ਡੀਸੀ-ਕਮ-ਜ਼ਿਲ੍ਹਾ ਪ੍ਰਿੰਸੀਪਲ ਜਨਗਣਨਾ ਅਧਿਕਾਰੀ ਵੱਲੋਂ ਸਵੈ ਗਣਨਾ ਪ੍ਰਕਿਰਿਆ ਦੀ ਸ਼ੁਰੂਆਤ
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਪ੍ਰਿੰਸੀਪਲ ਜਨਗਣਨਾ ਅਧਿਕਾਰੀ ਵਲੋਂ ਸਵੈ ਗਣਨਾ ਪ੍ਰਕਿਰਿਆ ਦੀ ਸ਼ੁਰੂਆਤ
Publish Date: Fri, 01 May 2026 04:18 PM (IST)
Updated Date: Fri, 01 May 2026 04:20 PM (IST)

ਨਰੇਸ਼ ਕਾਲੀਆ, ਪੰਜਾਬੀ ਜਾਗਰਣ ਪੱਤਰ ਪ੍ਰੇਰਕ ਗੁਰਦਾਸਪੁਰ : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਪ੍ਰਿੰਸੀਪਲ ਜਨਗਣਨਾ ਅਧਿਕਾਰੀ ਆਦਿੱਤਿਆ ਉੱਪਲ ਵਲੋਂ ਜਨਗਣਨਾ ਭਾਰਤ ਦੇ ਤਹਿਤ ਸਵੈ ਗਣਨਾ ਪ੍ਰਕਿਰਿਆ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ, ਜੋ ਕਿ 14 ਮਈ 2026 ਤੱਕ ਚੱਲੇਗੀ। ਉਨ੍ਹਾਂ ਦੱਸਿਆ ਕਿ ਨਾਗਰਿਕ se.census.gov.in ਪੋਰਟਲ ਰਾਹੀਂ ਮੋਬਾਈਲ ਓਟੀਪੀ ਲਾਗਇਨ ਦੀ ਵਰਤੋਂ ਕਰ ਕੇ ਆਸਾਨੀ ਨਾਲ ਆਪਣੇ ਘਰੇਲੂ ਵੇਰਵੇ ਆਨਲਾਈਨ ਦਰਜ ਕਰ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਪ੍ਰਕਿਰਿਆ ਨਾਲ ਸਮੇਂ ਦੀ ਬੱਚਤ ਹੁੰਦੀ ਹੈ ਅਤੇ ਸੁਰੱਖਿਅਤ ਪ੍ਰਣਾਲੀ ਰਾਹੀਂ ਡਾਟਾ ਦੀ ਸਟੀਕਤਾ ਯਕੀਨੀ ਬਣਦੀ ਹੈ। ਸਾਰੇ ਇਕੱਠੇ ਕੀਤੇ ਜਾਣ ਵਾਲੇ ਡਾਟਾ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਂਦਾ ਹੈ ਅਤੇ ਇਸਦੀ ਵਰਤੋਂ ਕੇਵਲ ਸਰਕਾਰੀ ਯੋਜਨਾ ਬਣਾਉਣ ਅਤੇ ਵਿਕਾਸ ਕਾਰਜਾਂ ਲਈ ਕੀਤਾ ਜਾਂਦਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕ ਇਸ ਮੁਹਿੰਮ ਵਿੱਚ ਭਾਗ ਲੈਣ ਅਤੇ ਜਾਗਰੂਕਤਾ ਫੈਲਾਉਣ। ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜੋਬਨ ਰੰਧਾਵਾ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਜਨਗਣਨਾ ਪ੍ਰਕਿਰਿਆ ਵਿੱਚ ਸਰਗਰਮ ਹਿੱਸਾ ਲੈਣ ਅਤੇ ਆਨਲਾਈਨ ਐਂਟਰੀ ਕਰਦੇ ਸਮੇਂ ਆਪਣੀ ਮਾਂ ਬੋਲੀ ਨੂੰ ਜ਼ਰੂਰ ਚੁਣਨ। ਇਸ ਮੌਕੇ ਰਾਜੇਸ਼ ਸ਼ਰਮਾ, ਉਪ ਅਰਥ ਅਤੇ ਅਕੜਾ ਸਲਾਹਕਾਰ-ਕਮ-ਵਧੀਕ ਜ਼ਿਲ੍ਹਾ ਅਕੜਾ ਅਫਸਰ, ਗੁਰਦਾਸਪੁਰ ਨੇ ਦੱਸਿਆ ਕਿ ਪੋਰਟਲ ’ਤੇ ਮੰਗੀ ਜਾਣ ਵਾਲੀ ਜਾਣਕਾਰੀ ਆਮ ਤੌਰ ’ਤੇ ਮੁੱਢਲੀ ਜਿਹੀ ਹੁੰਦੀ ਹੈ, ਜਿਸ ਵਿੱਚ ਮਕਾਨ ਦੀ ਕਿਸਮ (ਕੱਚਾ ਜਾਂ ਪੱਕਾ), ਕਮਰਿਆਂ ਦੀ ਗਿਣਤੀ, ਪਰਿਵਾਰ ਦੇ ਮੈਂਬਰਾਂ ਦੀ ਗਿਣਤੀ, ਮਾਲਕੀ ਦੀ ਸਥਿਤੀ, ਵਿਆਹੁਤਾ ਜੋੜਿਆਂ ਦੀ ਗਿਣਤੀ, ਪੀਣ ਵਾਲਾ ਪਾਣੀ ਅਤੇ ਬਿਜਲੀ ਦੀ ਉਪਲੱਬਧਤਾ, ਐੱਲਪੀਜੀ/ਪੀਐੱਨਜੀ ਕੁਨੈਕਸ਼ਨ ਅਤੇ ਰੇਡੀਓ, ਟੈਲੀਵਿਜ਼ਨ, ਮੋਬਾਈਲ ਆਦਿ ਦੀ ਜਾਣਕਾਰੀ ਭਰਨ ਤੋਂ ਬਾਅਦ ਇੱਕ ਸੈਲਫ ਐਨਯੂਮੇਰੇਸ਼ਨ ਆਈਡੀ ਜਨਰੇਟ ਹੁੰਦੀ ਹੈ। ਇਸ ਜਾਣਕਾਰੀ ਨੂੰ ਘਰ-ਘਰ ਜਾ ਕੇ ਕੀਤੀ ਜਾਣ ਵਾਲੀ ਗਿਣਤੀ ਦੌਰਾਨ ਗਣਨਾਕਾਰ ਦੇ ਦੌਰੇ ਸਮੇਂ ਅੰਤਿਮ ਪ੍ਰਮਾਣਿਕਤਾ ਤੋਂ ਪਹਿਲਾਂ ਸੋਧਿਆ ਵੀ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਵੈ ਗਣਨਾ ਦੀ ਪ੍ਰਕਿਰਿਆ 14 ਮਈ ਤੱਕ ਜਾਰੀ ਰਹੇਗੀ। ਇਸ ਤੋਂ ਬਾਅਦ 15 ਮਈ ਤੋਂ 13 ਜੂਨ ਤੱਕ ਘਰ-ਘਰ ਜਾ ਕੇ ਜਨਗਣਨਾ ਦਾ ਪਹਿਲਾ ਪੜਾਅ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਵਿਸ਼ਵਾਸ ਸੋਅਮ (ਜ਼ਿਲ੍ਹਾ ਕੋਆਰਡੀਨੇਟਰ) ਵੀ ਹਾਜ਼ਰ ਸਨ।