ਹੌਲਦਾਰ ਰਾਕੇਸ਼ ਸ਼ਰਮਾ ਦੀ 17ਵੀਂ ਸ਼ਹੀਦੀ ਵਰ੍ਹੇਗੰਢ ਮਨਾਈ
ਹਵਲਦਾਰ ਰਾਕੇਸ਼ ਸ਼ਰਮਾ ਦੀ 17ਵੀਂ ਸ਼ਹੀਦੀ ਵਰ੍ਹੇਗੰਢ ਮਨਾਈ - ਧੀ ਦੀ ਕਵਿਤਾ ਨੇ ਸਭ ਨੂੰ ਕੀਤਾ ਭਾਵੁਕ
Publish Date: Sun, 22 Mar 2026 05:54 PM (IST)
Updated Date: Sun, 22 Mar 2026 05:55 PM (IST)

-ਧੀ ਦੀ ਕਵਿਤਾ ਨੇ ਸਭ ਨੂੰ ਕੀਤਾ ਭਾਵੁਕ ਅੰਕੁਰ ਮਹਾਜਨ, ਪੰਜਾਬੀ ਜਾਗਰਣ ਪਠਾਨਕੋਟ ਕੈਂਟ : ਪਿੰਡ ਦਰੂਈ ਵਿਖੇ ਫੌਜ ਦੀ ਪਹਿਲੀ ਪੈਰਾ ਰੈਜੀਮੈਂਟ ਦੇ ਸ਼ੌਰਿਆ ਚੱਕਰ ਜੇਤੂ ਸ਼ਹੀਦ ਹੌਲਦਾਰ ਰਾਕੇਸ਼ ਸ਼ਰਮਾ ਦੀ 17ਵੀਂ ਸ਼ਹੀਦੀ ਵਰ੍ਹੇਗੰਢ ਉਨ੍ਹਾਂ ਦੇ ਨਾਮ ‘ਤੇ ਸਥਾਪਿਤ ਸਰਕਾਰੀ ਮਿਡਲ ਸਕੂਲ ਵਿਚ ਭਾਵੁਕ ਮਾਹੌਲ ਵਿਚ ਮਨਾਈ ਗਈ। ਸਮਾਗਮ ਦੌਰਾਨ ਸ਼ਹੀਦ ਦੀ 19 ਸਾਲਾਂ ਦੀ ਧੀ ਦੀਕਸ਼ਾ ਭਾਰਤੀ ਵੱਲੋਂ ਆਪਣੇ ਪਿਤਾ ਦੀ ਯਾਦ ਵਿਚ ਲਿਖੀ ਕਵਿਤਾ ਪੜ੍ਹੀ ਗਈ, ਜਿਸਨੂੰ ਸੁਣ ਕੇ ਮੌਜੂਦ ਫੌਜੀ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਅੱਖਾਂ ਨਮ ਹੋ ਗਈਆਂ। ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਵਿਚ ਸਾਂਬਾ ਦੇ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਸਲਾਥੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਸ਼ਹੀਦ ਦੇ ਪਿਤਾ ਰਤਨ ਚੰਦ, ਪਤਨੀ ਰਜਨੀ ਸ਼ਰਮਾ, ਧੀ ਦੀਕਸ਼ਾ ਭਾਰਤੀ ਤੇ ਭਰਾ ਸੁਰੇਸ਼ ਸ਼ਰਮਾ ਸਮੇਤ ਹੋਰ ਪਰਿਵਾਰਕ ਮੈਂਬਰਾਂ ਨੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸਮਾਗਮ ਦੀ ਸ਼ੁਰੂਆਤ ਰਾਸ਼ਟਰੀ ਝੰਡਾ ਲਹਿਰਾਉਣ ਨਾਲ ਹੋਈ, ਜਿਸ ਤੋਂ ਬਾਅਦ ਮੁੱਖ ਮਹਿਮਾਨ ਤੇ ਹੋਰ ਪਤਵੰਤਿਆਂ ਵੱਲੋਂ ਸ਼ਹੀਦ ਦੇ ਬੁੱਤ ‘ਤੇ ਫੁੱਲਮਾਲਾਵਾਂ ਭੇਟ ਕਰਕੇ ਫੌਜੀ ਸਲਾਮੀ ਦਿੱਤੀ ਗਈ। ਅੰਤ ਵਿਚ ਫੌਜ ਦੀ 3 ਜੀਆਰ ਯੂਨਿਟ ਦੇ ਜਵਾਨਾਂ ਵੱਲੋਂ “ਰਿਵਰਸ ਆਰਮਜ਼” ਡ੍ਰਿਲ ਕਰਕੇ ਸ਼ਹੀਦ ਨੂੰ ਰਸਮੀ ਸਲਾਮੀ ਦਿੱਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਸੁਰਜੀਤ ਸਿੰਘ ਸਲਾਥੀਆ ਨੇ ਕਿਹਾ ਕਿ ਜਦੋਂ ਵੀ ਦੇਸ਼ ਦੀ ਸੁਰੱਖਿਆ ਨੂੰ ਖਤਰਾ ਪੈਦਾ ਹੋਇਆ ਹੈ, ਹੌਲਦਾਰ ਰਾਕੇਸ਼ ਸ਼ਰਮਾ ਵਰਗੇ ਬਹਾਦਰ ਜਵਾਨਾਂ ਨੇ ਆਪਣੀ ਸਰਵਉੱਚ ਕੁਰਬਾਨੀ ਦੇ ਕੇ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰੱਖਿਆ ਕੀਤੀ ਹੈ। ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਕਿਹਾ ਕਿ ਹੌਲਦਾਰ ਰਾਕੇਸ਼ ਸ਼ਰਮਾ ਵਰਗੇ ਸੂਰਮੇ ਦੇਸ਼ ਦੀ ਕੀਮਤੀ ਵਿਰਾਸਤ ਹਨ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਨ੍ਹਾਂ ਦੀ ਕੁਰਬਾਨੀ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਉਨ੍ਹਾਂ ਸ਼ਹੀਦ ਦੀ ਪਤਨੀ ਰਜਨੀ ਸ਼ਰਮਾ ਨੂੰ ਵੀ ਸਲਾਮ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਪਤੀ ਦੀ ਸ਼ਹਾਦਤ ਤੋਂ ਬਾਅਦ ਵੀ ਆਪਣੇ ਪੁੱਤਰ ਦਿਸ਼ਾਂਤ ਸ਼ਰਮਾ ਨੂੰ ਫੌਜ ਵਿਚ ਭਰਤੀ ਹੋਣ ਲਈ ਪ੍ਰੇਰਿਤ ਕਰਕੇ ਸ਼ਹੀਦ ਦਾ ਸੁਪਨਾ ਸਾਕਾਰ ਕੀਤਾ ਹੈ। ਇਸ ਮੌਕੇ ਨਾਇਬ ਸੂਬੇਦਾਰ ਕੁਮਾਰ ਥਾਪਾ, ਸਰਪੰਚ ਬਿਮਲਾ ਦੇਵੀ, ਸੰਦੀਪ ਸ਼ਰਮਾ, ਮਾਸਟਰ ਗਿਰਧਾਰੀ ਲਾਲ, ਸੂਬੇਦਾਰ ਕਰਤਾਰ ਸਿੰਘ, ਹੰਸ ਰਾਜ, ਖੇਮ ਰਾਜ, ਮਨਜੀਤ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।