Gurdaspur News : ਪੋਸਟਮਾਰਟਮ ਤੋਂ ਬਾਅਦ ਰਣਜੀਤ ਦੀ ਦੇਹ ਘਰ ਪਹੁੰਚੀ, ਪਰਿਵਾਰ ਦਾ ਸਸਕਾਰ ਕਰਨ ਤੋਂ ਇਨਕਾਰ
ਦੋਰਾਂਗਲਾ ਪੁਲਿਸ ਸਟੇਸ਼ਨ ਦੀ ਆਦੀਆਂ ਪੁਲਿਸ ਚੌਕੀ ’ਤੇ ਦੋ ਪੁਲਿਸ ਮੁਲਾਜ਼ਮਾਂ ਦੀ ਸ਼ਹਾਦਤ ਦੇ ਮਾਮਲੇ ਦੇ ਮੁੱਖ ਮੁਲਜ਼ਮ ਰਣਜੀਤ ਸਿੰਘ ਦਾ ਸੱਤਵੇਂ ਦਿਨ ਪੋਸਟਮਾਰਟਮ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਹੋਣ ਤੋਂ ਬਾਅਦ ਅੱਠਵੇਂ ਦਿਨ ਸਵੇਰੇ ਦੇਹ ਘਰ ਪਹੁੰਚਾ ਦਿੱਤੀ ਗਈ।
Publish Date: Thu, 05 Mar 2026 06:51 PM (IST)
Updated Date: Thu, 05 Mar 2026 06:53 PM (IST)
ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ : ਦੋਰਾਂਗਲਾ ਪੁਲਿਸ ਸਟੇਸ਼ਨ ਦੀ ਆਦੀਆਂ ਪੁਲਿਸ ਚੌਕੀ ’ਤੇ ਦੋ ਪੁਲਿਸ ਮੁਲਾਜ਼ਮਾਂ ਦੀ ਸ਼ਹਾਦਤ ਦੇ ਮਾਮਲੇ ਦੇ ਮੁੱਖ ਮੁਲਜ਼ਮ ਰਣਜੀਤ ਸਿੰਘ ਦਾ ਸੱਤਵੇਂ ਦਿਨ ਪੋਸਟਮਾਰਟਮ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਹੋਣ ਤੋਂ ਬਾਅਦ ਅੱਠਵੇਂ ਦਿਨ ਸਵੇਰੇ ਦੇਹ ਘਰ ਪਹੁੰਚਾ ਦਿੱਤੀ ਗਈ। ਇਸ ਦੇ ਬਾਵਜੂਦ ਪਰਿਵਾਰ ਨੇ ਮੰਗਾਂ ਪੂਰੀਆਂ ਹੋਣ ਤੱਕ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ।
ਰਣਜੀਤ ਦੇ ਤਾਇਆ ਹਰਵਿੰਦਰ ਸਿੰਘ ਮੱਲੀ ਅਤੇ ਐਕਸ਼ਨ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੀ ਮੁੱਖ ਮੰਗ ਹੈ ਕਿ ਰਣਜੀਤ ਸਿੰਘ ਨੂੰ ਝੂਠੇ ਮੁਕਾਬਲੇ ਵਿੱਚ ਮਾਰਨ ਵਾਲੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਕਤਲ ਦੀ ਧਾਰਾ 302 ਤਹਿਤ ਮੁਕੱਦਮਾ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਆਪਣੀਆਂ ਮੰਗਾਂ ਦਾ ਪੂਰਤੀ ਲਈ ਅਤੇ ਇਨਸਾਫ ਲੈਣ ਵਾਸਤੇ ਉਹ ਵੱਡੀ ਗਿਣਤੀ ਵਿੱਚ 9 ਮਾਰਚ ਨੂੰ ਡੀਸੀ ਦਫਤਰ ਗੁਰਦਾਸਪੁਰ ਸਾਹਮਣੇ ਧਰਨਾ ਦੇਣਗੇ।
ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਵੱਲੋਂ ਏਐੱਸਆਈ ਅਤੇ ਹੋਮਗਾਰਡ ਜਵਾਨਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿੱਚ ਰਣਜੀਤ ਸਮੇਤ ਗ੍ਰਿਫ਼ਤਾਰ ਕੀਤੇ ਬਾਕੀ ਦੋ ਮੁਲਜ਼ਮਾਂ ਦਿਲਾਵਰ ਸਿੰਘ ਅਤੇ ਇੰਦਰਜੀਤ ਸਿੰਘ ਖ਼ਿਲਾਫ਼ ਯੂਏਪੀਏ ਦੀਆਂ ਸਖ਼ਤ ਧਾਰਾਵਾਂ ਵੀ ਜੋੜ ਦਿੱਤੀਆਂ ਗਈਆਂ ਹਨ। ਪੁਲਿਸ ਦੇ ਦਾਅਵੇ ਅਨੁਸਾਰ ਉਕਤ ਤਿੰਨਾਂ ਮੁਲਜ਼ਮਾਂ ਦੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਨਾਲ ਸਬੰਧ ਸਨ।