ਵਿਅਹੁਤਾ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਕੀਤੀ ਖੁਦਕੁਸ਼ੀ
ਸਹੁਰੇ ਪਰਿਵਾਰ ਵਾਲੇ ਵੱਖ ਰਹਿਣ ਲਈ ਕਰਦੇ ਸਨ ਮਜ਼ਬੂਰ,ਵਿਅਹੁਤਾ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਕੀਤੀ ਖੁਦਕੁਸ਼ੀ
Publish Date: Sun, 30 Mar 2025 03:24 PM (IST)
Updated Date: Sun, 30 Mar 2025 03:27 PM (IST)
ਵਿਅਹੁਤਾ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਕੀਤੀ ਖੁਦਕੁਸ਼ੀ
- ਸਹੁਰੇ ਪਰਿਵਾਰ ਵਾਲੇ ਵੱਖ ਰਹਿਣ ਲਈ ਕਰਦੇ ਸਨ ਮਜਬੂਰ - ਪੁਲਿਸ ਨੇ ਮਾਮਲਾ ਦਰਜ ਕਰ ਕੇ ਸਹੁਰੇ ਨੂੰ ਕੀਤਾ ਗ੍ਰਿਫ਼ਤਾਰ, ਸੱਸ ਦੀ ਭਾਲ ਜਾਰੀ ਪਲਵਿੰਦਰ ਸਿੰਘ, ਪੰਜਾਬੀ ਜਾਗਰਣ ਗੁਰਦਾਸਪੁਰ : ਪਿੰਡ ਅਮੀਪੁਰ ਵਿੱਚ ਇੱਕ ਔਰਤ ਨੇ ਆਪਣੇ ਸਹੁਰਿਆਂ ਤੋਂ ਪਰੇਸ਼ਾਨ ਹੋ ਕੇ ਜ਼ਹਿਰੀਲੀ ਦਵਾਈ ਨਿਗਲ ਲਈ। ਜਦੋਂ ਉਸ ਦੀ ਹਾਲਤ ਵਿਗੜ ਗਈ ਤਾਂ ਉਸ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ। ਸਦਰ ਥਾਣੇ ਦੀ ਪੁਲਿਸ ਨੇ ਸੱਸ ਅਤੇ ਸਹੁਰੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਸਹੁਰੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਸਿਟੀ ਗੁਰਦਾਸਪੁਰ ਦੇ ਸ਼ਹਿਜ਼ਾਦਾ ਨੰਗਲ ਦੀ ਰਹਿਣ ਵਾਲੀ ਕਮਲੇਸ਼ ਪਤਨੀ ਸ਼ੀਦਾ ਨੇ ਦੱਸਿਆ ਕਿ ਉਸਦੀ ਧੀ ਕੋਮਲ ਦਾ ਵਿਆਹ ਅਮੀਪੁਰ ਦੇ ਰਹਿਣ ਵਾਲੇ ਸੰਦੀਪ ਨਾਲ ਹੋਇਆ ਸੀ। ਉਸਦੇ ਪੁੱਤਰ ਲੱਭਾ ਨੂੰ ਫ਼ੋਨ ਆਇਆ ਕਿ ਕੋਮਲ ਨੇ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ ਹੈ। ਇਸ ਤੇ ਜਦੋਂ ਉਹ ਆਪਣੇ ਪੁੱਤਰ ਨਾਲ ਆਪਣੀ ਧੀ ਦੇ ਸਹੁਰੇ ਘਰ ਪਹੁੰਚੀ ਤਾਂ ਉਸਨੇ ਦੇਖਿਆ ਕਿ ਕੋਮਲ ਦਰਦ ਨਾਲ ਕਰਾਹ ਰਹੀ ਸੀ। ਉਸਦੀ ਧੀ ਨੇ ਦੱਸਿਆ ਕਿ ਉਸਦਾ ਸਹੁਰਾ ਕਰਮਾ ਸ਼ਾਹ ਅਤੇ ਸੱਸ ਮਨਜੀਤ ਉਸਨੂੰ ਤੰਗ-ਪਰੇਸ਼ਾਨ ਕਰਦੇ ਸਨ। ਉਨ੍ਹਾਂ ਤੋਂ ਪਰੇਸ਼ਾਨ ਹੋ ਕੇ ਉਸਨੇ ਘਰ ਵਿੱਚ ਪਈ ਜ਼ਹਿਰੀਲੀ ਦਵਾਈ ਨਿਗਲ ਲਈ। ਉਹ ਤੁਰੰਤ ਆਪਣੀ ਧੀ ਨੂੰ ਇਲਾਜ ਲਈ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਲੈ ਗਿਆ ਜਿੱਥੇ ਉਸਦੀ ਮੌਤ ਹੋ ਗਈ। - ਪਤੀ ਨੇ ਆਪਣੇ ਮਾਪਿਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਮ੍ਰਿਤਕ ਕੋਮਲ ਦੇ ਪਤੀ ਸੰਦੀਪ ਨੇ ਦੱਸਿਆ ਕਿ ਉਸਦੇ ਮਾਤਾ-ਪਿਤਾ ਅਕਸਰ ਉਸਦੀ ਪਤਨੀ ਨਾਲ ਝਗੜਾ ਕਰਦੇ ਰਹਿੰਦੇ ਸਨ। ਉਹ ਉਨ੍ਹਾਂ ਤੇ ਵੱਖਰੇ ਰਹਿਣ ਲਈ ਦਬਾਅ ਪਾਉਂਦੇ ਸਨ। ਉਸਦੇ ਮਾਪਿਆਂ ਨੇ ਕਿਹਾ ਕਿ ਉਹ ਵੱਖਰੇ ਪਲਾਟ ਵਿੱਚ ਘਰ ਬਣਾ ਲੈਣ। ਇਸ ਕਾਰਨ ਉਸਦੀ ਪਤਨੀ ਬਹੁਤ ਪਰੇਸ਼ਾਨ ਰਹਿੰਦੀ ਸੀ। ਉਸਨੇ ਦੱਸਿਆ ਕਿ ਇਹ ਲੜਾਈ ਕਾਫ਼ੀ ਸਮੇਂ ਤੋਂ ਚੱਲ ਰਹੀ ਸੀ। ਉਨ੍ਹਾਂ ਨੇ ਕਈ ਵਾਰ ਇਕੱਠੇ ਬੈਠ ਕੇ ਇਸ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਹੱਲ ਨਹੀਂ ਨਿਕਲ ਸਕਿਆ। ਉਸਨੇ ਦੱਸਿਆ ਕਿ ਉਹ ਸ਼ਨਿੱਚਰਵਾਰ ਨੂੰ ਕੰਮ ਤੇ ਗਿਆ ਸੀ ਅਤੇ ਇਸ ਦੌਰਾਨ ਉਸਦੀ ਪਤਨੀ ਸ਼ਹਿਰ ਚਲੀ ਗਈ। ਉੱਥੋਂ ਵਾਪਸ ਆਉਣ ਤੋਂ ਬਾਅਦ ਉਸਨੇ ਘਰ ਵਿੱਚ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ। ਕਿਸੇ ਨੇ ਉਸਨੂੰ ਫੋਨ ਤੇ ਇਸ ਬਾਰੇ ਸੂਚਿਤ ਕੀਤਾ ਜਿਸ ਤੋਂ ਬਾਅਦ ਉਹ ਤੁਰੰਤ ਘਰ ਪਹੁੰਚ ਗਿਆ। ਉਸਨੇ ਆਪਣੇ ਮਾਪਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਸਦਾ ਕਹਿਣਾ ਹੈ ਕਿ ਉਸਦੇ ਮਾਪਿਆ ਕਰਕੇ ਉਸਦੀ ਪਤਨੀ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ। ਮੁਹੱਲਾ ਸ਼ਹਿਜ਼ਾਦਾ ਨੰਗਲ ਦੇ ਕੌਂਸਲਰ ਰੌਬਿਨ ਰੰਧਾਵਾ ਨੇ ਕਿਹਾ ਕਿ ਕੋਮਲ ਨੇ ਆਪਣੇ ਸਹੁਰਿਆਂ ਤੋਂ ਪਰੇਸ਼ਾਨ ਹੋ ਕੇ ਜ਼ਹਿਰੀਲੀ ਦਵਾਈ ਖਾ ਲਈ ਸੀ। ਉਸਨੇ ਦੱਸਿਆ ਕਿ ਉਹ ਉਨ੍ਹਾਂ ਦਾ ਕਈ ਵਾਰ ਰਾਜ਼ੀਨਾਮਾ ਕਰਵਾ ਚੁੱਕਿਆ ਸੀ ਪਰ ਕੋਮਲ ਦੇ ਸਹੁਰੇ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਏ। ਇਸ ਕਾਰਨ ਉਹ ਬਹੁਤ ਦੁਖੀ ਸੀ ਅਤੇ ਇਸੇ ਕਾਰਨ ਉਸਨੇ ਇਹ ਕਦਮ ਚੁੱਕਿਆ। ਉਨ੍ਹਾਂ ਨੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। - 12 ਸਾਲ ਪਹਿਲਾਂ ਹੋਇਆ ਸੀ ਵਿਆਹ ਮ੍ਰਿਤਕ ਦੇ ਭਰਾ ਲੱਭਾ ਨੇ ਦੱਸਿਆ ਕਿ ਉਸਦੀ ਭੈਣ ਕੋਮਲ ਦਾ ਵਿਆਹ 12 ਸਾਲ ਪਹਿਲਾਂ ਸੰਦੀਪ ਨਾਲ ਹੋਇਆ ਸੀ। ਭੈਣ ਦੇ ਸਹੁਰੇ ਉਸਨੂੰ ਬਹੁਤ ਤੰਗ ਕਰਦੇ ਸਨ। ਉਸਨੇ ਦੱਸਿਆ ਕਿ ਉਹ ਆਪਣੀ ਭੈਣ ਦੇ ਤਿੰਨ ਬੱਚਿਆਂ ਦੀ ਪਰਵਰਿਸ਼ ਵੀ ਕਰ ਰਿਹਾ ਹੈ। ਇਸ ਦੇ ਬਾਵਜੂਦ ਕੋਮਲ ਨੂੰ ਪਰੇਸ਼ਾਨ ਜਾ ਰਿਹਾ ਸੀ। ਲੱਭਾ ਦੇ ਅਨੁਸਾਰ ਕਿਸੇ ਹੋਰ ਨੇ ਉਸਦੀ ਭੈਣ ਦੇ ਫੋਨ ਤੋਂ ਉਸ ਨਾਲ ਗੱਲ ਕੀਤੀ ਅਤੇ ਉਸਨੂੰ ਘਟਨਾ ਬਾਰੇ ਦੱਸਿਆ। ਉਹ ਮੌਕੇ ਤੇ ਪਹੁੰਚੇ ਅਤੇ ਉਸਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਲੈ ਗਏ ਜਿੱਥੇ ਉਸਦੀ ਮੌਤ ਹੋ ਗਈ। ਇਸ ਦੌਰਾਨ ਮਾਮਲੇ ਦੇ ਜਾਂਚ ਅਧਿਕਾਰੀ ਏਐੱਸਆਈ ਜੀਵਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਕਰਮਾ ਸ਼ਾਹ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦੋਂ ਕਿ ਮਨਜੀਤ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।