ਐਸਐਸਪੀ ਰਿਹਾਇਸ਼ ਦੇ ਨੇੜੇ ਬੰਦ ਦੁਕਾਨ 'ਤੇ ਗੋਲੀਬਾਰੀ
ਐਸਐਸਪੀ ਰਿਹਾਇਸ਼ ਦੇ ਨੇੜੇ ਬੰਦ ਦੁਕਾਨ 'ਤੇ ਗੋਲੀਬਾਰੀ
Publish Date: Sat, 30 Aug 2025 05:44 PM (IST)
Updated Date: Sun, 31 Aug 2025 04:04 AM (IST)

ਰਮਨਦੀਪ ਘਿਆਲਾ, ਪੰਜਾਬੀ ਜਾਗਰਣ, ਪਠਾਨਕੋਟ : ਸ਼ਹਿਰ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਢਾਂਗੂ ਰੋਡ ਤੇ ਐਸਐਸਪੀ ਪਠਾਨਕੋਟ ਦੀ ਰਿਹਾਇਸ਼ ਤੋਂ ਕੁਝ ਹੀ ਦੂਰੀ ਤੇ ਸਥਿਤ ਇੰਟੀਰੀਅਰ ਸਜਾਵਟ ਦੀ ਬੰਦ ਦੁਕਾਨ ’ਤੇ ਅਣਪਛਾਤੇ ਵਿਅਕਤੀਆਂ ਵੱਲੋਂ ਰਾਤ ਦੇ ਸਮੇਂ ਗੋਲੀ ਚਲਾਉਣ ਦੀ ਵਾਰਦਾਤ ਸਾਹਮਣੇ ਆਈ। ਇਹ ਘਟਨਾ ਨਾ ਸਿਰਫ਼ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰਦੀ ਹੈ ਸਗੋਂ ਵਪਾਰੀ ਵਰਗ ਅਤੇ ਆਮ ਲੋਕਾਂ ਵਿੱਚ ਵੀ ਦਹਿਸ਼ਤ ਪੈਦਾ ਕਰ ਰਹੀ ਹੈ। ਦੁਕਾਨ ਮਾਲਕ ਰਾਹੁਲ ਜੋ ਕਿ ਮਨਵਾਲ ਦਾ ਰਹਿਣ ਵਾਲਾ ਹੈ, ਨੇ ਦੱਸਿਆ ਕਿ ਬੀਤੀ ਰਾਤ ਲਗਭਗ ਪੌਣੇ 8 ਵਜੇ ਉਹ ਆਪਣੀ ਇੰਟੀਰੀਅਰ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਸੀ। ਸਵੇਰੇ ਜਦੋਂ ਉਹ 10 ਵਜੇ ਦੁਕਾਨ ਤੇ ਆਇਆ ਅਤੇ ਸ਼ਟਰ ਖੋਲ੍ਹਿਆ ਤਾਂ ਉਸਨੇ ਵੇਖਿਆ ਕਿ ਕਾਊਂਟਰ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ। ਪਹਿਲਾਂ ਉਸਨੂੰ ਲੱਗਾ ਕਿ ਇਹ ਚੂਹਿਆਂ ਦੇ ਕਾਰਨ ਹੋ ਸਕਦਾ ਹੈ, ਪਰ ਧਿਆਨ ਨਾਲ ਦੇਖਣ ’ਤੇ ਪਤਾ ਲੱਗਿਆ ਕਿ ਸ਼ੀਸ਼ੇ ਵਿੱਚ ਗੋਲੀ ਦਾ ਸੁਰਾਖ ਹੈ। ਦੁਕਾਨ ਦੇ ਅੰਦਰ ਬੰਦੂਕ ਦੀ ਗੋਲ਼ੀ ਦਾ ਖੋਲ੍ਹ ਵੀ ਪਿਆ ਸੀ। ਇਸ ਘਟਨਾ ਨੂੰ ਦੇਖ ਕੇ ਰਾਹੁਲ ਨੇ ਤੁਰੰਤ 112 ਨੰਬਰ ’ਤੇ ਫ਼ੋਨ ਕਰਕੇ ਪੁਲਿਸ ਨੂੰ ਸੂਚਿਤ ਕੀਤਾ। ਕੁਝ ਹੀ ਸਮੇਂ ਵਿੱਚ ਪੁਲਿਸ ਟੀਮ ਮੌਕੇ ’ਤੇ ਪਹੁੰਚ ਗਈ ਅਤੇ ਸਾਰੀ ਜਗ੍ਹਾ ਦਾ ਨਿਰੀਖਣ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐੱਸਪੀ ਸੁਮੇਰ ਸਿੰਘ ਮਾਨ ਆਪਣੇ ਸਟਾਫ਼ ਸਮੇਤ ਮੌਕੇ ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਗੋਲ਼ੀ ਸ਼ਟਰ ਨੂੰ ਚੀਰਦੀ ਹੋਈ ਦੁਕਾਨ ਦੇ ਅੰਦਰ ਦਾਖਲ ਹੋਈ ਅਤੇ ਕਾਊਂਟਰ ਦਾ ਸ਼ੀਸ਼ਾ ਤੋੜਿਆ। ਗੋਲੀ ਦਾ ਖੋਲ ਵੀ ਬਰਾਮਦ ਹੋਇਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਆਸ-ਪਾਸ ਦੀਆਂ ਸਾਰੀਆਂ ਸੀਸੀਟੀਵੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ। ਜਾਂਚ ਵਿੱਚ ਪਤਾ ਲੱਗਿਆ ਹੈ ਕਿ ਰਾਤ ਲੱਗਭੱਗ 12 ਵਜੇ ਦੇ ਕਰੀਬ ਗੋਲ਼ੀ ਚੱਲਣ ਦੀ ਆਵਾਜ਼ ਸੁਣੀ ਗਈ ਸੀ। ਰਾਹੁਲ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ ਅਤੇ ਨਾ ਹੀ ਕਿਸੇ ਵੱਲੋਂ ਉਸਨੂੰ ਧਮਕੀ ਮਿਲੀ ਹੈ। ਉਸਨੇ ਮੰਗ ਕੀਤੀ ਹੈ ਕਿ ਪੁਲਿਸ ਤੁਰੰਤ ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਨੂੰ ਸਖ਼ਤ ਸਜ਼ਾ ਦੇਵੇ। ਇਹ ਵਾਰਦਾਤ ਐੱਸਐੱਸਪੀ ਦੀ ਰਿਹਾਇਸ਼ ਤੋਂ ਕੁਝ ਦੂਰੀ ’ਤੇ ਵਾਪਰਨ ਨਾਲ ਸ਼ਹਿਰ ਦੇ ਵਪਾਰੀ ਵਰਗ ਵਿੱਚ ਖਾਸਾ ਡਰ ਹੈ। ਕਈ ਵਪਾਰੀਆਂ ਨੇ ਕਿਹਾ ਕਿ ਜਦੋਂ ਐਨੀ ਸੁਰੱਖਿਆ ਵਾਲੇ ਇਲਾਕੇ ਵਿੱਚ ਵੀ ਐਸੀ ਘਟਨਾ ਹੋ ਸਕਦੀ ਹੈ ਤਾਂ ਆਮ ਇਲਾਕਿਆਂ ਵਿੱਚ ਸੁਰੱਖਿਆ ਦਾ ਕੀ ਹਾਲ ਹੋਵੇਗਾ? ਉਹਨਾਂ ਮੰਗ ਕੀਤੀ ਕਿ ਰਾਤ ਦੇ ਸਮੇਂ ਗਸ਼ਤ ਵਧਾਈ ਜਾਵੇ ਅਤੇ ਦੁਕਾਨਾਂ ਦੇ ਨੇੜੇ ਪੁਲਿਸ ਦੀ ਮੌਜ਼ੂਦਗੀ ਯਕੀਨੀ ਬਣਾਈ ਜਾਵੇ। ਡੀਐਸਪੀ ਮਾਨ ਨੇ ਕਿਹਾ ਕਿ ਪੁਲਿਸ ਨੇ ਜਾਂਚ ਲਈ ਵਿਸ਼ੇਸ਼ ਟੀਮ ਬਣਾਈ ਹੈ ਅਤੇ ਜਲਦੀ ਹੀ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਿਸ ਨੇ ਸਾਰੇ ਨੇੜਲੇ ਇਲਾਕੇ ਵਿੱਚ ਸੀਸੀਟੀਵੀ ਫੁਟੇਜ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦੀ ਪਛਾਣ ਹੋ ਸਕੇ।