ਕਿਸਾਨ ਜਥੇਬੰਦੀਆਂ ਵੱਲੋਂ ਪੁਲਿਸ ਪ੍ਰਸ਼ਾਸਨ ਤੱਕ ਪਹੁੰਚ, ਡਾ. ਰਮਿੰਦਰ ਸਿੰਘ ਵਿਰੁੱਧ ਹੋਈ ਕਾਰਵਾਈ 'ਤੇ ਜਤਾਇਆ ਇਤਰਾਜ਼
ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਦਾ ਵਫਦ ਡੀ.ਐੱਸ.ਪੀ ਸਿਟੀ ਸੁਖਇੰਦਰ ਸਿੰਘ ਨੂੰ ਮਿਲਿਆ। ਇਸ ਦੌਰਾਨ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਲੋਂ ਡੀ.ਐੱਸ.ਪੀ ਸਿਟੀ ਨੂੰ ਇਕ ਮੰਗ ਪੱਤਰ ਦਿੱਤਾ ਗਿਆ ਜਿਸ ਵਿਚ ਉਨ੍ਹਾਂ ਵਲੋਂ ਪਿੰਡ ਭਾਮ ਦੇ ਡਾ. ਰਮਿੰਦਰ ਸਿੰਘ ਦੇ ਵਿਰੁੱਧ ਦਰਜ ਕੀਤੇ ਗਏ ਕੇਸ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ।
Publish Date: Sat, 30 May 2026 03:41 PM (IST)
Updated Date: Sat, 30 May 2026 03:43 PM (IST)
ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ - ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਦਾ ਵਫਦ ਡੀ.ਐੱਸ.ਪੀ ਸਿਟੀ ਸੁਖਇੰਦਰ ਸਿੰਘ ਨੂੰ ਮਿਲਿਆ। ਇਸ ਦੌਰਾਨ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਲੋਂ ਡੀ.ਐੱਸ.ਪੀ ਸਿਟੀ ਨੂੰ ਇਕ ਮੰਗ ਪੱਤਰ ਦਿੱਤਾ ਗਿਆ ਜਿਸ ਵਿਚ ਉਨ੍ਹਾਂ ਵਲੋਂ ਪਿੰਡ ਭਾਮ ਦੇ ਡਾ. ਰਮਿੰਦਰ ਸਿੰਘ ਦੇ ਵਿਰੁੱਧ ਦਰਜ ਕੀਤੇ ਗਏ ਕੇਸ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਜਥੇਬੰਦੀਆਂ ਦੇ ਆਗੂ ਬਖਸ਼ੀਸ਼ ਸਿੰਘ, ਰਣਜੀਤ ਸਿੰਘ, ਗੁਰਪ੍ਰੀਤ ਸਿੰਘ, ਅਨੋਖ ਸਿੰਘ ਆਦਿ ਨੇ ਕਿਹਾ ਕਿ ਡਾ. ਰਮਿੰਦਰ ਸਿੰਘ ਕਿਰਤੀ ਕਿਸਾਨ ਯੂਨੀਅਨ ਦੇ ਸਰਗਰਮ ਆਗੂ ਹਨ। ਉਨ੍ਹਾਂ ਕਿਹਾ ਕਿ ਡਾ. ਰਮਿੰਦਰ ਸਿੰਘ ਦੇ ਇਕ ਰਿਸ਼ਤੇਦਾਰ ਵਿਰੁੱਧ ਥਾਣਾ ਸੇਖਵਾਂ ਦੀ ਪੁਲਸ ਵਲੋਂ ਕੇਸ ਦਰਜ ਕੀਤਾ ਗਿਆ ਜੋ ਇਸ ਸਮੇਂ ਕੇਂਦਰੀ ਜੇਲ੍ਹ ਗੁਰਦਾਸਪੁਰ ’ਚ ਬੰਦ ਹਨ। ਉਨ੍ਹਾਂ ਕਿਹਾ ਕਿ ਡਾ. ਰਮਿੰਦਰ ਸਿੰਘ ਦਾ ਇਸ ਕੇਸ ’ਚ ਕੋਈ ਲੈਣ ਦੇਣ ਨਹੀਂ ਸੀ ਪਰ ਪੁਲਸ ਪ੍ਰਸ਼ਾਸਨ ਵਲੋਂ ਸਿਆਸੀ ਦਬਾਅ ਹੇਠ ਡਾ. ਰਮਿੰਦਰ ਸਿੰਘ ਨੂੰ ਇਸ ਕੇਸ ’ਚ ਨਾਮਜ਼ਦ ਕੀਤਾ ਗਿਆ ਹੈ, ਜੋ ਕਿ ਸਰਾਸਰ ਗਲਤ ਹੈ।
ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਵਲੋਂ ਡੀ.ਐੱਸ.ਪੀ ਸਿਟੀ ਸੁਖਇੰਦਰ ਸਿੰਘ ਨਾਲ ਮੁਲਾਕਾਤ ਕੀਤੀ ਗਈ ਹੈ ਅਤੇ ਉਨ੍ਹਾਂ ਇਸ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਜਿਸ ਤੋਂ ਬਾਅਦ ਡੀ.ਐੱਸ.ਪੀ ਸੁਖਇੰਦਰ ਸਿੰਘ ਵਲੋਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਪੁਲਸ ਵਲੋਂ ਇਸ ਮਾਮਲੇ ਦੀ ਉਚ ਪੱਧਰੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਪੁਲਸ ਪ੍ਰਸ਼ਾਸਨ ਨੇ ਡਾ. ਰਮਿੰਦਰ ਸਿੰਘ ਨੂੰ ਇਸ ਪਰਚੇ ’ਚੋਂ ਬਾਹਰ ਨਾ ਕੱਢਿਆ ਤਾਂ ਕਿਸਾਨ ਜਥੇਬੰਦੀਆਂ ਵਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।