ਗੰਨੇ ਦੀ ਸਬਸਿਡੀ ਨੂੰ ਲੈ ਕੇ ਕਿਸਾਨਾਂ ਨੇ ਅੰਮ੍ਰਿਤਸਰ ਪਠਾਨਕੋਟ ਹਾਈਵੇ ’ਤੇ ਲਾਇਆ ਧਰਨਾ
ਗੰਨੇ ਦੀ ਸਬਸਿਡੀ ਨੂੰ ਲੈ ਕੇ ਕਿਸਾਨਾਂ ਨੇ ਅੰਮ੍ਰਿਤਸਰ ਪਠਾਨਕੋਟ ਹਾਈਵੇ ’ਤੇ ਲਗਾਇਆ ਧਰਨਾ
Publish Date: Sat, 13 Sep 2025 07:21 PM (IST)
Updated Date: Sun, 14 Sep 2025 04:03 AM (IST)

ਸੁਖਦੇਵ ਸਿੰਘ, ਪੰਜਾਬੀ ਜਾਗਰਣ ਬਟਾਲਾ : ਮਾਝਾ ਕਿਸਾਨ ਸੰਘਰਸ਼ ਕਮੇਟੀ ਰਜਿ ਪੰਜਾਬ ਵੱਲੋਂ ਗੰਨੇ ਦੀ ਸਬਸਿਡੀ 61 ਰੁਪਏ ਬਕਾਏ, ਗੰਨੇ ਦੇ ਬਕਾਇਆ ਭੁਗਤਾਨ ਅਤੇ ਝੋਨੇ ਦੀ ਨਵੀਂ ਫਸਲ ਦੀ ਖਰੀਦ ਸੁਚਾਰੂ ਢੰਗ ਨਾਲ ਕਰਾਉਣ ਲਈ ਬਟਾਲਾ ਦੇ ਬਾਈਪਾਸ ਕੰਡਿਆਲ ਮੋੜ ਅੰਮ੍ਰਿਤਸਰ ਪਠਾਨਕੋਟ ਹਾਈਵੇ ਤੇ ਸ਼ਨੀਚਰਵਾਰ ਨੂੰ ਸਵੇਰੇ 11 ਵਜੇ ਤੋਂ ਲਗਾਇਆ ਧਰਨਾ ਦੇਰ ਸ਼ਾਮ ਤੱਕ ਜਾਰੀ ਰਿਹਾ। ਕਿਸਾਨਾਂ ਨੇ ਕਿਹਾ ਕਿ ਗੰਨੇ ਦੀ ਅਦਾਇਗੀ ਜਦੋਂ ਤਕ ਕਿਸਾਨਾਂ ਦੇ ਖਾਤਿਆਂ ’ਚ ਨਹੀਂ ਪੈਂਦੀ ਅੰਮ੍ਰਿਤਸਰ ਪਠਾਣਕੋਟ ਨੈਸ਼ਨਲ ਹਾਈਵੇ ਉੱਤੇ ਧਰਨਾ ਲਗਾਤਾਰ ਜਾਰੀ ਰਹੇਗਾ। ਉਧਰ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਧਰਨਾ ਚੁੱਕਣ ਦੀ ਅਪੀਲ ਕੀਤੀ ਗਈ ਅਤੇ ਕਈ ਵਾਰ ਮੀਟਿੰਗ ਵੀ ਕੀਤੀ ਗਈ, ਪਰ ਕਿਸਾਨ ਜਿੱਦ ਤੇ ਅੜੇ ਹੋਏ ਹਨ ਕਿ ਜਿੰਨਾ ਚਿਰ ਗੰਨੇ ਦਾ ਬਕਾਇਆ ਉਹਨਾਂ ਦੇ ਖਾਤੇ ’ਚ ਨਹੀਂ ਆਉਂਦਾ, ਉਹ ਧਰਨਾ ਨਹੀਂ ਚੁੱਕਣਗੇ। ਇਸ ਮੌਕੇ ਮਾਝਾ ਕਿਸਾਨ ਸੰਘਰਸ਼ ਕਮੇਟੀ ਰਜਿ ਦੇ ਪੰਜਾਬ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਔਲਖ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗੰਨੇ ਦੇ 61 ਰੁਪਏ ਪਿਛਲੇ ਸੀਜ਼ਨ ਦੇ ਦੱਬੇ ਹੋਏ ਹਨ ਜੋ ਅਜੇ ਤੱਕ ਪੰਜਾਬ ਸਰਕਾਰ ਵੱਲੋਂ ਜ਼ਾਰੀ ਨਹੀਂ ਕੀਤੇ ਗਏ ਹਨ।