ਗੁਰਦਾਸਪੁਰ ਦੇ ਵਕੀਲਾਂ ਨੇ ਜ਼ਿਲ੍ਹਾ ਬਚਾਉਣ ਲਈ ਸੰਘਰਸ਼ ਆਰੰਭਿਆ
ਗੁਰਦਾਸਪੁਰ ਦੇ ਵਕੀਲਾਂ ਨੇ ਜ਼ਿਲ੍ਹਾ ਬਚਾਉਣ ਲਈ ਸੰਘਰਸ਼ ਆਰੰਭਿਆ
Publish Date: Tue, 28 Apr 2026 04:34 PM (IST)
Updated Date: Wed, 29 Apr 2026 04:04 AM (IST)

ਤਿੰਨ ਦਿਨ ਦੀ ਹੜਤਾਲ, ਕੱਲ੍ਹ ਡੀਸੀ ਦਫ਼ਤਰ ਤੱਕ ਮਾਰਚ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਗੁਰਦਾਸਪੁਰ : ਇਕ ਪਾਸੇ ਬਟਾਲਾ ਬਾਰ ਐਸੋਸੀਏਸ਼ਨ ਦੇ ਵਕੀਲ ਬਟਾਲਾ ਨੂੰ ਵੱਖਰਾ ਜ਼ਿਲ੍ਹਾ ਬਣਾਉਣ ਡੀ ਮੰਗ ਲੈ ਕੇ ਲਗਾਤਾਰ ਭੁੱਖ ਹੜਤਾਲ ਤੇ ਬੈਠੇ ਹਨ ਤਾਂ ਦੂਜੇ ਪਾਸੇ ਜ਼ਿਲ੍ਹਾ ਗੁਰਦਾਸਪੁਰ ਦੀ ਮੌਜੂਦਾ ਹੋਂਦ ਨੂੰ ਬਚਾਉਣ ਲਈ ਜ਼ਿਲ੍ਹਾ ਬਾਰ ਐਸੋਸੀਏਸ਼ਨ ਗੁਰਦਾਸਪੁਰ ਦੇ ਵਕੀਲਾਂ ਨੇ ਵੀ ਮੋਰਚਾ ਖੋਲ੍ਹ ਦਿੱਤਾ ਹੈ। ਅੱਜ ਬਾਰ ਐਸੋਸੀਏਸ਼ਨ ਗੁਰਦਾਸਪੁਰ ਦੀ ਜਨਰਲ ਹਾਊਸ ਦੀ ਮੀਟਿੰਗ ਪ੍ਰਧਾਨ ਐਡਵੋਕੇਟ ਰਾਜਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਚ ਵੱਡੀ ਗਿਣਤੀ ਵਿਚ ਵਕੀਲਾਂ ਨੇ ਹਿੱਸਾ ਲਿਆ। ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ ਅਤੇ ਜ਼ਿਲ੍ਹਾ ਗੁਰਦਾਸਪੁਰ ਤੋਂ ਬਟਾਲਾ ਨੂੰ ਤੋੜ ਕੇ ਵੱਖਰਾ ਜ਼ਿਲ੍ਹਾ ਬਣਾਉਣ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਪਹਿਲਾਂ ਇਤਿਹਾਸਕ ਜ਼ਿਲ੍ਹੇ ਨੂੰ ਤੋੜ ਕੇ ਪਠਾਨਕੋਟ ਜ਼ਿਲ੍ਹਾ ਬਣਾ ਦਿੱਤਾ ਗਿਆ। ਹੁਣ ਇਸ ਜ਼ਿਲ੍ਹੇ ਦੇ ਹੋਰ ਟੁਕੜੇ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕੀਤੇ ਜਾਣਗੇ। ਇਸ ਨਾਲ਼ ਇਤਿਹਾਸਕ ਜ਼ਿਲ੍ਹਾ ਗੁਰਦਾਸਪੁਰ ਦਾ ਵਜੂਦ ਹੀ ਖ਼ਤਮ ਹੋ ਜਾਵੇਗਾ। ਦੂਸਰਾ ਸਰਕਾਰੀ ਖਜਾਨੇ ਤੇ ਵੀ ਸੈਂਕੜੇ ਕਰੋੜ ਰੁਪਏ ਦਾ ਬੋਝ ਪਵੇਗਾ। ਇਸ ਮੌਕੇ ਮਤਾ ਪਾਸ ਕੀਤਾ ਗਿਆ ਕਿ ਜ਼ਿਲ੍ਹਾ ਬਚਾਉਣ ਲਈ ਉਹ ਸੰਘਰਸ਼ ਕਰਨਗੇ। ਇਸ ਵਾਸਤੇ 11 ਮੈਂਬਰੀ ਐਕਸ਼ਨ ਕਮੇਟੀ ਬਣਾਈ ਗਈ। ਨਾਲ਼ ਹੀ 30 ਅਪ੍ਰੈਲ ਤੱਕ ਤਿੰਨ ਦਿਨ ਲਈ ਹੜਤਾਲ ਰੱਖਣ ਦਾ ਫੈਸਲਾ ਕੀਤਾ। ਇਹ ਵੀ ਫੈਸਲਾ ਕੀਤਾ ਗਿਆ ਕਿ ਬੁੱਧਵਾਰ ਸਵੇਰੇ ਡੀਸੀ ਦਫ਼ਤਰ ਤੱਕ ਮਾਰਚ ਕੱਢਿਆ ਜਾਵੇਗਾ ਤੇ ਡੀਸੀ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ।