ਐਕਸਾਈਜ਼ ਵਿਭਾਗ ਨੇ ਵੱਖ-ਵੱਖ ਪਿੰਡਾਂ ਵਿੱਚ ਕੀਤੀ ਛਾਪੇਮਾਰੀ
ਐਕਸਾਈਜ਼ ਵਿਭਾਗ ਨੇ ਵੱਖ-ਵੱਖ ਪਿੰਡਾਂ ਵਿੱਚ ਕੀਤੀ ਛਾਪੇਮਾਰੀ, 760 ਲੀਟਰ ਲਾਹਣ ਅਤੇ 54 ਲੀਟਰ ਨਾਜਾਇਜ਼ ਸ਼ਰਾਬ ਬਰਾਮਦ
Publish Date: Sat, 09 May 2026 04:01 PM (IST)
Updated Date: Sun, 10 May 2026 04:01 AM (IST)
760 ਲੀਟਰ ਲਾਹਣ ਅਤੇ 54 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ : ਐਕਸਾਈਜ਼ ਵਿਭਾਗ ਦੀ ਟੀਮ ਨੇ ਪੁਲਿਸ ਨਾਲ ਮਿਲ ਕੇ ਸਰਕਲ ਗੁਰਦਾਸਪੁਰ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਵਿੱਚ ਛਾਪੇਮਾਰੀ ਕੀਤੀ। ਇਸ ਦੌਰਾਨ ਟੀਮ ਨੇ ਪਿੰਡ ਹਰਦੋਬਥਵਾਲਾ, ਲਾਖੋਵਾਲ, ਹੇਮਰਾਜਪੁਰ, ਤੁੰਗ, ਵਰਸੋਲਾ, ਚੱਗੂਵਾਲ, ਕਾਲਾ ਨੰਗਲ, ਦੇਯੋਲ, ਆਲੇਚੱਕ ਅਤੇ ਨਬੀਪੁਰ ਦਾ ਨਿਰੀਖਣ ਕੀਤਾ। ਕਾਰਵਾਈ ਦੌਰਾਨ ਪਿੰਡ ਚੱਗੂਵਾਲ ਦੇ ਨਾਲ਼ਿਆਂ ਦੇ ਕੰਢੇ ਤੋਂ ਟੀਮ ਨੇ 46 ਪਲਾਸਟਿਕ ਦੀਆਂ ਬਾਲਟੀਆਂ ਵਿੱਚ ਰੱਖੀ 760 ਲੀਟਰ ਲਾਹਣ ਅਤੇ 27 ਪਲਾਸਟਿਕ ਦੀਆਂ ਪੈਪਸੀ ਦੀਆਂ ਬੋਤਲਾਂ ਵਿੱਚ ਭਰੀ 54 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਜਿਸ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਪਿੰਡ ਚੱਗੂਵਾਲ ਵਿੱਚ ਕੁਝ ਕਥਿਤ ਸ਼ਰਾਬ ਤਸਕਰਾਂ ਦੇ ਘਰਾਂ ਦੀ ਵੀ ਤਲਾਸ਼ੀ ਲਈ ਗਈ। ਹਾਲਾਂਕਿ ਉੱਥੋਂ ਕੋਈ ਵੀ ਸ਼ੱਕੀ ਸਾਮਾਨ ਜਾਂ ਨਾਜਾਇਜ਼ ਸ਼ਰਾਬ ਬਰਾਮਦ ਨਹੀਂ ਹੋਈ। ਇੰਸਪੈਕਟਰ ਦੀਪਕ ਕੁਮਾਰ ਨੇ ਦੱਸਿਆ ਕਿ ਸ਼ਰਾਬ ਦਾ ਨਾਜਾਇਜ਼ ਤੌਰ ਤੇ ਧੰਦਾ ਕਰਨ ਵਾਲੇ ਲੋਕਾਂ ਵਿਰੁੱਧ ਐਕਸਾਈਜ਼ ਵਿਭਾਗ ਵੱਲੋਂ ਸਮੇਂ-ਸਮੇਂ ’ਤੇ ਚੈਕਿੰਗ ਮੁਹਿੰਮ ਚਲਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਧੰਦਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੀ ਕਾਰਵਾਈ ਜਾਰੀ ਰਹੇਗੀ।