ਦਿਵਿਆ ਜੋਤੀ ਜਾਗ੍ਰਤੀ ਸੰਸਥਾਨ ਨੇ ਕਰਵਾਇਆ ਸਤਿਸੰਗ
ਦਿਵਿਆ ਜੋਤੀ ਜਾਗ੍ਰਤੀ ਸੰਸਥਾਨ ਵੱਲੋਂ ਆਸ਼ਰਮ ਵਿੱਚ ਸਾਪਤਾਹਿਕ ਸਤਸੰਗ ਸਮਾਗਮ ਕਰਵਾਇਆ
Publish Date: Sun, 24 May 2026 03:46 PM (IST)
Updated Date: Mon, 25 May 2026 04:01 AM (IST)
ਨਰਿੰਦਰ ਨਿੰਦੀ, ਪੰਜਾਬੀ ਜਾਗਰਣ,
ਪਠਾਨਕੋਟ : ਦਿਵਿਆ ਜੋਤੀ ਜਾਗ੍ਰਤੀ ਸੰਸਥਾਨ ਵੱਲੋਂ ਪਠਾਨਕੋਟ ਆਸ਼ਰਮ ਵਿਖੇ ਸਪਤਾਹਿਕ ਸਤਿਸੰਗ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਹਾਜ਼ਰੀ ਭਰ ਕੇ ਆਧਿਆਤਮਿਕ ਮਾਹੌਲ ਦਾ ਲਾਹਾ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਸੁਰੀਲੇ ਭਜਨਾਂ ਦੇ ਗਾਇਨ ਨਾਲ ਕੀਤੀ ਗਈ। ਭਜਨਾਂ ਦੀਆਂ ਮਿੱਠੀਆਂ ਸੁਰ ਲਹਿਰਾਂ ਨਾਲ ਸਮੂਹ ਵਾਤਾਵਰਣ ਭਗਤੀ ਰਸ ਵਿੱਚ ਰੰਗਿਆ ਗਿਆ ਅਤੇ ਸੰਗਤ ਪ੍ਰਭੂ ਭਗਤੀ ਵਿੱਚ ਲੀਨ ਹੋ ਗਈ।ਇਸ ਮੌਕੇ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਸ਼ਿਸ਼ ਸਵਾਮੀ ਵਿਗਿਆਨਾਨੰਦ ਜੀ ਨੇ ਆਪਣੇ ਆਧਿਆਤਮਿਕ ਪ੍ਰਵਚਨਾਂ ਰਾਹੀਂ ਸੰਗਤ ਨੂੰ ਜੀਵਨ ਦਾ ਅਮੋਲਕ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ “ਪ੍ਰਭੂ ਦਾ ਸਿਮਰਨ ਦੁੱਖਾਂ ਦਾ ਹਰਨ ਕਰਦਾ ਹੈ ਅਤੇ ਪ੍ਰਭੂ ਦਾ ਧਿਆਨ ਜੀਵਨ ਦੇ ਕੰਮ ਆਸਾਨ ਕਰ ਦਿੰਦਾ ਹੈ।”
ਉਨ੍ਹਾਂ ਸਮਝਾਉਂਦਿਆਂ ਕਿਹਾ ਕਿ ਜੋ ਮਨੁੱਖ ਸੱਚੇ ਮਨ ਨਾਲ ਪ੍ਰਭੂ ਦਾ ਧਿਆਨ ਕਰਦਾ ਹੈ ਅਤੇ ਨਿਰੰਤਰ ਪਰਮਾਤਮਾ ਦਾ ਸਿਮਰਨ ਕਰਦਾ ਹੈ, ਉਸ ਦੇ ਜੀਵਨ ਦੀਆਂ ਮੁਸ਼ਕਲਾਂ ਆਪਣੇ ਆਪ ਹੀ ਆਸਾਨ ਹੋਣ ਲੱਗਦੀਆਂ ਹਨ। ਪਰਮਾਤਮਾ ਦਾ ਨਾਮ ਮਨੁੱਖ ਨੂੰ ਮਾਨਸਿਕ ਸ਼ਾਂਤੀ, ਆਤਮਿਕ ਤਾਕਤ ਅਤੇ ਸਕਾਰਾਤਮਕ ਊਰਜਾ ਪ੍ਰਦਾਨ ਕਰਦਾ ਹੈ।