਕਿ ਕੇਂਦਰ ਦੀ ਫਾਸ਼ੀਵਾਦੀ ਸਰਕਾਰ ਨੇ ਪੰਜਾਬ ਦੀਆਂ ਹਾਕਮ ਜਮਾਤਾਂ ਦੀਆਂ ਪਾਰਟੀਆਂ ਅਤੇ ਉਨ੍ਹਾਂ ਦੇ ਆਗੂਆਂ ਦੀਆਂ ਨਿੱਜੀ ਤੇ ਰਾਜਨੀਤਕ ਮਜਬੂਰੀਆਂ ਦਾ ਫਾਇਦਾ ਚੁੱਕ ਕੇ ਪੰਜਾਬ ਦੇ ਦਰਿਆਵਾਂ, ਡੈਮਾਂ ਉਤੇ ਕਬਜ਼ਾ ਕਰ ਲਿਆ ਹੈ ਅਤੇ ਚੰਡੀਗੜ੍ਹ ਨੂੰ ਕੇਂਦਰੀ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਬਿਜਲੀ ਖੇਤਰ ਵੀ ਕੇਂਦਰ ਦੀ ਮੋਦੀ ਸਰਕਾਰ ਦੇ ਕੰਟਰੋਲ ਹੇਠ ਆ ਚੁੱਕਾ ਹੈ।
ਆਗੂਆਂ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਚੰਡੀਗੜ੍ਹ ਰੈਲੀ ਵਿੱਚ ਸ਼ਾਮਲ ਹੋਣ ਉਪਰੰਤ ਨਾਅਰੇਬਾਜ਼ੀ ਕਰਦੇ ਹੋਏ ਗਵਰਨਰ ਹਾਊਸ ਵੱਲ ਰੋਸ ਮਾਰਚ ਕੀਤਾ ਗਿਆ। ਉੱਥੇ ਪੁਲਿਸ ਵੱਲੋਂ ਮੁਜ਼ਾਹਰਾ ਕਰ ਰਹੇ ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ ਅਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ। ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ’ਤੇ ਪੰਜਾਬ ਦੇ ਅਰਥਚਾਰੇ ਨੂੰ ਬਰਬਾਦ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਪ੍ਰਤੀ ਲੀਟਰ 3-3 ਰੁਪਏ ਦਾ ਵਾਧਾ ਕੀਤਾ ਹੈ। ਇਸ ਤੋਂ ਇਲਾਵਾ 5 ਕਿਲੋ ਦੀ ਜ਼ਿੰਕ ਦੀ ਥੈਲੀ ’ਤੇ 200 ਰੁਪਏ ਅਤੇ ਪੋਟਾਸ਼ ਖਾਦ ਦੀ ਕੀਮਤ ਵਿੱਚ 175 ਰੁਪਏ ਪ੍ਰਤੀ ਬੈਗ ਵਾਧਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਵੱਲੋਂ ਕਿਸਾਨਾਂ ਨੂੰ ਡੀਜ਼ਲ, ਪੈਟਰੋਲ ਅਤੇ ਖਾਦ ਦੀ ਅੱਧੀ ਵਰਤੋਂ ਕਰਨ ਦੇ ਉਪਦੇਸ਼ ਦਿੱਤੇ ਜਾ ਰਹੇ ਹਨ, ਤਾਂ ਜੋ ਫਸਲਾਂ ਦਾ ਝਾੜ ਘਟੇ, ਖਰਚੇ ਵਧਣ ਅਤੇ ਪੰਜਾਬ ਦਾ ਕਿਸਾਨ ਬਰਬਾਦ ਹੋਵੇ, ਜਦਕਿ ਤੇਲ ਅਤੇ ਖਾਦ ਕੰਪਨੀਆਂ ਦੇ ਮੁਨਾਫਿਆਂ ਵਿੱਚ ਵਾਧਾ ਕਰਨ ਲਈ ਇਨ੍ਹਾਂ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ। ਇਸ ਮੌਕੇ ਚੰਨਣ ਸਿੰਘ ਦੋਰਾਂਗਲਾ, ਅਜੀਤ ਸਿੰਘ ਮੱਲੀਆਂ, ਜਰਨੈਲ ਸਿੰਘ ਝਬਕਰਾ, ਸੁਖਦੇਵ ਰਾਜ ਬਹਿਰਾਮਪੁਰ, ਮਾਸਟਰ ਤਰਸੇਮ ਸਿੰਘ ਸੁਲਤਾਨੀ, ਮੋਹਕਮ ਸਿੰਘ, ਧੀਰ ਸਿੰਘ, ਭਜਨ ਸਿੰਘ ਅਤੇ ਮਹਿੰਦਰ ਸਿੰਘ ਕਜਲੇ ਝੂੰਬਰ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਅਤੇ ਵਰਕਰ ਸ਼ਾਮਲ ਹੋਏ।