ਸਰਕਾਰ ਕਮਾਲਪੁਰ ਜੱਟਾਂ ਦੇ ਪ੍ਰਭਾਵਿਤ ਜ਼ਮੀਨਾਂ ਦਾ ਮੁਆਵਜ਼ਾ ਤੇ ਕਿਸ਼ਤੀਆਂ ਤੁਰੰਤ ਦੇਵੇ : ਸਰਹੱਦੀ ਕਿਸਾਨ
ਭਾਰਤ ਪਾਕਿਸਤਾਨ ਦੀ ਕੌਮਾਂਤਰੀ ਸਰਹੱਦ 'ਤੇ ਵਸੇ ਬਲਾਕ ਕਲਾਨੌਰ ਦੇ ਪਿੰਡ ਕਮਾਲਪੁਰ ਜੱਟ ਦੇ ਕਿਸਾਨਾਂ ਦੀ ਕੰਡਿਆਲੀ ਤਾਰ ਤੋਂ ਪਾਰ ਸਥਿਤ 1000 ਤੋਂ ਵੱਧ ਜ਼ਮੀਨ ਵਿੱਚ ਕਾਸਤ ਕੀਤੀ ਮਾਂਹ, ਤਿੱਲ ਅਤੇ ਝੋਨੇ ਦੀ ਖੇਤੀ ਰਾਵੀ ਦਰਿਆ ਦੇ ਵਧੇ ਪਾਣੀ ਵਿੱਚ ਡੁੱਬਣ ਕਾਰਨ ਤਬਾਹ ਹੋ ਗਈ ਹੈ।
Publish Date: Fri, 05 Sep 2025 03:24 PM (IST)
Updated Date: Fri, 05 Sep 2025 03:34 PM (IST)

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ : ਭਾਰਤ ਪਾਕਿਸਤਾਨ ਦੀ ਕੌਮਾਂਤਰੀ ਸਰਹੱਦ 'ਤੇ ਵਸੇ ਬਲਾਕ ਕਲਾਨੌਰ ਦੇ ਪਿੰਡ ਕਮਾਲਪੁਰ ਜੱਟ ਦੇ ਕਿਸਾਨਾਂ ਦੀ ਕੰਡਿਆਲੀ ਤਾਰ ਤੋਂ ਪਾਰ ਸਥਿਤ 1000 ਤੋਂ ਵੱਧ ਜ਼ਮੀਨ ਵਿੱਚ ਕਾਸਤ ਕੀਤੀ ਮਾਂਹ, ਤਿੱਲ ਅਤੇ ਝੋਨੇ ਦੀ ਖੇਤੀ ਰਾਵੀ ਦਰਿਆ ਦੇ ਵਧੇ ਪਾਣੀ ਵਿੱਚ ਡੁੱਬਣ ਕਾਰਨ ਤਬਾਹ ਹੋ ਗਈ ਹੈ।
ਸ਼ੁੱਕਰਵਾਰ ਨੂੰ ਜਦੋਂ ਭਾਰਤ ਪਾਕਿਸਤਾਨ ਦੇ ਕੰਢੇ ਵਸੇ ਪਿੰਡ ਕਮਾਲਪੁਰ ਜੱਟਾਂ ਅਤੇ ਸਰਹੱਦ ਦਾ ਦੌਰਾ ਕੀਤਾ ਤਾਂ ਪਿੰਡ ਦੇ ਨੰਬਰਦਾਰ ਅਮਰ ਸਿੰਘ, ਸਾਬਕਾ ਫੌਜੀ ਕੁਲਦੀਪ ਸਿੰਘ, ਹਰਦਿਆਲ ਸਿੰਘ ਸਾਬਕਾ ਸਰਪੰਚ, ਅਮਰਜੀਤ ਸਿੰਘ ਸਰਪੰਚ, ਨਿਰਮਲ ਸਿੰਘ, ਬਲਬੀਰ ਸਿੰਘ, ਜਸ਼ਨਦੀਪ ਸਿੰਘ, ਬਿਕਰਮਜੀਤ ਸਿੰਘ, ਹਰਦੀਪ ਸਿੰਘ, ਸਤਨਾਮ ਸਿੰਘ ,ਪ੍ਰਦੀਪ ਸਿੰਘ, ਬਲਪ੍ਰੀਤ ਸਿੰਘ ਮੁਖਤਾਰ ਸਿੰਘ ਅਤੇ ਬਾਪੂ ਬਖਸ਼ੀਸ਼ ਸਿੰਘ ਆਦਿ ਕਿਸਾਨਾਂ ਨੇ ਦੱਸਿਆ ਕਿ ਉਹ ਸਰਹੱਦ ਦੇ ਕੰਢੇ ਵੱਸਣ ਕਾਰਨ ਰਵੀ ਦਰਿਆ ਦੇ ਪਾਣੀ ਦਾ ਕਹਿਰ ਅਤੇ ਭਾਰਤ ਪਾਕਿਸਤਾਨ ਦੀਆਂ ਜੰਗਾਂ ਦਾ ਸੰਤਾਪ ਆਪਣੇ ਪਿੰਡੇ ਹਢਾਂਉਂਦੇ ਆ ਰਹੇ ਹਨ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਪਿੰਡ ਕਮਾਲਪੁਰ ਜੱਟਾਂ ਦੀ ਕਰੀਬ 1158 ਏਕੜ ਜ਼ਮੀਨ ਦਾ ਰਕਬਾ ਹੈ, ਜਿਸ ਵਿਚੋਂ 950 ਏਕੜ ਰਕਬਾ ਕੰਡਿਆਲੀ ਤਾਰ ਤੋਂ ਪਾਰ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪਿੰਡ ਦੇ ਕਿਸਾਨਾਂ ਵੱਲੋਂ ਕਸਟੋਡੀਅਮ ਦੀ ਜ਼ਮੀਨ ਨੂੰ ਆਬਾਦ ਕਰਕੇ ਪਿਛਲੇ ਕਈ ਸਾਲਾਂ ਤੋਂ ਖੇਤੀ ਕੀਤੀ ਜਾ ਰਹੀ ਹੈ। ਕੰਡਿਆਲੀ ਤਾਰ ਤੋਂ ਪਾਰ 300 ਏਕੜ ਰਕਬੇ ਵਿੱਚ ਮਾਂਹ, 300 ਏਕੜ ਵਿੱਚ ਤਿੱਲ ਅਤੇ 400 ਏਕੜ ਦੇ ਕਰੀਬ ਝੋਨੇ ਦੀ ਬਜਾਈ ਕੀਤੀ ਗਈ ਸੀ। ਖਾਦਾਂ ਸਪਰੇਆਂ ਅਤੇ ਹੱਡ ਭੰਨ੍ਹਵੀ ਮਿਹਨਤ ਕਰਕੇ ਇਨ੍ਹਾਂ ਫ਼ਸਲਾਂ ਨੂੰ ਪਾਲਿਆ ਸੀ। ਜਦੋਂਕਿ ਦਰਿਆ 'ਤੇ ਵਧੇ ਪਾਣੀ ਕਾਰਨ ਉਨ੍ਹਾਂ ਦੀ ਸੋਨੇ ਵਰਗੀ ਫ਼ਸਲ ਤਬਾਹ ਹੋ ਗਈ ਹੈ।