ਸਵਾਮੀ ਜੀ ਨੇ ਕਿਹਾ ਕਿ ਅੱਜ ਦਾ ਮਨੁੱਖ ਭੌਤਿਕ ਸੁਖ-ਸੁਵਿਧਾਵਾਂ ਦੇ ਪਿੱਛੇ ਦੌੜਦਿਆਂ ਮਾਨਸਿਕ ਤਣਾਅ, ਚਿੰਤਾ ਅਤੇ ਅਸ਼ਾਂਤੀ ਦਾ ਸ਼ਿਕਾਰ ਹੋ ਰਿਹਾ ਹੈ। ਅਜਿਹੇ ਸਮੇਂ ਵਿੱਚ ਆਧਿਆਤਮਿਕ ਗਿਆਨ ਅਤੇ ਪ੍ਰਭੂ ਸਿਮਰਨ ਹੀ ਮਨੁੱਖ ਨੂੰ ਅਸਲ ਸੁੱਖ ਅਤੇ ਸੰਤੋਖ ਪ੍ਰਦਾਨ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਮਨੁੱਖ ਆਪਣੇ ਜੀਵਨ ਵਿੱਚ ਪ੍ਰਭੂ ਨੂੰ ਸਰਵੋਚ ਸਥਾਨ ਦਿੰਦਾ ਹੈ ਤਾਂ ਉਸ ਦੇ ਜੀਵਨ ਵਿੱਚ ਆਉਣ ਵਾਲੀਆਂ ਪਰੇਸ਼ਾਨੀਆਂ ਵੀ ਪ੍ਰਭੂ ਦੀ ਕਿਰਪਾ ਨਾਲ ਦੂਰ ਹੋਣ ਲੱਗਦੀਆਂ ਹਨ।ਉਨ੍ਹਾਂ ਅੱਗੇ ਕਿਹਾ ਕਿ ਸਤਿਸੰਗ ਅਤੇ ਧਿਆਨ ਸਾਧਨਾ ਮਨੁੱਖ ਦੇ ਜੀਵਨ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਦੇ ਹਨ। ਸਤਸੰਗਤਿ ਨਾਲ ਜਿੱਥੇ ਸਕਾਰਾਤਮਕ ਵਿਚਾਰਾਂ ਦਾ ਸੰਚਾਰ ਹੁੰਦਾ ਹੈ, ਉੱਥੇ ਧਿਆਨ ਸਾਧਨਾ ਨਾਲ ਮਨ ਨੂੰ ਸਥਿਰਤਾ ਅਤੇ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ। ਉਨ੍ਹਾਂ ਸੰਗਤ ਨੂੰ ਨਿਯਮਿਤ ਤੌਰ ’ਤੇ ਪ੍ਰਭੂ ਸਿਮਰਨ, ਧਿਆਨ ਸਾਧਨਾ ਅਤੇ ਸਤਿਸੰਗ ਨਾਲ ਜੁੜਨ ਲਈ ਪ੍ਰੇਰਿਤ ਕੀਤਾ।
ਸਮਾਗਮ ਦੇ ਅੰਤ ਵਿੱਚ ਸੰਗਤ ਨੇ ਸਮੂਹਿਕ ਧਿਆਨ ਸਾਧਨਾ ਕਰਕੇ ਵਿਸ਼ਵ ਕਲਿਆਣ ਅਤੇ ਮਨੁੱਖਤਾ ਦੀ ਸੁੱਖ-ਸ਼ਾਂਤੀ ਲਈ ਅਰਦਾਸ ਕੀਤੀ।ਇਸ ਮੌਕੇ ਸੰਜੀਵ ਕੁਮਾਰ, ਵਰਿੰਦਰ ਗੁਪਤਾ, ਤਰਸੇਮ ਲਾਲ, ਆਨੰਦ ਭੂਸ਼ਣ, ਯਸ਼ਪਾਲ, ਨਰਿੰਦਰ ਸਿੰਘ, ਵਿਕੀ, ਹਿਤੇਸ਼, ਸਾਗਰ, ਸੰਕੀਤ, ਪਵਨ ਕੁਮਾਰ, ਮਾਸਟਰ ਸੁਰਿੰਦਰ, ਸੁਮੇਸ਼, ਸੋਮਰਾਜ, ਮਨੀਸ਼ ਕੁਮਾਰ ਅਤੇ ਵਿਜੈ ਕੁਮਾਰ ਸਮੇਤ ਇਲਾਕੇ ਦੀਆਂ ਕਈ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।