ਉਹਨਾਂ ਦੱਸਿਆ ਕਿ ਇਸ ਨੂੰ ਲੈ ਕੇ ਪਹਿਲਾਂ ਵੀ ਗੁਰਦਾਸਪੁਰ ਬੱਬਰੀ ਬਾਈਪਾਸ ’ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਗੰਨੇ ਦੇ 61 ਰੁਪਏ ਜਲਦੀ ਜਾਰੀ ਕਰ ਦਿੱਤੇ ਜਾਣਗੇ, ਪਰ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਗੰਨੇ ਦੀ ਬਕਾਇਆ ਰਾਸ਼ੀ ਕਿਸਾਨਾਂ ਨੂੰ ਨਹੀਂ ਦਿੱਤੀ ਗਈ। ਰਾਜੂ ਔਲਖ ਨੇ ਕਿਹਾ ਕਿ ਬਟਾਲਾ ਵਿੱਚ ਕਿਸਾਨਾਂ ਵੱਲੋਂ ਤੰਗ ਹੋ ਕੇ ਉੱਤੇ ਧਰਨਾ ਲਗਾਇਆ ਗਿਆ। ਰਾਜੂ ਔਲਖ ਨੇ ਕਿਹਾ ਕਿ ਕਰੀਬ 250 ਕਰੌੜ ਗੰਨੇ ਦਾ ਬਕਾਇਆ ਰਹਿੰਦਾ ਹੈ, ਪਰ ਸਰਕਾਰ ਕਿਸਾਨਾਂ ਨੂੰ ਖੱਜਲ ਖੁਆਰ ਕਰ ਰਹੀ ਹੈ। ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਗੰਨੇ ਦਾ ਬਕਾਇਆ ਤੁਰੰਤ ਕਿਸਾਨਾਂ ਦੇ ਖਾਤਿਆਂ ’ਚ ਨਾ ਪਾਇਆ ਗਿਆ ਤਾਂ ਇਹ ਧਰਨਾ ਲਗਾਤਾਰ ਜਾਰੀ ਰਹੇਗਾ ਅਤੇ ਕਿਸਾਨ ਸੰਯੁਕਤ ਮੋਰਚੇ ’ਚ ਸ਼ਾਮਿਲ ਦੂਜੀਆਂ ਕਿਸਾਨ ਜਥੇਬੰਦੀਆਂ ਵੀ ਇਸ ਧਰਨੇ ’ਤੇ ਆ ਬੈਠਣਗੀਆਂ। ਇਸੇ ਧਰਨੇ ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੁਆਬਾ ਕਿਸਾਨ ਸੰਘਰਸ਼ ਕਮੇਟੀ ਅਤੇ ਹੋਰ ਕਿਸਾਨ ਜਥੇਬੰਦੀਆਂ ਵੀ ਸ਼ਾਮਿਲ ਹਨ। ਇਸ ਮੌਕੇ ਬਲਵਿੰਦਰ ਸਿੰਘ ਰਾਜੂ, ਸੁਖਜਿੰਦਰ ਸਿੰਘ, ਗੁਰਪ੍ਰੀਤ ਸਿੰਘ ਬੋਪਾਰਾਏ, ਰਾਜੂ ਭਿੰਡਰ, ਬਲਕਾਰ ਸਿੰਘ ਫੁੱਲੜਾ, ਸੋਨੂੰ ਚੱਢਾ, ਨਿਸ਼ਾਨ ਸਿੰਘ ਔਲਖ, ਨਿਸ਼ਾਨ ਸਿੰਘ ਲੰਬੜਦਾਰ ਰਾਜਪੁਰ,ਕੁਲਦੀਪ ਸਿੰਘ ਡੇਅਰੀਵਾਲ, ਸੁਖਮਨ ਸਿੰਘ ਡੇਅਰੀਵਾਲ, ਤਰਸੇਮ ਸਿੰਘ ਡੇਅਰੀਵਾਲ, ਬਲਜੀਤ ਸਿੰਘ ਡੇਅਰੀਵਾਲ, ਗੋਰਾ ਲੰਬੜਦਾਰ ਡੇਅਰੀਵਾਲ, ਰੋਸ਼ਨ ਖਾਨ ਪ੍ਰਧਾਨ ਹੁਸ਼ਿਆਰਪੁਰ, ਸੁਖਜਿੰਦਰ ਸਿੰਘ ਕੱਥੋਵਾਲ, ਬਲਵਿੰਦਰ ਸਿੰਘ ਡੇਹਰੀਵਾਲ, ਅਮਰੀਕ ਸਿੰਘ, ਮਨੋਹਰ ਸਿੰਘ ਕਾਹਨੂੰਵਾਨ,ਸਤਨਾਮ ਸਿੰਘ ਪ੍ਰਧਾਨ ਦੁਨੀਆ ਸੰਧੂ ਆਦਿ ਹਾਜ਼ਰ ਸਨ। ------------ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕਿਸਾਨਾਂ ਨਾਲ ਮੀਟਿੰਗ ਰਹੀ ਬੇਸਿੱਟਾ...... ਸ਼ਨੀਚਰਵਾਰ ਦੁਪਹਿਰ ਵੇਲੇ ਯੂਨੀਅਨ ਆਗੂਆਂ ਦੀ ਐੱਸਡੀਐੱਮ ਗੁਰਦਾਸਪੁਰ ਮਨਜੀਤ ਸਿੰਘ, ਮੁੱਖ ਖੇਤੀਬਾੜੀ ਗੁਰਦਾਸਪੁਰ ਅਫਸਰ ਡਾ. ਅਮਰੀਕ ਸਿੰਘ, ਜੀਐੱਮ ਕਿਰਨਦੀਪ ਕੌਰ ਸ਼ੂਗਰ ਮਿੱਲ ਬਟਾਲਾ ਨਾਲ ਮੀਟਿੰਗ ਹੋਈ ਅਤੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਇੱਕ ਹਫ਼ਤੇ ਦੇ ਅੰਦਰ-ਅੰਦਰ ਅਦਾਇਗੀਆਂ ਜਾਰੀ ਕਰਨ ਦਾ ਭਰੋਸਾ ਦਿੱਤਾ, ਪਰ ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਸਾਨੂੰ ਇਹ ਲਿਖਤੀ ਰੂਪ ਵਿੱਚ ਦਿਓ ਅਤੇ ਇਹ ਵੀ ਕਿਹਾ ਕਿ ਜੇਕਰ ਇੱਕ ਹਫ਼ਤੇ ਦੇ ਅੰਦਰ ਅਦਾਇਗੀਆਂ ਜਾਰੀ ਨਹੀਂ ਕੀਤੀਆਂ ਜਾਂਦੀਆਂ ਤਾਂ ਇਸ ਸੰਬੰਧੀ ਜ਼ਿੰਮੇਵਾਰ ਵਿਅਕਤੀ ਵਿਰੁੱਧ ਕਾਰਵਾਈ ਕੀਤੀ ਜਾਵੇ। ਅਧਿਕਾਰੀਆਂ ਵੱਲੋਂ ਭਰੋਸਾ ਦੇਣ ਦੇ ਬਾਵਜੂਦ ਵੀ ਕਿਸਾਨ ਧਰਨੇ ’ਤੇ ਬੈਠੇ ਰਹੇ। ---- ਲੋਕ ਹੋਏ ਪ੍ਰੇਸ਼ਾਨ ਟਰੈਫਿਕ ਕੀਤੀ ਡਾਇਵਰਟ... ਕਿਸਾਨਾਂ ਵੱਲੋਂ ਗੰਨੇ ਦੇ ਬਕਾਏ ਨੂੰ ਲੈ ਕੇ ਲਗਾਏ ਨੈਸ਼ਨਲ ਹਾਈਵੇ ’ਤੇ ਧਰਨੇ ਕਾਰਨ ਲੋਕ ਪ੍ਰੇਸ਼ਾਨ ਰਹੇ। ਬਟਾਲਾ ਕੰਡਿਆਲ ਬਾਈਪਾਸ ਮੋੜ ’ਤੇ ਧਰਨੇ ਕਾਰਨ ਟਰੱਕਾਂ ਬੱਸਾਂ ਦੇ ਵੱਡੇ ਜਾਮ ਲੱਗੇ ਰਹੇ ਅਤੇ ਲੋਕ ਗਰਮੀ ’ਚ ਮੁਸ਼ਕਲਾਂ ’ਚ ਫਸੇ ਰਹੇ। ਉਧਰ ਬਟਾਲਾ ਪੁਲਿਸ ਨੇ ਧਰਨੇ ਨੂੰ ਮੁੱਖ ਰੱਖਦਿਆਂ ਟਰੈਫਿਕ ਨੂੰ ਪੇਂਡੂ ਰਸਤਿਆਂ ਰਾਹੀਂ ਡਾਇਵਰਟ ਕੀਤਾ। ਪੁਲਿਸ ਨੇ ਪਠਾਨਕੋਟ ਵਾਲੇ ਪਾਸਿਓਂ ਆਉਣ ਵਾਲੀ ਟਰੈਫਿਕ ਨੂੰ ਸਤਕੋਹਾ ਮੋੜ ਤੋਂ ਤਾਰਾਗੜ੍ਹ ਪੇਂਡੂ ਲਿੰਕ ਏਰੀਏ ਰਾਹੀਂ ਚਾਲੂ ਕੀਤਾ। ਇਸੇ ਤਰ੍ਹਾਂ ਅੰਮ੍ਰਿਤਸਰ ਬਟਾਲਾ ਤੋਂ ਪਠਾਨਕੋਟ ਜਾਣ ਵਾਲੇ ਵਾਹਨਾਂ ਨੂੰ ਕਾਹਨੂੰਵਾਨ ਰੋਡ ਰਾਹੀਂ ਡਾਇਵਰਟ ਕੀਤਾ।