ਕਲਾਨੌਰ ਡਿਸਟਰੀਬਿਊਟਰੀ ਦੀ ਸਫਾਈ ਨਾ ਹੋਣ ਕਾਰਨ ਪਾਣੀ ਹੋ ਰਿਹੈ ਓਵਰਫਲੋ, ਥਾਂ-ਥਾਂ ਤੋਂ ਟੁੱਟ ਰਹੇ ਕਿਨਾਰੇ; ਪਿੰਡ ਦੇ ਲੋਕਾਂ ਨੇ ਸੰਭਾਲੀ ਕਮਾਂਡ
ਬਾਰਡਰ ਏਰੀਏ ਦੇ ਲੋਕ ਜਿੱਥੇ ਪਹਿਲਾਂ ਹੀ ਰਾਵੀ ਦਰਿਆ ਅਤੇ ਸੱਕੀ ਕਿਰਨ ਨਾਲੇ ਨਾਲ ਹੋਈ ਫ਼ਸਲਾਂ ਅਤੇ ਘਰਾਂ ਦੀ ਤਬਾਹੀ ਦਾ ਸੰਤਾਪ ਭੋਗ ਰਹੇ ਹਨ। ਉੱਥੇ ਬਲਾਕ ਕਲਾਨੌਰ ਦੇ ਸਰਹੱਦੀ ਪਿੰਡਾਂ ਵਿੱਚੋਂ ਗੁਜ਼ਰਦੀ ਕਲਾਨੌਰ ਡਿਸਟਰੀਬਿਊਟਰੀ ਦੀ ਸਫਾਈ ਸਬੰਧਤ ਵਿਭਾਗ ਵੱਲੋਂ ਨਾ ਕਰਵਾਉਣ ਕਾਰਨ ਪਾਣੀ ਓਵਰਫਲੋ ਹੋਣ ਤੋਂ ਇਲਾਵਾ ਥਾਂ-ਥਾਂ 'ਤੇ ਕਿਨਾਰੇ ਟੁੱਟਣ ਕਾਰਨ ਕਿਸਾਨਾਂ ਦੀ ਝੋਨੇ ਦੀ ਫਸਲ ਬਰਬਾਦ ਹੋ ਰਹੀ ਹੈ।
Publish Date: Fri, 05 Sep 2025 04:05 PM (IST)
Updated Date: Fri, 05 Sep 2025 04:06 PM (IST)

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ : ਬਾਰਡਰ ਏਰੀਏ ਦੇ ਲੋਕ ਜਿੱਥੇ ਪਹਿਲਾਂ ਹੀ ਰਾਵੀ ਦਰਿਆ ਅਤੇ ਸੱਕੀ ਕਿਰਨ ਨਾਲੇ ਨਾਲ ਹੋਈ ਫ਼ਸਲਾਂ ਅਤੇ ਘਰਾਂ ਦੀ ਤਬਾਹੀ ਦਾ ਸੰਤਾਪ ਭੋਗ ਰਹੇ ਹਨ। ਉੱਥੇ ਬਲਾਕ ਕਲਾਨੌਰ ਦੇ ਸਰਹੱਦੀ ਪਿੰਡਾਂ ਵਿੱਚੋਂ ਗੁਜ਼ਰਦੀ ਕਲਾਨੌਰ ਡਿਸਟਰੀਬਿਊਟਰੀ ਦੀ ਸਫਾਈ ਸਬੰਧਤ ਵਿਭਾਗ ਵੱਲੋਂ ਨਾ ਕਰਵਾਉਣ ਕਾਰਨ ਪਾਣੀ ਓਵਰਫਲੋ ਹੋਣ ਤੋਂ ਇਲਾਵਾ ਥਾਂ-ਥਾਂ 'ਤੇ ਕਿਨਾਰੇ ਟੁੱਟਣ ਕਾਰਨ ਕਿਸਾਨਾਂ ਦੀ ਝੋਨੇ ਦੀ ਫਸਲ ਬਰਬਾਦ ਹੋ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਬੋਹੜ ਵਡਾਲਾ, ਵੱਡਾ ਸ਼ਹੂਰ, ਰੁਡਿਆਣਾ ਅਤੇ ਬੋਹੜ ਵਡਾਲਾ ਦੇ ਕਿਸਾਨ ਗਿਆਨੀ ਹਰਭਜਨ ਸਿੰਘ, ਜਤਿੰਦਰ ਸਿੰਘ, ਗੁਰਮੁਖ ਸਿੰਘ, ਗੁਰਮੀਤ ਸਿੰਘ, ਤਰਸੇਮ ਸਿੰਘ, ਨੰਬਰਦਾਰ ਸੁਰਜੀਤ ਸਿੰਘ ,ਰੇਸਮ ਸਿੰਘ ,ਬਾਬਾ ਸੁੱਖਾ, ਸੋਨੂ, ਸਤਨਾਮ ਸਿੰਘ, ਗੁਰਦੀਪ ਸਿੰਘ ਸਰਪੰਚ, ਗੁਰਵਿੰਦਰ ਸਿੰਘ ,ਗੁਰਪ੍ਰੀਤ ਸਿੰਘ, ਪ੍ਰਹਿਲਾਦ ਸਿੰਘ, ਪਲਵਿੰਦਰ ਸਿੰਘ ਬੋਹੜ ਵਡਾਲਾ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡਾਂ ਵਿੱਚੋਂ ਦੀ ਗੁਜ਼ਰਦੀ ਕਲਾਨੌਰ ਡਿਸਟਰੀਬਿਊਟਰੀ ਦਾ ਪਾਣੀ ਓਵਰਫਲੋ ਹੋਣ ਕਾਰਨ ਜਿੱਥੇ ਖੇਤਾਂ ਅਤੇ ਸੜਕਾਂ 'ਤੇ ਪੈ ਰਿਹਾ ਹੈ ਉੱਥੇ ਸਫਾਈ ਨਾ ਹੋਣ ਕਾਰਨ ਪਾਣੀ ਦੀ ਨਿਕਾਸੀ ਨਾ ਮਾਤਰ ਹੋਣ ਕਰਕੇ ਡਿਸਟਰੀਬਿਊਟਰੀ ਦੇ ਕਿਨਾਰੇ ਥਾਂ-ਥਾਂ ਤੋਂ ਟੁੱਟ ਰਹੇ ਹਨ। ਇਸ ਮੌਕੇ ਉਨ੍ਹਾਂ ਦੱਸਿਆ ਕਿ ਡਿਸਟਰੀਬਿਊਟਰੀ ਦੇ ਕਿਨਾਰੇ ਟੁੱਟਣ ਕਾਰਨ ਝੋਨੇ ਦੇ ਖੇਤਾਂ ਵਿੱਚ ਪੈ ਰਹੇ ਪਾਣੀ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਝੋਨੇ ਦੀ ਫਸਲ ਬਰਬਾਦ ਹੋ ਰਹੀ ਹੈ।
ਡਿਸਟਰੀਬਿਊਟਰੀ ਦੀ ਸਫਾਈ ਨੂੰ ਲੈ ਕੇ ਦੋ ਮਹੀਨੇ ਪਹਿਲਾਂ ਸੰਬੰਧਿਤ ਵਿਭਾਗ ਨੂੰ ਮਿਲ ਕੇ ਮੰਗ ਵੀ ਕੀਤੀ ਗਈ ਸੀ ਪਰ ਅਫਸੋਸ ਕਿ ਕਿਸੇ ਵੀ ਅਧਿਕਾਰੀ ਨੇ ਸਫਾਈ ਨਹੀਂ ਕਰਵਾਈ, ਜਿਸ ਕਾਰਨ ਇਸ ਵੇਲੇ ਪਾਣੀ ਓਵਰਫਲੋ ਹੋਣ ਕਾਰਨ ਥਾਂ-ਥਾਂ 'ਤੇ ਕਿਨਾਰੇ ਟੁੱਟੇ ਹੋਏ ਹਨ ਅਤੇ ਪਾਣੀ ਖੇਤਾਂ ਵਿੱਚ ਪੈਣ ਕਾਰਨ ਫਸਲਾਂ ਬਰਬਾਦ ਹੋ ਰਹੀਆਂ ਹਨ।
ਇਸ ਮੌਕੇ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਸਾਰ ਨਾ ਲੈਣ 'ਤੇ ਉਹ ਖੁਦ ਜੇਸੀਬੀ ਮਸ਼ੀਨ ਨਾਲ ਸਫਾਈ ਕਰਵਾ ਰਹੇ ਹਨ। ਉਹ ਆਪਣੇ ਇਸ ਖੇਤਰ ਵਿੱਚ ਚਾਰ ਕਿਲੋਮੀਟਰ ਏਰੀਏ ਵਿੱਚ ਸਫਾਈ ਕਰਵਾ ਰਹੇ ਹਨ ਤਾਂ ਜੋ ਪਾਣੀ ਦੀ ਨਿਕਾਸੀ ਹੋ ਸਕੇ ਅਤੇ ਕਿਸਾਨਾਂ ਦੀਆਂ ਫਸਲਾਂ ਬਚ ਸਕਣ। ਇਸ ਮੌਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਕਲਾਨੌਰ ਡਿਸਟਰੀਬਿਊਟਰੀ ਦੀ ਸਫਾਈ ਅਤੇ ਟੁੱਟ ਰਹੇ ਕਿਨਾਰਿਆਂ ਦਾ ਨਿਰਮਾਣ ਕਰਵਾਇਆ ਜਾਵੇ ਤਾਂ ਜੋ ਨਾਲ ਲੱਗਦੇ ਕਿਸਾਨਾਂ ਦੀਆਂ ਝੋਨੇ ਦੀਆਂ ਫਸਲਾਂ ਬਰਬਾਦ ਹੋਣ ਤੋਂ ਬਚ ਸਕਣ। ਇਸ ਸਬੰਧੀ ਸਬ ਡਿਵੀਜ਼ਨ ਕਲਾਨੌਰ ਦੇ ਐਸਡੀਐਮ ਮੈਡਮ ਯਸੋਤਨਾ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਹਿੱਤ ਹੈ ਅਤੇ ਇਸ ਸਬੰਧੀ ਸੰਬੰਧਿਤ ਵਿਭਾਗ ਦੇ ਐਕਸੀਅਨ ਨੂੰ ਜਾਣੂ ਕਰਵਾਇਆ ਗਿਆ ਹੈ।