ਬਟਾਲਾ ਦੇ ਨਜ਼ਦੀਕੀ ਪਿੰਡ ਸਰੂਪਵਾਲੀ ਵਿਖੇ ਪੁਲਿਸ ਅਤੇ ਕਤਲ ਕੇਸ ’ਚ ਲੌੜੀਂਦੇ ਵਿਅਕਤੀ ਵਿਚਕਾਰ ਹੋਈ ਮੁਠਭੇੜ ਦੌਰਾਨ ਉਕਤ ਵਿਅਕਤੀ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ।ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਬਟਾਲਾ ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਬਟਾਲਾ ਪੁਲਿਸ ਵਲੋਂ ਗੈਂਗਸਟਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਦੇ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਅੱਜ ਥਾਣਾ ਸਦਰ ਦੇ ਐੱਸਐੱਚਓ ਬਿਕਰਮ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਛਿੱਤ ’ਚ ਸਥਿਤ ਇਕ ਮੋਟਰ ’ਤੇ 2 ਵਿਅਕਤੀ ਬੈਠੇ ਹੋਏ ਹਨ ਅਤੇ ਉਨ੍ਹਾਂ ਕੋਲ ਹਥਿਆਰ ਹਨ।

ਸ਼ਾਮ ਤਿਵਾੜੀ, ਪੰਜਾਬੀ ਜਾਗਰਣ , ਬਟਾਲਾ : ਬਟਾਲਾ ਦੇ ਨਜ਼ਦੀਕੀ ਪਿੰਡ ਸਰੂਪਵਾਲੀ ਵਿਖੇ ਪੁਲਿਸ ਅਤੇ ਕਤਲ ਕੇਸ ’ਚ ਲੌੜੀਂਦੇ ਵਿਅਕਤੀ ਵਿਚਕਾਰ ਹੋਈ ਮੁਠਭੇੜ ਦੌਰਾਨ ਉਕਤ ਵਿਅਕਤੀ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ।ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਬਟਾਲਾ ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਬਟਾਲਾ ਪੁਲਿਸ ਵਲੋਂ ਗੈਂਗਸਟਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਦੇ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਅੱਜ ਥਾਣਾ ਸਦਰ ਦੇ ਐੱਸਐੱਚਓ ਬਿਕਰਮ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਛਿੱਤ ’ਚ ਸਥਿਤ ਇਕ ਮੋਟਰ ’ਤੇ 2 ਵਿਅਕਤੀ ਬੈਠੇ ਹੋਏ ਹਨ ਅਤੇ ਉਨ੍ਹਾਂ ਕੋਲ ਹਥਿਆਰ ਹਨ। ਉਨ੍ਹਾਂ ਕਿਹਾ ਕਿ ਇਸ ਦੌਰਾਨ ਜਦ ਐੱਸਐੱ.ਓ ਬਿਕਰਮ ਸਿੰਘ ਪੁਲਿਸ ਪਾਰਟੀ ਸਮੇਤ ਪਿੰਡ ਛਿੱਤ ’ਚ ਪਹੁੰਚੇ ਤਾਂ ਪੁਲਿਸ ਵਲੋਂ ਇਕ ਵਿਅਕਤੀ ਗੁਰਪ੍ਰੀਤ ਸਿੰਘ ਵਾਸੀ ਬੱਜੂਮਾਨ ਨੂੰ ਕਾਬੂ ਕਰ ਲਿਆ ਗਿਆ ਜਦਕਿ ਦੂਸਰਾ ਵਿਅਕਤੀ ਸੰਦੀਪ ਸਿੰਘ ਉਰਫ ਸੰਨੀ ਵਾਸੀ ਬੱਲ ਕਲਾਂ ਥਾਣਾ ਕੰਬੋਹ ਦਿਹਾਤੀ ਅੰਮ੍ਰਿਤਸਰ ਮੌਕੇ ਤੋਂ ਫਰਾਰ ਹੋ ਗਿਆ।
ਉਨ੍ਹਾਂ ਕਿਹਾ ਕਿ ਜਦ ਪੁਲਿਸ ਵਲੋਂ ਉਕਤ ਵਿਅਕਤੀ ਦਾ ਪਿੱਛਾ ਕੀਤਾ ਗਿਆ ਤਾਂ ਉਸ ਵਲੋਂ ਆਪਣੇ ਪਿਸਟਲ ਨਾਲ ਪੁਲਸ ਪਾਰਟੀ ’ਤੇ ਫਾਇਰਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਸੰਦੀਪ ਸਿੰਘ ਉਰਫ ਸੰਨੀ ਭੱਜਦਾ ਹੋਇਆ ਪਿੰਡ ਸਰੂਪਵਾਲੀ ਦੇ ਖੇਤਾਂ ’ਚ ਪਹੁੰਚ ਗਿਆ ਅਤੇ ਉਸ ਵਲੋਂ ਫਿਰ ਪੁਲਿਸ ’ਤੇ ਫਾਇਰ ਕੀਤੇ ਗਏ, ਜਿਸ ਤੋਂ ਬਾਅਦ ਪੁਲਿਸ ਪਾਰਟੀ ਵਲੋਂ ਕੀਤੀ ਗਈ ਜਵਾਬੀ ਫਾਇਰਿੰਗ ਦੌਰਾਨ ਉਕਤ ਵਿਅਕਤੀ ਦੀ ਲੱਤ ’ਚ ਗੋਲੀ ਲੱਗ ਗਈ ਅਤੇ ਉਹ ਜ਼ਖਮੀ ਹੋ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਨੇ ਸੰਦੀਪ ਸਿੰਘ ਨੂੰ ਕਾਬੂ ਕਰਕੇ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ ਹੈ।
ਐੱਸਐੱਸਪੀ ਨੇ ਦੱਸਿਆ ਕਿ ਸੰਦੀਪ ਸਿੰਘ ਉਰਫ ਸੰਨੀ ਵਿਰੁੱਧ ਇਕ ਕਤਲ ਦੇ ਮੁਕੱਦਮੇ ਸਮੇਤ ਹੋਰ ਵੀ ਕੇਸ ਦਰਜ ਹਨ ਅਤੇ ਇਹ ਪੁਲਿਸ ਨੂੰ ਇਨ੍ਹਾਂ ਮਾਮਲਿਆਂ ’ਚ ਲੋੜੀਂਦਾ ਸੀ। ਉਨ੍ਹਾਂ ਕਿਹਾ ਕਿ ਫਿਲਹਾਲ ਪੁਲਿਸ ਵਲੋਂ ਉਕਤ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਵਿਅਕਤੀ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਹੋਰ ਖੁਲਾਸੇ ਹੋਣ ਦੀ ਉਮੀਦ ਹੈ। ਇਸ ਮੌਕੇ ਉਨ੍ਹਾਂ ਨਾਲ ਐੱਸਪੀਡੀ ਸੰਦੀਪ ਵਡੇਹਰਾ, ਡੀਐੱਸਪੀ ਫਤਿਹਗੜ੍ਹ ਚੂੜੀਆਂ ਲਲਿਤ ਕੁਮਾਰ, ਐੱਸਐੱਚਓ ਬਿਕਰਮ ਸਿੰਘ, ਸੀਆਈਏ ਸਟਾਫ ਬਟਾਲਾ ਦੇ ਇੰਚਾਰਜ ਸੁਖਰਾਜ ਸਿੰਘ, ਏਐੱਸਆਈ ਰਮੇਸ਼ ਕੁਮਾਰ ਆਦਿ ਹਾਜ਼ਰ ਸਨ।