ਪ੍ਰਸਥਾਨ ਆਸ਼ਰਮ ਖਾਨਪੁਰ ’ਚ ਪਾਵਨ ਸਥਾਪਨਾ ਦਿਵਸ 20 ਨੂੰ
ਸਥਾਪਨਾ ਦਿਵਸ 20 ਮਈ ਨੂੰ ਮਨਾਇਆ ਜਾਵੇਗਾ
Publish Date: Sat, 16 May 2026 03:46 PM (IST)
Updated Date: Sun, 17 May 2026 04:01 AM (IST)

ਆਰ. ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਸੰਤ ਵਿਨੋਬਾ ਭਾਵੇ ਜੀ ਦੀ ਪ੍ਰੇਰਣਾ ਸਦਕਾ ਸਥਾਪਿਤ ਪ੍ਰਸਥਾਨ ਆਸ਼ਰਮ ਖਾਨਪੁਰ (ਪਠਾਨਕੋਟ) ਵੱਲੋਂ 67ਵਾਂ ਪਾਵਨ ਸਥਾਪਨਾ ਦਿਵਸ 20 ਮਈ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਹ ਜਾਣਕਾਰੀ ਮੁੱਖ ਸੇਵਾਦਾਰ ਕੀਰਤੀ ਮਿੱਤਲ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਮੌਕੇ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਆਸ਼ਰਮ ਪ੍ਰਾਰਥਨਾ, ਭਜਨ-ਕੀਰਤਨ ਅਤੇ ਆਧਿਆਤਮਿਕ ਵਿਚਾਰਾਂ ਨਾਲ ਭਰਪੂਰ ਵਿਸ਼ੇਸ਼ ਸਮਾਗਮ ਕਰਵਾਇਆ ਜਾਵੇਗਾ। ਸਮਾਗਮ ਦੌਰਾਨ ਵੱਖ-ਵੱਖ ਪ੍ਰਸਿੱਧ ਮਹਾਨੁਭਾਵਾਂ ਵੱਲੋਂ ਮਨੁੱਖਤਾ, ਸੇਵਾ ਅਤੇ ਆਧਿਆਤਮਿਕ ਜੀਵਨ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਜਾਣਗੇ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਨਿਰਮਲ ਦੱਤ ਪ੍ਰਧਾਨ ਖਾਦੀ ਆਸ਼ਰਮ ਪਾਣੀਪਤ ਅਤੇ ਕੇ.ਕੇ. ਸ਼ਾਰਦਾ ਪ੍ਰਧਾਨ ਖਾਦੀ ਸੇਵਾ ਸੰਘ ਜਲੰਧਰ ਸ਼ਿਰਕਤ ਕਰਨਗੇ। ਮੁੱਖ ਬੁਲਾਰੇ ਵਜੋਂ ਆਚਾਰਯ ਵਿਨੋਦ ਸਰੂਪ, ਸਾਬਕਾ ਮੰਤਰੀ ਸੇਵਾਗ੍ਰਾਮ ਆਸ਼ਰਮ ਆਪਣੇ ਵਿਚਾਰ ਪ੍ਰਗਟ ਕਰਨਗੇ, ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਨਰੇਂਦਰ ਕੁਮਾਰ ਯਾਦਵ ਸਾਬਕਾ ਸੀਐੱਮਡੀ ਦੂਰਸੰਚਾਰ ਦਿੱਲੀ ਹਾਜ਼ਰ ਹੋਣਗੇ। ਕੀਰਤੀ ਮਿੱਤਲ ਨੇ ਦੱਸਿਆ ਕਿ ਸਮਾਗਮ ਵਿੱਚ ਦੇਸ਼-ਵਿਦੇਸ਼ ਤੋਂ ਸੰਗਤਾਂ, ਸਹਿਯੋਗੀ ਇਸ਼ਟ ਮਿੱਤਰ ਅਤੇ ਸਮਾਜ ਸੇਵੀ ਸ਼ਖਸੀਅਤਾਂ ਭਾਗ ਲੈਣਗੀਆਂ। ਉਨ੍ਹਾਂ ਸਮੂਹ ਇਲਾਕਾ ਵਾਸੀਆਂ ਨੂੰ ਪਰਿਵਾਰ ਸਮੇਤ ਇਸ ਪਾਵਨ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਸਮਾਗਮ ਉਪਰੰਤ ਪ੍ਰੀਤੀ ਭੋਜ ਦਾ ਵੀ ਪ੍ਰਬੰਧ ਕੀਤਾ ਗਿਆ ਹੈ।