ਬਟਾਲਾ ਰੋਡ 'ਤੇ ਭਿਆਨਕ ਹਾਦਸਾ: ਇਨੋਵਾ ਦੀ ਟੱਕਰ ਤੋਂ ਬਾਅਦ ਟਿੱਪਰ ਹੇਠਾਂ ਆਏ ਮੋਟਰਸਾਈਕਲ ਸਵਾਰ, ਦੋ ਨੌਜਵਾਨਾਂ ਦੀ ਦਰਦਨਾਕ ਮੌਤ
ਫਤਿਹਗੜ੍ਹ ਚੂੜੀਆਂ-ਬਟਾਲਾ ਰੋਡ 'ਤੇ ਕਸਬਾ ਕਾਲਾ ਅਫਗਾਨਾਂ ਨਜ਼ਦੀਕ ਵਾਪਰੇ ਇੱਕ ਰੂਹ ਕੰਬਾਊ ਸੜਕ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ ਦੋਵੇਂ ਵਿਅਕਤੀ ਇੱਕ ਟਿੱਪਰ ਹੇਠਾਂ ਆ ਕੇ ਬੁਰੀ ਤਰ੍ਹਾਂ ਕੁਚਲੇ ਗਏ।
Publish Date: Sat, 14 Mar 2026 04:23 PM (IST)
Updated Date: Sat, 14 Mar 2026 04:24 PM (IST)

ਧਰਮਿੰਦਰ ਸਿੰਘ ਬਾਠ, ਫਤਿਹਗੜ੍ਹ ਚੂੜੀਆਂ/ਬਟਾਲਾ: ਫਤਿਹਗੜ੍ਹ ਚੂੜੀਆਂ-ਬਟਾਲਾ ਰੋਡ 'ਤੇ ਕਸਬਾ ਕਾਲਾ ਅਫਗਾਨਾਂ ਨਜ਼ਦੀਕ ਵਾਪਰੇ ਇੱਕ ਰੂਹ ਕੰਬਾਊ ਸੜਕ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ ਦੋਵੇਂ ਵਿਅਕਤੀ ਇੱਕ ਟਿੱਪਰ ਹੇਠਾਂ ਆ ਕੇ ਬੁਰੀ ਤਰ੍ਹਾਂ ਕੁਚਲੇ ਗਏ।
ਓਵਰਟੇਕ ਕਰਦਿਆਂ ਵਾਪਰਿਆ ਕਹਿਰ
ਜਾਣਕਾਰੀ ਅਨੁਸਾਰ ਵਿਲੀਅਮ ਮਸੀਹ (45) ਵਾਸੀ ਪਿੰਡ ਪਿੰਡੀ ਅਤੇ ਪਰਮਿੰਦਰ ਸਿੰਘ (28) ਵਾਸੀ ਹਰਦੋਰਵਾਲ ਕਲਾਂ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਬਟਾਲਾ ਵੱਲ ਕਿਸੇ ਕੰਮ ਲਈ ਜਾ ਰਹੇ ਸਨ। ਜਦੋਂ ਉਹ ਕਾਲਾ ਅਫਗਾਨਾਂ ਨੇੜੇ ਪੁੱਜੇ ਤਾਂ ਪਿੱਛੋਂ ਆ ਰਹੀ ਇੱਕ ਤੇਜ਼ ਰਫ਼ਤਾਰ ਇਨੋਵਾ ਗੱਡੀ ਨੇ ਓਵਰਟੇਕ ਕਰਨ ਦੀ ਕੋਸ਼ਿਸ਼ ਵਿੱਚ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਲੱਗਣ ਕਾਰਨ ਦੋਵੇਂ ਸਵਾਰ ਸੰਤੁਲਨ ਵਿਗੜਨ ਕਾਰਨ ਨਾਲ ਲੰਘ ਰਹੇ ਇੱਕ ਭਾਰੀ ਟਿੱਪਰ ਦੇ ਟਾਇਰਾਂ ਹੇਠਾਂ ਆ ਗਏ।
ਮੋਟਰਸਾਈਕਲ ਦੇ ਉੱਡੇ ਪਰਖੱਚੇ
ਹਾਦਸਾ ਇੰਨਾ ਜ਼ਬਰਦਸਤ ਸੀ ਕਿ ਮੋਟਰਸਾਈਕਲ ਦੋ ਫਾੜ ਹੋ ਗਿਆ ਅਤੇ ਦੋਵਾਂ ਮ੍ਰਿਤਕਾਂ ਦੇ ਸਰੀਰ ਬੁਰੀ ਤਰ੍ਹਾਂ ਕੁਚਲੇ ਗਏ। ਘਟਨਾ ਤੋਂ ਬਾਅਦ ਮੌਕੇ 'ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਮ੍ਰਿਤਕਾਂ ਦੀ ਪਛਾਣ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੀਤੀ ਗਈ ਹੈ। ਵਿਲੀਅਮ ਮਸੀਹ ਆਪਣੇ ਪਿੱਛੇ ਪਤਨੀ ਤੇ ਤਿੰਨ ਪੁੱਤਰ ਛੱਡ ਗਿਆ ਹੈ, ਜਦਕਿ ਪਰਮਿੰਦਰ ਸਿੰਘ ਆਪਣੇ ਪਿੱਛੇ ਪਤਨੀ ਤੇ ਇੱਕ ਛੋਟਾ ਬੱਚਾ ਛੱਡ ਗਿਆ ਹੈ। ਪਰਿਵਾਰਾਂ ਵਿੱਚ ਇਸ ਵੇਲੇ ਮਾਤਮ ਦਾ ਮਾਹੌਲ ਹੈ ਅਤੇ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਪੁਲਿਸ ਦੀ ਕਾਰਵਾਈ
ਘਟਨਾ ਦੀ ਸੂਚਨਾ ਮਿਲਦੇ ਹੀ ਫਤਿਹਗੜ੍ਹ ਚੂੜੀਆਂ ਦੇ ਐਸ.ਐਚ.ਓ. ਸੁਰਿੰਦਰਪਾਲ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਬਟਾਲਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਹੈ। ਐਸ.ਐਚ.ਓ. ਨੇ ਦੱਸਿਆ ਕਿ ਇਨੋਵਾ ਗੱਡੀ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਫਰਾਰ ਹੋਏ ਚਾਲਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।