ਜਗਮੀਤ ਕੌਰ ਸੁੱਖਾ ਰਾਜੂ ਦਾ ਪੰਜਾਬ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨ
ਤਲਵਾਰਬਾਜ਼ੀ ਦੀ ਦੁਨੀਆਂ 'ਚ ਧੁੰਮਾ ਪਾਉਣ ਵਾਲੀ ਜਗਮੀਤ ਕੌਰ ਸੁੱਖਾ ਰਾਜੂ ਦਾ ਪੰਜਾਬ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨ
Publish Date: Sun, 24 May 2026 06:55 PM (IST)
Updated Date: Mon, 25 May 2026 04:11 AM (IST)

- ਸੋਨੇ, ਚਾਂਦੀ ਤੇ ਕਾਂਸੀ ਦੇ ਬੇਸ਼ਮਾਰ ਤਮਗੇ ਜਿੱਤ ਚੁੱਕੀ ਐ ਕੋਚ ਜਗਮੀਤ ਕੌਰ ਜੀਆਰਪੀ- ਮਹਾਰਾਜਾ ਰਣਜੀਤ ਸਿੰਘ ਐਵਾਰਡ ਪ੍ਰਾਪਤ ਕਰਨ ਵਾਲੀ ਅੰਤਰਰਾਸ਼ਟਰੀ ਖਿਡਾਰਣ ਤੇ ਕੋਚ ਜਗਮੀਤ ਕੌਰ ਸੁੱਖਾ ਰਾਜੂ। ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਕਲਾਨੌਰ : ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਸੁੱਖਾ ਰਾਜੂ ਦੇ ਅਗਾਂਹਵਧੂ ਕਿਸਾਨ ਤੇ ਕੌਮਾਂਤਰੀ ਕਬੱਡੀ ਖਿਡਾਰੀ ਮਨਜੋਤ ਸਿੰਘ ਸੁੱਖਾ ਰਾਜੂ ਦੀ ਭੈਣ ਜਗਮੀਤ ਕੌਰ ਸੁੱਖਾ ਰਾਜੂ ਦਾ ਪੰਜਾਬ ਸਰਕਾਰ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਫੈਂਸਿੰਗ ਖੇਡ ’ਚ ਵਧੀਆ ਪ੍ਰਦਰਸ਼ਨ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨ ਕਰਨ ’ਤੇ ਸਰਹੱਦੀ ਜ਼ਿਲ੍ਹਾ ਦੇ ਇਲਾਕੇ ’ਚ ਖੁਸ਼ੀ ਦੀ ਲਹਿਰ ਪਈ ਜਾ ਰਹੀ ਹੈ। ਜਗਮੀਤ ਕੌਰ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਪ੍ਰਾਪਤ ਹੋਣ ’ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਹਰਉਪਿੰਦਰਪਾਲ ਸਿੰਘ ਬੱਬੂ ਸੁੱਖਾ ਰਾਜੂ ਨੇ ਕਿਹਾ ਕਿ ਅਜੋਕੇ ਸਮੇਂ ’ਚ ਧੀਆਂ ਪੁੱਤਾਂ ਵਾਂਗ ਹੀ ਹਰ ਖੇਤਰ ’ਚ ਮੱਲਾਂ ਮਾਰ ਕੇ ਆਪਣੇ ਮਾਪਿਆਂ ਦਾ ਨਾਂ ਦੁਨੀਆ ਭਰ ’ਚ ਚਮਕਾ ਰਹੀਆਂ ਹਨ ਅਤੇ ਉਸ ਨੂੰ ਵੀ ਆਪਣੀ ਧੀ ਜਗਮੀਤ ਕੌਰ ’ਤੇ ਮਾਨ ਹੈ। ਜ਼ਿਕਰਯੋਗ ਹੈ ਕਿ ਭਾਰਤ-ਪਾਕਿ ਸਰਹੱਦੀ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਸੁੱਖਾ ਰਾਜੂ ਦੀ ਜੰਮਪਲ ਧੀ ਜਗਮੀਤ ਕੌਰ ਸੁੱਖਾ ਰਾਜੂ ਵੱਲੋਂ ਬੇਸ਼ੁਮਾਰ ਸੋਨੇ ਦੇ ਤਮਗੇ ਤਲਵਾਰਬਾਜ਼ੀ ਖੇਤਰ ’ਚ ਹਾਸਲ ਕਰ ਕੇ ਆਪਣਾ, ਆਪਣੇ ਪਿਤਾ ਬਰਿੰਦਰਪਾਲ ਸਿੰਘ ਅਤੇ ਮਾਤਾ ਅਮਰਦੀਪ ਕੌਰ ਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਉਸ ਵਲੋਂ ਸ੍ਰੀ ਹਰਿਕ੍ਰਿਸ਼ਨ ਪਬਲਿਕ ਸਕੂਲ ਮੱਲ੍ਹਿਅਵਾਲ ਦੇ ਚੇਅਰਮੈਨ ਬੂਟਾ ਸਿੰਘ ਬੈਂਸ ਤੇ ਡਾਇਰੈਕਟਰ ਬਲਜਿੰਦਰ ਸਿੰਘ ਬੈਂਸ ਦੀ ਪ੍ਰੇਰਨਾ ਸਦਕਾ ਤੇ ਕੌਮਾਂਤਰੀ ਕੋਚ ਰਜਿੰਦਰ ਸਿੰਘ ਦੀ ਕੋਚਿੰਗ ਕਾਰਨ ਜਗਮੀਤ ਕੌਰ ਜ਼ਿਲ੍ਹਾ, ਸਟੇਟ ਨੈਸ਼ਨਲ ਤੇ ਕੌਮਾਂਤਰੀ ਪੱਧਰ ਤੇ ਸੋਨੇ, ਚਾਂਦੀ ਤੇ ਕਾਂਸੀ ਦੇ ਕਰੀਬ 125 ਤੋਂ ਵੱਧ ਮੈਡਲ ਜਿੱਤ ਚੁੱਕੀ ਹੈ। ਜਗਮੀਤ ਕੌਰ ਸੁੱਖਾ ਰਾਜੂ ਸ੍ਰੀ ਹਰਿਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੱਲ੍ਹਿਆਵਾਲ ਮਗਰੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ’ਚ ਪੜ੍ਹਾਈ ਕਰਨ ਤੋਂ ਬਾਅਦ ਤਲਵਾਰਬਾਜ਼ੀ ਦੀ ਪ੍ਰਸਿੱਧ ਕੋਚ ਵਜੋਂ ਸੇਵਾਵਾਂ ਨਿਭਾਅ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਪੂਨੇ ’ਚ ਹੋਈ 33ਵੀਂ ਸੀਨੀਅਰ ਨੈਸ਼ਨਲ ਤਲਵਾਰਬਾਜ਼ੀ (ਫੈਸਿੰਗ) ਦੇ ਸੈਮੀਫਾਈਨਲ ਮੁਕਾਬਲੇ ’ਚ ਤਾਮਿਲਨਾਡੂ ਦੀ ਭਾਵਨਾ ਦੇਵੀ, ਜਿਸ ਨੂੰ ਇੰਡੀਅਨ ਓਲੰਪੀਅਨ ਖੇਡਣ ਦਾ ਮਾਣ ਪ੍ਰਾਪਤ ਹੈ, ਤੇ ਜਗਮੀਤ ਕੌਰ ਸੁੱਖਾ ਰਾਜੂ ਦਰਮਿਆਨ ਹੋਏ ਮੁਕਾਬਲੇ ’ਚ ਪਹਿਲੇ ਹਾਫ 8-8 ਸਕੌਰ ਬਰਾਬਰ ਤੇ ਦੂਸਰੇ ਗੇੜ ’ਚ ਭਾਵਨਾ ਦੇਵੀ ਜਗਮੀਤ ਨਾਲ ਮੁਕਾਬਲੇ ਦੌਰਾਨ 11-12 ਅੰਕਾਂ ਨਾਲ ਜੇਤੂ ਰਹੀ ਸੀ। ਜਗਮੀਤ ਕੌਰ ਵੱਲੋਂ ਅੰਤਰਰਾਸ਼ਟਰੀ ਪੱਧਰ ਦੀਆਂ ਪ੍ਰਾਪਤੀਆਂ ਦੌਰਾਨ ਦੱਖਣੀ ਏਸ਼ੀਅਨ ਖੇਡਾਂ ਨੇਪਾਲ ’ਚ ਗੋਲਡ, ਸੀਨੀਅਰ ਕਾਮਨਵੈਲਥ ਫੈਂਸਿੰਗ ਚੈਂਪੀਅਨਸ਼ਿਪ ਦੌਰਾਨ ਕਾਂਸੀ, ਏਸ਼ੀਅਨ ਫੈਂਸਿੰਗ ਚੈਂਪੀਅਨਸ਼ਿਪ ਜਾਪਾਨ, ਜੂਨੀਅਰ ਵਿਸ਼ਵ ਤਲਵਾਰਬਾਜ਼ੀ ਚੈਂਪੀਅਨਸ਼ਿਪ, ਮਿਸਰ ਵਿਸ਼ਵ ਕੱਪ ਟਿਊਨੀਸ਼ੀਆ, ਸੀਨੀਅਰ ਕਾਮਨਵੈਲਥ ਫੈਂਸਿੰਗ ਚੈਂਪੀਅਨਸ਼ਿਪ ਆਸਟ੍ਰੇਲੀਆ, ਕੈਡੇਟ ਏਸ਼ੀਅਨ ਫੈਂਸਿੰਗ ਚੈਂਪੀਅਨਸ਼ਿਪ ਥਾਈਲੈਂਡ, ਏਸ਼ੀਅਨ ਕੈਡੇਟ ਸਰਕਟ, ਥਾਈਲੈਂਡ ਤੋਂ ਇਲਾਵਾ ਕੌਮੀ ਪੱਧਰ ਦੀਆਂ ਖੇਡਾਂ ਦੌਰਾਨ ਰਾਸ਼ਟਰੀ ਖੇਡਾਂ ਗੁਜਰਾਤ ਚ ਵਿਅਕਤੀਗਤ ਚਾਂਦੀ ਦਾ ਮੈਡਲ ਜਿੱਤਣ ਤੋਂ ਇਲਾਵਾ ਆਲ ਇੰਡੀਆ ਇੰਟਰ ਯੂਨੀਵਰਸਿਟੀ 2019 ਵੱਲੋਂ ਕਰਵਾਏ ਮੁਕਾਬਲੇ ਦੌਰਾਨ 2 ਗੋਲਡ ਮੈਡਲ, 2020 ’ਚ 2 ਗੋਲਡ ਮੈਡਲ, (ਟੀਮ ਤੇ ਵਿਅਕਤੀਗਤ), 2021 ’ਚ 2 ਗੋਲਡ (ਟੀਮ ਤੇ ਵਿਅਕਤੀਗਤ), 2022 ’ਚ 2 ਗੋਲਡ (ਟੀਮ ਤੇ ਵਿਅਕਤੀਗਤ) ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ’ਚ 1 ਗੋਲਡ ਤੇ 1 ਸਿਲਵਰ ਤਮਗਾ ਜਿੱਤਿਆ। ਇਸ ਤੋਂ ਇਲਾਵਾ ਜਗਮੀਤ ਕੌਰ ਨੇ ਸੀਨੀਅਰ ਰਾਸ਼ਟਰੀ ਤਲਵਾਰਬਾਜ਼ੀ ਚੈਂਪੀਅਨਸ਼ਿਪ ’ਚ ਹੁਣ ਤੱਕ ਗੋਲਡ ਦੇ 15 ਮੈਡਲ, ਖੇਲੋ ਇੰਡੀਆ ਮਹਿਲਾ ਲੀਗ ਦੇ ਪਹਿਲਾ ਪੜਾਅ 1 ਗੋਲਡ, ਜੂਨੀਅਰ ਨੈਸ਼ਨਲ ਫੈਂਸਿੰਗ ਚੈਂਪੀਅਨਸ਼ਿਪ ’ਚ 3 ਗੋਲਡ, 2 ਸਿਲਵਰ ਤੇ 1 ਬ੍ਰਾਊਨਜ਼ ਸਮੇਤ 6 ਤਗਮੇ, ਸਕੂਲ ਨੈਸ਼ਨਲ ਫੈਂਸਿੰਗ ਚੈਂਪੀਅਨਸ਼ਿਪ (14, 17, 19 ਤੋਂ ਘੱਟ) ’ਚ 4 ਗੋਲਡ ਤਗਮਿਆਂ ਸਮੇਤ 7 ਤਗਮੇ, ਅੰਡਰ 23 ਰਾਸ਼ਟਰੀ ਚੈਂਪੀਅਨਸ਼ਿਪ ’ਚ 1 ਗੋਲਡ ਤੇ 1 ਸਿਲਵਰ ਤਮਗੇ ਜਿੱਤ ਚੁੱਕੀ ਹੈ। ਦੱਸਣਯੋਗ ਹੈ ਕਿ ਜਗਮੀਤ ਕੌਰ ਸੁੱਖਾ ਰਾਜੂ ਨਾਲ 33ਵੀਂ ਸੀਨੀਅਰ ਨੈਸ਼ਨਲ ਫੈਸਿੰਗ ਖੇਡਣ ਵਾਲੀ ਤਾਮਿਲਨਾਡੂ ਦੀ ਭਾਵਨਾ ਦੇਵੀ, ਪਿਛਲੇ 10 ਸਾਲ ਤੋਂ ਵਿਦੇਸ਼ਾਂ ’ਚ ਸਰਕਾਰੀ ਖਰਚ ’ਤੇ ਕੋਚਿੰਗ ਕਰ ਰਹੀ ਹੈ, ਜਦਕਿ ਜਗਮੀਤ ਕੌਰ ਗੁਰੂ ਨਾਨਕ ਦੇਵ ਯੂਨੀਵਰਸਿਟੀ ’ਚ ਸਿਖਲਾਈ ਪ੍ਰਾਪਤ ਕਰਨ ਉਪਰੰਤ ਕੋਚ ਵਜੋਂ ਵਧੀਆ ਭੂਮਿਕਾ ਨਿਭਾ ਰਹੀ ਹੈ।