ਧੁੱਪ ਲੱਗਦਿਆਂ ਹੀ ਕਣਕਾਂ ਦੀ ਕਟਾਈ ਕਰਨ ਦੀ ਉਮੀਦ ਵਧੀ
ਧੁੱਪ ਲੱਗਦਿਆਂ ਹੀ ਕਣਕਾਂ ਦੀ ਕਟਾਈ ਕਰਨ ਦੀ ਉਮੀਦ ਵਧੀ
Publish Date: Sat, 11 Apr 2026 05:54 PM (IST)
Updated Date: Sun, 12 Apr 2026 04:06 AM (IST)

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਕਲਾਨੌਰ: ਪਿਛਲੇ ਦਿਨਾਂ ਤੋਂ ਰੁਕ-ਰੁਕ ਕੇ ਹੋਈ ਬਾਰਿਸ਼ ਅਤੇ ਅਸਮਾਨ ਵਿੱਚ ਛਾਏ ਬੱਦਲਾਂ ਤੋਂ ਬਾਅਦ ਸ਼ਨਿਚਰਵਾਰ ਨੂੰ ਸਾਰਾ ਦਿਨ ਕੜਾਕੇ ਦੀ ਧੁੱਪ ਲੱਗਣ ਤੇ ਕਣਕ ਦੀ ਕਟਾਈ ਕਰਨ ਦੀ ਉਮੀਦ ਵਧੀ ਹੈ। ਉੱਥੇ ਕਿਸਾਨਾਂ ਨੇ ਕਿਹਾ ਕਿ ਖੇਤਾਂ ਵਿੱਚ ਲੰਮੇ ਪਈਆਂ ਕਣਕਾਂ ਦੀਆਂ ਫਸਲਾਂ ਦਾ ਝਾੜ ਵੀ ਇਸ ਵਾਰ ਘਟੇਗਾ। ਪਿਛਲੇ ਦਿਨੀਂ ਹਨੇਰੀ ਝੱਖੜ ਨਾਲ ਖੇਤਾਂ ਵਿੱਚ ਲੰਮੇ ਪਈਆਂ ਕਣਕਾਂ ਉੱਪਰ ਰੁਕ-ਰੁਕ ਕੇ ਹੋਈ ਬਾਰਿਸ਼ ਕਾਰਨ ਕਣਕ ਦੇ ਛਿੱਟੇ ਕਾਲੇ ਪੈਣ ਤੋਂ ਇਲਾਵਾ ਕਣਕ ਦਾ ਨਾੜ ਕਮਜ਼ੋਰ ਪੈਣ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਕਿਸਾਨ ਸੁੱਚਾ ਸਿੰਘ ਔਜਲਾ, ਸਾਬਕਾ ਸਰਪੰਚ ਅਜੈਬ ਸਿੰਘ, ਅਵਤਾਰ ਸਿੰਘ ਸਾਬਕਾ ਸਰਪੰਚ ਹਕੀਮਪੁਰ, ਸੁਲੱਖਣ ਸਿੰਘ ਆਦਿ ਨੇ ਦੱਸਿਆ ਕਿ ਪਿਛਲੇ ਸਮੇਂ ਝੋਨੇ ਦੀ ਕਟਾਈ ਦੌਰਾਨ ਆਏ ਹੜ੍ਹਾਂ ਕਾਰਨ ਜਿੱਥੇ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਸੀ ਉੱਥੇ ਕਿਸਾਨਾਂ ਵੱਲੋਂ ਬਿਜਾਈ ਕੀਤੀ ਕਣਕ ਖੇਤਾਂ ਵਿੱਚ ਲੰਮੇ ਪੈਣ ਤੋਂ ਬਾਅਦ ਲਗਾਤਾਰ ਪਿਛਲੇ ਦਿਨੀਂ ਰੁਕ-ਰੁਕ ਕੇ ਹੋਈ ਬਾਰਿਸ਼ ਕਾਰਨ ਕਣਕ ਦੀ ਫਸਲ ਪ੍ਰਭਾਵਿਤ ਹੋਈ ਹੈ। ਉਹਨਾਂ ਕਿਹਾ ਕਿ ਜੇਕਰ ਇਸ ਤਰ੍ਹਾਂ ਹੀ ਆਉਣ ਵਾਲੇ ਦਿਨਾਂ ਵਿੱਚ ਧੁੱਪਾਂ ਲੱਗਦੀਆਂ ਰਹੀਆਂ ਤਾਂ ਕਿਸਾਨਾਂ ਵੱਲੋਂ ਕਣਕ ਦੀ ਕਟਾਈ ਸ਼ੁਰੂ ਕਰ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈ ਜਾਂਦਾ ਹੈ ਤਾਂ ਕਿਸਾਨਾਂ ਵੱਲੋਂ ਬਿਜਾਈ ਕੀਤੀ ਕਣਕ ਦੀ ਫ਼ਸਲ ਦੀ ਫਸਲ ਵੀ ਨੁਕਸਾਨੀ ਜਾਵੇਗੀ ਜਿਸ ਕਾਰਨ ਕਿਸਾਨਾਂ ਦਾ ਵੱਡਾ ਨੁਕਸਾਨ ਹੋਵੇਗਾ। ਉਹਨਾਂ ਦੱਸਿਆ ਕਿ ਬਾਰਿਸ਼, ਗੜ੍ਹੇਮਾਰੀ ਅਤੇ ਹਨੇਰੀ ਨਾਲ ਕਣਕ ਦੇ ਛਿੱਟੇ ਅਤੇ ਨਾੜ ਪਹਿਲਾਂ ਹੀ ਕਮਜ਼ੋਰ ਹੋ ਚੁੱਕਾ ਹੈ। ਉਹਨਾਂ ਕਿਹਾ ਕਿ ਇਸ ਵਾਰ ਪਸ਼ੂਆਂ ਦਾ ਚਾਰਾ ਤੂੜੀ ਵੀ ਘੱਟ ਬਣੇਗੀ ਜਿਸ ਕਾਰਨ ਪਸ਼ੂ ਪਾਲਕਾਂ ਨੂੰ ਕੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।