ਵਰਤਮਾਨ ਸਰਕਾਰ ਨੇ ਸਫ਼ਾਈ ਕਰਮਚਾਰੀਆਂ ਨੂੰ ਕੀਤਾ ਨਜ਼ਰਅੰਦਾਜ਼
ਸਫ਼ਾਈ ਕਰਮਚਾਰੀਆਂ ਦੀ ਅਣਮਿੱਥੇ ਸਮੇਂ ਲਈ ਕੀਤੀ ਹੜਤਾਲ ਚੌਥੇ ਦਿਨ ਵੀ ਰਹੀ ਜਾਰੀ
Publish Date: Sat, 09 May 2026 04:38 PM (IST)
Updated Date: Sun, 10 May 2026 04:03 AM (IST)

ਸਫ਼ਾਈ ਕਰਮਚਾਰੀਆਂ ਦੀ ਅਣਮਿੱਥੇ ਸਮੇਂ ਲਈ ਕੀਤੀ ਹੜਤਾਲ ਚੌਥੇ ਦਿਨ ਵੀ ਰਹੀ ਜਾਰੀ ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ : ਸਫ਼ਾਈ ਸੇਵਕ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 6 ਮਈ ਤੋਂ ਸ਼ੁਰੂ ਕੀਤੀ ਗਈ ਅਣਮਿੱਥੇ ਸਮੇਂ ਲਈ ਹੜਤਾਲ ਸ਼ਨਿਚਰਵਾਰ ਨੂੰ ਚੌਥੇ ਦਿਨ ਵੀ ਜਾਰੀ ਰਹੀ। ਸਫ਼ਾਈ ਸੇਵਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਨੀਸ਼ ਗਿੱਲ ਨੇ ਦੱਸਿਆ ਕਿ ਪੂਰੇ ਪੰਜਾਬ ਵਿੱਚ ਯੂਨੀਅਨ ਦੇ ਸੱਦੇ ਤੇ ਸਾਰੇ ਸਫ਼ਾਈ ਸੇਵਕ ਹੜਤਾਲ ਤੇ ਚਲੇ ਗਏ ਹਨ ਤੇ ਇਹ ਹੜਤਾਲ ਅਣਮਿੱਥੇ ਸਮੇਂ ਤੱਕ ਜਾਰੀ ਰਹੇਗੀ, ਜਦੋਂ ਤੱਕ ਸਫ਼ਾਈ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨਹੀਂ ਮੰਨ ਲਈਆਂ ਜਾਂਦੀਆਂ। ਉਨ੍ਹਾਂ ਮੰਗ ਕੀਤੀ ਕਿ ਕੱਚੀ ਠੇਕਾ ਪ੍ਰਣਾਲੀ ਨੂੰ ਖਤਮ ਕਰਕੇ ਆਊਟਸੋਰਸ ਰਾਹੀਂ ਕੰਮ ਕਰ ਰਹੇ ਦਰਜਾ ਚਾਰ ਕਰਮਚਾਰੀਆਂ ਨੂੰ ਨਿਯਮਤ ਅਹੁਦਿਆਂ ਤੇ ਵਿਭਾਗ ਅਧੀਨ ਕੀਤਾ ਜਾਵੇ, ਪੰਜਾਬ ਸਰਕਾਰ ਵੱਲੋਂ 10 ਸਾਲ ਵਾਲੀ ਨੀਤੀ ਨੂੰ ਰੱਦ ਕਰਕੇ ਦਰਜਾ ਚਾਰ ਕਰਮਚਾਰੀਆਂ ਨੂੰ ਉਨ੍ਹਾਂ ਦੀ ਸੇਵਾ ਵਿੱਚ 3 ਸਾਲ ਪੂਰੇ ਹੋਣ ਤੇ ਨਿਯਮਤ ਕੀਤਾ ਜਾਵੇ, 23 ਜੂਨ 2021 ਨੂੰ ਜਾਰੀ ਅਧਿਸੂਚਨਾ ਦੇ ਆਧਾਰ ਤੇ ਬਾਕੀ ਆਉਟਸੋਰਸ ਕਰਮਚਾਰੀਆਂ ਨੂੰ ਤੁਰੰਤ ਵਿਭਾਗ ਅਧੀਨ ਕੀਤਾ ਜਾਵੇ, ਯੂਪੀਐੱਸ ਨੂੰ ਰੱਦ ਕਰ ਕੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਨਗਰ ਪੰਚਾਇਤਾਂ ਵਿੱਚ ਈਪੀਐੱਫ ਯੋਜਨਾ ਲਾਗੂ ਕੀਤੀ ਜਾਵੇ, ਗਰੁੱਪ-ਬੀ, ਸੀ ਅਤੇ ਡੀ ਦੇ ਅਹੁਦਿਆਂ ਤੇ ਤਰਸ ਦੇ ਆਧਾਰ ਤੇ ਨੌਕਰੀਆਂ ਬਿਨਾਂ ਸ਼ਰਤ ਦਿੱਤੀਆਂ ਜਾਣ। ਆਗੂਆਂ ਨੇ ਕਿਹਾ ਕਿ ਵਰਤਮਾਨ ਸਰਕਾਰ ਵੱਲੋਂ ਸਫ਼ਾਈ ਕਰਮਚਾਰੀਆਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ ਹੈ, ਜਿਸ ਕਾਰਨ ਸਾਰੇ ਸਫ਼ਾਈ ਕਰਮਚਾਰੀਆਂ ਵਿੱਚ ਰੋਸ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਝਾੜੂ ਨੂੰ ਚੋਣ ਨਿਸ਼ਾਨ ਬਣਾ ਕੇ ਘੁੰਮ ਰਹੀ ਹੈ ਪਰ ਦੂਜੇ ਪਾਸੇ ਸਫ਼ਾਈ ਦਾ ਕੰਮ ਕਰਨ ਵਾਲੇ ਕਰਮਚਾਰੀਆਂ ਦੀਆਂ ਲੰਬੇ ਸਮੇਂ ਤੋਂ ਅਟਕੀਆਂ ਪਈਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਉਨ੍ਹਾਂ ਐਲਾਨ ਕਰਦਿਆਂ ਕਿਹਾ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਇਸ ਹੜਤਾਲ ਨੂੰ ਜਾਰੀ ਰੱਖਣਗੇ ਅਤੇ ਸਰਕਾਰ ਨੂੰ ਆਪਣੇ ਸੰਘਰਸ਼ ਦੇ ਅੱਗੇ ਝੁਕਣ ਲਈ ਮਜਬੂਰ ਕਰਨਗੇ। ਇਸ ਮੌਕੇ ਤੇ ਸੁਖਾ ਮਸੀਹ, ਸੁਰਜੀਤ ਮਸੀਹ, ਕੁਲਦੀਪ ਮਸੀਹ, ਜੀਨਤ, ਪ੍ਰਵੀਨ, ਰਾਹੁਲ, ਲਕਸ਼ਮੀ, ਦਲੀਪ ਕੁਮਾਰ, ਜਗਦੀਸ਼ ਕੁਮਾਰ, ਸਨੀ, ਸੁਨੀਲ, ਰਾਕੇਸ਼ ਕੁਮਾਰ, ਪਵਨ, ਗਗਨਦੀਪ, ਗਗਨਪ੍ਰੀਤ, ਪੱਪੂ ਲਾਲ, ਰਾਨੀ, ਸਵਿੰਦਰ, ਨਿਰਮਲਜੀਤ, ਸਵਰਨ ਸਿੰਘ, ਰਾਜਨ ਮਸੀਹ, ਬੰਟੀ, ਪ੍ਰੇਮ, ਮੰਗਾ, ਮਨਦੀਪ ਆਦਿ ਹਾਜ਼ਰ ਸਨ।