ਜਗਪ੍ਰੀਤ ਸਿੰਘ ਨੇ ਯੂਜੀਸੀ ਨੈੱਟ ਪ੍ਰੀਖਿਆ ਕੀਤੀ ਪਾਸ
ਗੁਰੂ ਨਾਨਕ ਕਾਲਜ ਦੇ ਜਗਪ੍ਰੀਤ ਸਿੰਘ ਨੇ ਯੂਜੀਸੀ ਨੈੱਟ ਪ੍ਰੀਖਿਆ ਕੀਤੀ ਪਾਸ
Publish Date: Sat, 09 May 2026 04:06 PM (IST)
Updated Date: Sun, 10 May 2026 04:01 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਟਾਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਹੇਠ ਗੁਰੂ ਨਾਨਕ ਕਾਲਜ ਸਿੱਖਿਆ ਦੇ ਖੇਤਰ ਵਿੱਚ ਲਗਾਤਾਰ ਨਵੀਆਂ ਉੱਚਾਈਆਂ ਨੂੰ ਛੂਹ ਰਿਹਾ ਹੈ। ਕਾਲਜ ਦੇ ਪੋਸਟਗ੍ਰੈਜੂਏਟ ਪੰਜਾਬੀ ਵਿਭਾਗ ਦੇ ਵਿਦਿਆਰਥੀ ਜਗਪ੍ਰੀਤ ਸਿੰਘ ਨੇ ਸੈਸ਼ਨ 2025-26 ਦੌਰਾਨ ਯੂਜੀਸੀ-ਨੈੱਟ (ਜੂਨੀਅਰ ਰਿਸਰਚ ਫੈਲੋਸ਼ਿਪ) ਵਰਗੀ ਵੱਕਾਰੀ ਅਤੇ ਪ੍ਰਤੀਯੋਗੀ ਪ੍ਰੀਖਿਆ ਪਾਸ ਕਰਕੇ ਕਾਲਜ, ਆਪਣੇ ਮਾਪਿਆਂ ਅਤੇ ਸਮੂਹ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਹ ਉਪਲਬਧੀ ਨਾ ਸਿਰਫ਼ ਵਿਦਿਆਰਥੀ ਦੀ ਅਟੱਲ ਮਿਹਨਤ ਅਤੇ ਲਗਨ ਦਾ ਪ੍ਰਤੀਕ ਹੈ, ਸਗੋਂ ਕਾਲਜ ਵਿੱਚ ਮਿਲ ਰਹੀ ਉੱਚ ਪੱਧਰੀ ਸਿੱਖਿਆ ਅਤੇ ਅਧਿਆਪਕਾਂ ਦੀ ਯੋਗ ਰਹਿਨੁਮਾਈ ਦਾ ਵੀ ਸਬੂਤ ਹੈ। ਇਸ ਸ਼ਾਨਦਾਰ ਕਾਮਯਾਬੀ ‘ਤੇ ਕਾਲਜ ਪ੍ਰਿੰਸੀਪਲ ਡਾ. ਚਰਨਜੀਤ ਸਿੰਘ ਨੇ ਜਗਪ੍ਰੀਤ ਸਿੰਘ ਨੂੰ ਵਿਸ਼ੇਸ਼ ਤੌਰ ‘ਤੇ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਜਗਪ੍ਰੀਤ ਸਿੰਘ ਭਵਿੱਖ ਵਿੱਚ ਵੀ ਖੋਜ ਅਤੇ ਸਿੱਖਿਆ ਦੇ ਖੇਤਰ ਵਿੱਚ ਨਵੀਆਂ ਮੰਜ਼ਿਲਾਂ ਹਾਸਲ ਕਰਕੇ ਪੰਜਾਬੀ ਸਾਹਿਤ ਅਤੇ ਅਕਾਦਮਿਕ ਜਗਤ ਵਿੱਚ ਵਿਲੱਖਣ ਪਛਾਣ ਬਣਾਵੇਗਾ। ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਬੀਰ ਸਿੰਘ ਨੇ ਕਿਹਾ ਕਿ ਯੂ.ਜੀ.ਸੀ.-ਨੈੱਟ ਜੇ.ਆਰ.ਐਫ. ਵਰਗੀ ਔਖੀ ਅਤੇ ਪ੍ਰਤੀਯੋਗੀ ਪ੍ਰੀਖਿਆ ਨੂੰ ਪਹਿਲੀ ਕੋਸ਼ਿਸ਼ ਵਿੱਚ ਪਾਸ ਕਰਨਾ ਬਹੁਤ ਵੱਡੀ ਪ੍ਰਾਪਤੀ ਹੈ। ਇਸ ਮੌਕੇ ਪ੍ਰੋ. ਨਵਤੇਜ ਕੌਰ ਬੇਦੀ, ਡਾ. ਮਨਦੀਪ ਕੌਰ, ਡਾ. ਹਰਮੀਤ ਕੌਰ ਅਤੇ ਪ੍ਰੋ. ਅਮਨਪ੍ਰੀਤ ਕੌਰ ਤੋਂ ਇਲਾਵਾ ਸਮੂਹ ਸਟਾਫ ਮੈਂਬਰਾਂ ਨੇ ਵੀ ਜਗਪ੍ਰੀਤ ਸਿੰਘ ਨੂੰ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।