ਰਾਜਕੁਮਾਰ ਕਤਲ ਮਾਮਲੇ ‘ਚ ਚਾਰ ਨਾਮਜ਼ਦ
ਰਾਜਕੁਮਾਰ ਕਤਲ ਮਾਮਲੇ ‘ਚ ਚਾਰ ਨਾਮਜ਼ਦ
Publish Date: Sat, 16 May 2026 05:33 PM (IST)
Updated Date: Sun, 17 May 2026 04:04 AM (IST)
- ਦਾਤਰਾਂ ਤੇ ਲੋਹੇ ਦੀਆਂ ਰਾਡਾਂ ਨਾਲ ਕੀਤਾ ਗਿਆ ਹਮਲਾ
ਫੋਟੋ : ਤਨੁਜ ਕੁਮਾਰ ਮਾਮਲੇ ਸਬੰਧੀ ਜਾਣਕਾਰੀ ਦਿੰਦਾ ਹੋਇਆ।
ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ — ਪਿੰਡ ਗੁਗਰਾ ਨੇੜੇ ਰਾਵੀ ਦਰਿਆ ਦੇ ਕੱਚੇ ਰਸਤੇ ‘ਤੇ ਇਕ ਨੌਜਵਾਨ ’ਤੇ ਹਥਿਆਰਬੰਦ ਹਮਲਾ ਕਰਕੇ ਉਸ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨਰੋਟ ਜੈਮਲ ਸਿੰਘ ਥਾਣਾ ਪੁਲਿਸ ਨੇ ਚਾਰ ਵਿਅਕਤੀਆਂ ਖ਼ਿਲਾਫ਼ ਕਤਲ ਅਤੇ ਹਮਲੇ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਪਿੰਡ ਬੜਾ ਤਲੂਰ ਵਾਸੀ ਤਨੁਜ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਦੋਸਤ ਰਾਜਕੁਮਾਰ ਨੂੰ ਮੋਟਰਸਾਈਕਲ ‘ਤੇ ਗੁਰੂ ਨਾਨਕ ਸਟੋਨ ਕਰੈਸ਼ਰ, ਪਿੰਡ ਗੁਗਰਾ ਵਿਖੇ ਛੱਡਣ ਲਈ ਜਾ ਰਿਹਾ ਸੀ। ਇਸ ਦੌਰਾਨ ਰਾਜਕੁਮਾਰ ਨੇ ਉਸਨੂੰ ਦੱਸਿਆ ਕਿ ਕੁਝ ਵਿਅਕਤੀ ਬੋਲੈਰੋ ਗੱਡੀ ਵਿੱਚ ਉਨ੍ਹਾਂ ਦਾ ਪਿੱਛਾ ਕਰ ਰਹੇ ਹਨ, ਜਿਸ ਕਾਰਨ ਉਹ ਡਰਦੇ ਹੋਏ ਰਾਵੀ ਦਰਿਆ ਨਾਲ ਲੱਗਦੇ ਕੱਚੇ ਰਸਤੇ ਵੱਲ ਮੁੜ ਗਏ।
ਦੋਸ਼ ਹੈ ਕਿ ਠੇਕੇਦਾਰ ਮਕੜਾ ਦੀ ਕੋਠੀ ਨੇੜੇ ਪਹੁੰਚਣ ’ਤੇ ਹਮਲਾਵਰਾਂ ਨੇ ਆਪਣੀ ਗੱਡੀ ਮੋਟਰਸਾਈਕਲ ਅੱਗੇ ਲਗਾ ਕੇ ਉਨ੍ਹਾਂ ਨੂੰ ਰੋਕ ਲਿਆ। ਇਸ ਮਗਰੋਂ ਹਥਿਆਰਾਂ ਨਾਲ ਲੈਸ ਹਮਲਾਵਰਾਂ ਨੇ ਰਾਜਕੁਮਾਰ ’ਤੇ ਤਾਬੜਤੋੜ ਹਮਲਾ ਕਰ ਦਿੱਤਾ। ਹਮਲੇ ਦੌਰਾਨ ਉਸਦੇ ਸਿਰ, ਬਾਂਹਾਂ, ਲੱਤਾਂ ਅਤੇ ਸਰੀਰ ਦੇ ਹੋਰ ਹਿੱਸਿਆਂ ’ਤੇ ਗੰਭੀਰ ਸੱਟਾਂ ਲੱਗੀਆਂ। ਜਦੋਂ ਤਨੁਜ ਕੁਮਾਰ ਨੇ ਆਪਣੇ ਦੋਸਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ’ਤੇ ਵੀ ਹਮਲਾ ਕੀਤਾ ਗਿਆ।
ਸ਼ੋਰ ਪੈਣ ’ਤੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਜ਼ਖ਼ਮੀਆਂ ਨੂੰ ਪਹਿਲਾਂ ਸਿਵਲ ਹਸਪਤਾਲ ਨਰੋਟ ਜੈਮਲ ਸਿੰਘ ਲਿਜਾਇਆ ਗਿਆ, ਜਿੱਥੋਂ ਗੰਭੀਰ ਹਾਲਤ ਦੇ ਚੱਲਦਿਆਂ ਰਾਜਕੁਮਾਰ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਬਾਅਦ ਵਿੱਚ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
ਪੁਲਿਸ ਨੇ ਤਨੁਜ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਬਬਲੀ ਕੁਮਾਰ, ਜਤਿੰਦਰ ਕੁਮਾਰ, ਸੁਨੀਲ ਕੁਮਾਰ ਅਤੇ ਨਵੀ ਮਹਿਰਾ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।