ਨਿਊ ਐੱਮਸੀ ਮਾਰਕੀਟ ਦੀ ਸੜਕ ਬਣਾਉਣ ਦੇ ਕੰਮ ਦਾ ਨਿਰੀਖਣ
ਨਿਊ ਐਮਸੀ ਮਾਰਕੀਟ ਦੀ ਸੜਕ ਬਣਾਉਣ ਦੇ ਕੰਮ ਦਾ ਨਿਰੀਖਣ
Publish Date: Sat, 21 Feb 2026 05:00 PM (IST)
Updated Date: Sun, 22 Feb 2026 04:04 AM (IST)

ਅੰਕੁਰ ਮਹਾਜਨ, ਪੰਜਾਬੀ ਜਾਗਰਣ, ਪਠਾਨਕੋਟ :ਸ਼ਹਿਰ ਦੀ ਨਿਊ ਐੱਮਸੀ ਮਾਰਕੀਟ ’ਚ ਲੰਮੇ ਸਮੇਂ ਤੋਂ ਚੱਲ ਰਹੀ ਸੜਕ ਸਮੱਸਿਆ ਦੇ ਹੱਲ ਲਈ ਭਾਜਪਾ ਵਿਧਾਇਕ ਅਤੇ ਪੰਜਾਬ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਮੌਕੇ ’ਤੇ ਪਹੁੰਚ ਕੇ ਚੱਲ ਰਹੇ ਨਿਰਮਾਣ ਕਾਰਜ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਮਾਰਕੀਟ ਦੇ ਵਪਾਰੀਆਂ ਅਤੇ ਸਥਾਨਕ ਵਸਨੀਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਨਾਲ ਸੁਣਿਆ। ਉਨ੍ਹਾਂ ਕਿਹਾ ਕਿ ਲੱਗਭੱਗ 28 ਸਾਲਾਂ ਤੋਂ ਮਾਰਕੀਟ ਦੀ ਸੜਕ ਖ਼ਸਤਾਹਾਲ ਹੋਣ ਕਾਰਨ ਖ਼ਾਸਕਰ ਬਰਸਾਤੀ ਮੌਸਮ ਦੌਰਾਨ ਦੁਕਾਨਦਾਰਾਂ ਨੂੰ ਭਾਰੀ ਨੁਕਸਾਨ ਝੱਲਣਾ ਪੈਂਦਾ ਰਿਹਾ ਹੈ। ਪਾਣੀ ਭਰ ਜਾਣ ਅਤੇ ਚਿਕੜ ਕਾਰਨ ਗਾਹਕਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਅਤੇ ਕਾਰੋਬਾਰ ਤੇ ਵੀ ਮੰਦਾ ਪ੍ਰਭਾਵ ਪਿਆ। ਅਸ਼ਵਨੀ ਸ਼ਰਮਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਬਣੀਆਂ ਸੜਕਾਂ ਅਤੇ ਸਰਕਾਰੀ ਇਮਾਰਤਾਂ ਅੱਜ ਵੀ ਮਜ਼ਬੂਤੀ ਨਾਲ ਖੜ੍ਹੀਆਂ ਹਨ, ਜੋ ਗੁਣਵੱਤਾ ਵਾਲੇ ਕੰਮ ਦੀ ਮਿਸਾਲ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਕਿਸੇ ਠੇਕੇਦਾਰ ਵੱਲੋਂ ਘਟੀਆ ਸਮੱਗਰੀ ਦੀ ਵਰਤੋਂ ਕੀਤੀ ਗਈ ਤਾਂ ਉਸਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਸ਼ਹਿਰ ਵਾਸੀਆਂ ਵੱਲੋਂ ਵੀ ਡੱਟ ਕੇ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਸੰਬੰਧਤ ਵਿਭਾਗ ਨੂੰ ਹੁਕਮ ਦਿੱਤਾ ਕਿ ਨਿਰਮਾਣ ਕਾਰਜ ਵਿੱਚ ਪੂਰੀ ਪਾਰਦਰਸ਼ਤਾ ਅਤੇ ਮਿਆਰੀ ਸਮੱਗਰੀ ਦੀ ਵਰਤੋਂ ਯਕੀਨੀ ਬਣਾਈ ਜਾਵੇ, ਤਾਂ ਜੋ ਨਵੀਂ ਸੜਕ ਲੰਬੇ ਸਮੇਂ ਤੱਕ ਟਿਕਾਊ ਸਾਬਤ ਹੋਵੇ। ਇਸ ਮੌਕੇ ਉੱਤਰੀ ਡਿਵੀਜ਼ਨ ਦੇ ਪ੍ਰਧਾਨ ਨਿਪੁਣ ਗੁਪਤਾ, ਕੌਂਸਲਰ ਰਾਮਪਾਲ ਵਿੱਕੀ, ਸੰਜੂ ਮਹਾਜਨ, ਜਨਰਲ ਸਕੱਤਰ ਨਿਤਿਨ ਮਹਾਜਨ, ਸਕੱਤਰ ਲਵਨੀਸ਼ ਮਹਾਜਨ, ਸਾਹਿਲ ਮਹਾਜਨ, ਸੰਜੀਵ ਸਹੋਤਾ, ਲਵ ਮਹਾਜਨ ਸਮੇਤ ਹੋਰ ਪਾਰਟੀ ਆਗੂ ਅਤੇ ਵਰਕਰ ਹਾਜ਼ਰ ਸਨ।