ਇਤਿਹਾਸਿਕ ਕਸਬਾ ਕਲਾਨੌਰ ਤੇ ਬਟਾਲਾ ਮਾਰਗ ਸਥਿਤ ਬੀਡੀਪੀਓ ਤੇ ਹਸਪਤਾਲ ਦੇ ਨਜ਼ਦੀਕ ਕ੍ਰਿਸ਼ਨਾ ਇਲੈਕਟ੍ਰੋਨਿਕਸ ਤੇ 50 ਲੱਖ ਦੀ ਫਿਰੌਤੀ ਨਾ ਦੇਣ 'ਤੇ ਮਿਸ ਗੋਲ਼ੀਆਂ ਚਲਾਉਣ ਵਾਲਾ ਨੌਜਵਾਨ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ।
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ : ਇਤਿਹਾਸਿਕ ਕਸਬਾ ਕਲਾਨੌਰ ਤੇ ਬਟਾਲਾ ਮਾਰਗ ਸਥਿਤ ਬੀਡੀਪੀਓ ਤੇ ਹਸਪਤਾਲ ਦੇ ਨਜ਼ਦੀਕ ਕ੍ਰਿਸ਼ਨਾ ਇਲੈਕਟ੍ਰੋਨਿਕਸ ਤੇ 50 ਲੱਖ ਦੀ ਫਿਰੌਤੀ ਨਾ ਦੇਣ 'ਤੇ ਮਿਸ ਗੋਲ਼ੀਆਂ ਚਲਾਉਣ ਵਾਲਾ ਨੌਜਵਾਨ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ।
ਇਸ ਸਬੰਧੀ ਪੁਲਿਸ ਥਾਣਾ ਕਲਾਨੌਰ ਨੂੰ ਦਰਜ ਕਰਵਾਈ ਰਿਪੋਰਟ ਵਿੱਚ ਗੋਰਵ ਸਲਹੋਤਰਾ ਪੁੱਤਰ ਸੁਭਾਸ ਚੰਦਰ ਸਲਹੋਤਰਾ ਵਾਸੀ ਚੱਕਰੀ ਮੁਹੱਲਾ ਕਲਾਨੌਰ ਨਹੀਂ ਦੱਸਿਆ ਕਿ ਕਲਾਨੌਰ ਸਿਵਲ ਹਸਪਤਾਲ ਨੇੜੇ ਕ੍ਰਿਸਨਾ ਇਲੈਕਟ੍ਰੋਨਿਕਸ ਦੀ ਦੁਕਾਨ ਕਰਦਾ ਹਾਂ ਅਤੇ ਕੁਝ ਸਮਾਂ ਪਹਿਲਾਂ ਮੇਰੇ ਪਿਤਾ ਸੁਭਾਸ਼ ਚੰਦਰ ਨੂੰ ਉਹਨਾਂ ਦੇ ਮੋਬਾਇਲ ਨੰਬਰ 'ਤੇ +1 661583 3324 ਤੋਂ ਕਾਲ ਕਰ ਕੇ 50 ਲੱਖ ਰੁਪਏ ਫਿਰੌਤੀ ਦੀ ਮੰਗ ਕੀਤੀ ਗਈ ਸੀ ਅਤੇ ਧਮਕੀ ਦਿੱਤੀ ਗਈ ਸੀ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਤੇਰਾ ਅਤੇ ਤੇਰੇ ਪੁੱਤਰ ਦਾ ਨੁਕਸਾਨ ਕਰਾਂਗੇ। ਜਿਸ 'ਤੇ ਅਸੀ ਉਸ ਦੀ ਗੱਲ ਨੂੰ ਅਣਗੌਲਿਆ ਕਰ ਦਿੱਤਾ ਤਾ ਕੁਝ ਸਮੇਂ ਬਾਅਦ ਉਸ ਵੱਲੋ ਫਿਰ ਮੋਬਾਈਲ ਨੰਬਰ + 1289 6663959 ਤੋਂ ਕਾਲ ਕਰ ਕੇ ਸਾਨੂੰ ਧਮਕੀ ਦਿੱਤੀ ਗਈ ਅਤੇ ਫਿਰ +1720 6210170 ਤੋਂ ਕਾਲ ਕਰ ਕੇ ਸਾਡੇ ਨਾਲ ਗਾਲੀ ਗਲੋਚ ਕੀਤੀ ਅਤੇ ਬੁੱਧਵਾਰ ਨੂੰ ਦੇਰ ਸ਼ਾਮ ਨੂੰ ਮੈਂ ਆਪਣੇ ਉਕਤ ਸ਼ੋ-ਰੂਮ 'ਤੇ ਹਾਜ਼ਰ ਸੀ ਕਿ ਇਕ ਨਾ-ਮਲੂਮ ਵਿਅਕਤੀ ਜਿਸ ਨੇ ਗਲ ਵਿੱਚ ਪਰਨਾ ਪਾਇਆ ਹੋਇਆ ਸੀ, ਪੈਦਲ ਹੀ ਮੇਰੀ ਦੁਕਾਨ ਦੇ ਸਾਹਮਣੇ ਆਇਆ । ਜਿਸ ਨੇ ਆਪਣੀ ਡੱਬ ਵਿੱਚੋਂ ਪਿਸਟਲ ਕੱਢ ਕੇ ਸਾਡੀ ਦੁਕਾਨ ਵੱਲ ਤਿੰਨ ਦੇ ਕਰੀਬ ਗੋਲ਼ੀਆਂ ਚਲਾਈਆਂ ਜੋ ਮਿਸ ਹੋ ਗਈਆਂ । ਉਸਨੇ ਦੱਸਿਆ ਕਿ ਦੋ ਦੇ ਕਰੀਬ ਹੋਰ ਅਣਪਛਾਤੇ ਨੌਜਵਾਨ ਮੋਟਰਸਾਈਕਲ 'ਤੇ ਫ਼ਰਾਰ ਹੋ ਗਏ।
ਇਸ ਮੌਕੇ ਗੌਰਵ ਸਲਹੋਤਰਾ ਦੇ ਦੋਸਤ ਪ੍ਰਭਸਰਨ ਸਿੰਘ ਰੋਸੇ ਨੇ ਕਿਹਾ ਕਿ ਅਜਿਹੀਆਂ ਘਟਨਾ ਪਿਛਲੇ ਸਮੇਂ ਵੀ ਵਰਤ ਚੁੱਕੀਆਂ ਹਨ ਪਰੰਤੂ ਕੋਈ ਕਾਰਵਾਈ ਨਹੀਂ ਹੋਈ। ਇਸ ਮੌਕੇ ਉਸ ਨੇ ਆਪਣੇ ਦੋਸਤ ਗੌਰਵ ਸਲਹੋਤਰਾ ਦੀ ਦੁਕਾਨ 'ਤੇ ਗੋਲ਼ੀਆਂ ਚਲਾਉਣ ਦੀ ਕੋਸ਼ਿਸ਼ ਕਰਨ ਵਾਲੀ ਘਟਨਾ ਦੀ ਨਿੰਦਾ ਕੀਤੀ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਤੁਰੰਤ ਕਾਬੂ ਕੀਤਾ ਜਾਵੇ।
ਇਸ ਮੌਕੇ ਮਨਦੀਪ ਸਿੰਘ ਪੰਨੂ ਸਾਬਕਾ ਚੇਅਰਮੈਨ ਬਲਾਕ ਸੰਮਤੀ ਵਡਾਲਾ ਬਾਂਗਰ, ਰਵੇਲ ਸਿੰਘ ਪਿੰਡੀਆਂ, ਸਿੰਦਰ ਬਿਸ਼ਨਕੋਟ ਸਾਬਕਾ ਸਰਪੰਚ ਆਦਿ ਨੇ ਮੰਗ ਕੀਤੀ ਕਿ ਗੋਲ਼ੀਆਂ ਚਲਾਉਣ ਵਾਲੇ ਮੁਲਜ਼ਮਾਂ ਨੂੰ ਕਾਬੂ ਕੀਤਾ ਜਾਵੇ। ਇਸ ਸਬੰਧੀ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਹਿੱਤ ਹੈ ਅਤੇ ਸੀਸੀ ਟੀਵੀ ਕੈਮਰੇ ਦੀਆਂ ਫੋਟੋਆਂ ਦੇ ਆਧਾਰ 'ਤੇ ਮੁਲਜ਼ਮਾਂ ਨੂੰ ਜਲਦ ਕਾਬੂ ਕੀਤਾ ਜਾਵੇਗਾ।