ਡਿਊਟੀ ਜਾ ਰਹੇ ਜਵਾਨ ਦੀ ਟ੍ਰੇਨ 'ਚ ਮੌਤ, ਇਲਾਕੇ ਵਿੱਚ ਸੋਗ ਦੀ ਲਹਿਰ
ਡਿਊਟੀ ਜਾ ਰਹੇ ਜਵਾਨ ਦੀ ਟ੍ਰੇਨ 'ਚ ਮੌਤ, ਇਲਾਕੇ ਵਿੱਚ ਸੋਗ ਦੀ ਲਹਿਰ
Publish Date: Mon, 18 May 2026 05:20 PM (IST)
Updated Date: Mon, 18 May 2026 05:21 PM (IST)

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਕਲਾਨੌਰ : ਇਤਿਹਾਸਕ ਕਸਬਾ ਕਲਾਨੌਰ ਦੇ ਸੇਵਾ ਮੁਕਤ ਫੌਜੀ ਅਤੇ ਖਾਲਸਾ ਪੰਚਾਇਤ ਦੇ ਪ੍ਰਧਾਨ ਭਾਈ ਰਜਿੰਦਰ ਸਿੰਘ ਭੰਗੂ ਦੇ ਪੁੱਤਰ ਲਾਂਸ ਨਾਇਕ ਪ੍ਰਭਸ਼ਰਨ ਸਿੰਘ ਸੈਨਿਕ ਦੀ ਫੌਜ ’ਚ ਡਿਊਟੀ ’ਤੇ ਜਾਂਦੇ ਸਮੇਂ ਰੇਲ ਗੱਡੀ ਵਿੱਚ ਹੀ ਮੌਤ ਹੋਣ ਦੀ ਖ਼ਬਰ ਮਿਲਣ ’ਤੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਫੌਜੀ ਪੁੱਤ ਦੀ ਮੌਤ ਹੋਣ ਤੇ ਭਾਈ ਰਜਿੰਦਰ ਸਿੰਘ ਭੰਗੂ ਨਾਲ ਵੱਖ-ਵੱਖ ਰਾਜਨੀਤਿਕ, ਧਾਰਮਿਕ, ਸਮਾਜ ਸੇਵੀ ਜਥੇਬੰਦੀਆਂ ਤੋਂ ਇਲਾਵਾ ਹਰ ਵਰਗ ਦੇ ਲੋਕਾਂ ਵੱਲੋਂ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ। ਇਸ ਮੌਕੇ ਭਾਈ ਰਜਿੰਦਰ ਸਿੰਘ ਭੰਗੂ ਨੇ ਦੱਸਿਆ ਕਿ ਉਸਦੇ ਪੁੱਤਰ ਪ੍ਰਭਸ਼ਰਨ ਸਿੰਘ, ਜੋ 9 ਪੰਜਾਬ ਸਿੱਖ ਰੈਜੀਮੈਂਟ ਜੰਮੂ ਵਿਖੇ ਤਾਇਨਾਤ ਸੀ ਅਤੇ ਹੁਣ ਉਸ ਦੀ ਬਦਲੀ ਮੇਰਠ ਵਿੱਚ ਹੋਣ ਕਾਰਨ ਕੁਝ ਦਿਨ ਆਪਣੇ ਘਰ ਛੁੱਟੀ ਕੱਟਣ ਤੋਂ ਬਾਅਦ ਮੇਰਠ ਡਿਊਟੀ ਤੇ ਜਾਣ ਲਈ ਰੇਲ ਗੱਡੀ ਰਾਹੀਂ ਰਵਾਨਾ ਹੋਇਆ ਸੀ ਕਿ ਭੇਤਭਰੀ ਹਾਲਤ ’ਚ ਮੌਤ ਹੋ ਗਈ। ਉਸ ਦੀ ਮ੍ਰਿਤਕਦੇਹ ਰੇਲ ਗੱਡੀ ਦੇ ਬਾਥਰੂਮ ਵਿੱਚੋਂ ਬਰਾਮਦ ਹੋਈ। ਪ੍ਰਭਸ਼ਰਨ ਸਿੰਘ ਨੇ ਕਿਹਾ ਸੀ ਕਿ ਉਹ ਸਵੇਰੇ 8 ਵਜੇ ਮੇਰਠ ਪੁੱਜਣ ਉਪਰੰਤ ਫੋਨ ਕਰੇਗਾ ਪਰ ਨਾ ਤਾਂ ਫੋਨ ਕੀਤਾ ਤੇ ਨਾ ਹੀ ਫੋਨ ਚੁੱਕਣ ਦੀ ਚਿੰਤਾ ਨੂੰ ਲੈ ਕੇ ਐਤਵਾਰ ਬਾਅਦ ਦੁਪਹਿਰ ਨੂੰ ਪੁਲਿਸ ਥਾਣਾ ਕਲਾਨੌਰ ਦੇ ਐੱਸਐੱਚਓ ਜਤਿੰਦਰ ਪਾਲ ਸਿੰਘ ਨੂੰ ਜਾਣੂ ਕਰਵਾਇਆ ਗਿਆ, ਜਿੱਥੇ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਮੋਬਾਇਲ ਲੋਕੇਸ਼ਨ ਕੱਢਵਾਈ, ਜੋ ਜੋਧਪੁਰ ਨਜ਼ਦੀਕ ਹੋਣ ਉਪਰੰਤ ਪੁਲਿਸ ਵੱਲੋਂ ਰੇਲਵੇ ਪੁਲਿਸ ਦੇ ਸਹਿਯੋਗ ਨਾਲ ਜੋਧਪੁਰ ਦੇ ਰੇਲਵੇ ਸਟੇਸ਼ਨ ਤੇ ਸ਼ਾਲੀਮਾਰ ਟ੍ਰੇਨ ਦੀ ਚੈਕਿੰਗ ਕਰਨ ਦੌਰਾਨ ਮ੍ਰਿਤਕਦੇਹ ਪ੍ਰਾਪਤ ਹੋਈ। ਫੌਜੀ ਪਿੱਛੇ ਪਤਨੀ ਅਤੇ ਇੱਕ ਸੱਤ ਸਾਲ ਦੀ ਬੇਟੀ ਅਤੇ ਇੱਕ ਪੰਜ ਸਾਲ ਦਾ ਬੇਟਾ ਛੱਡ ਗਿਆ। ਫੌਜੀ ਦੀ ਬੇਵਕਤੀ ਮੌਤ ਹੋਣ ’ਤੇ ਸੁੱਚਾ ਸਿੰਘ ਛੋਟੇਪੁਰ ਸਾਬਕਾ ਮੰਤਰੀ ਪੰਜਾਬ ਰਜਿੰਦਰ ਸਿੰਘ ਭੰਗੂ ਨਾਲ ਫੋਨ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਪੰਥਕ ਲਹਿਰ ਦੇ ਭਾਈ ਰਣਜੀਤ ਸਿੰਘ ਖਾਲਸਾ, ਦਲ ਖਾਲਸਾ ਦੇ ਭਾਈ ਬਿਕਰਮਜੀਤ ਸਿੰਘ ਭੱਟੀ, ਭਾਈ ਦਲਵਿੰਦਰ ਸਿੰਘ ਬਿੱਟੂ ਸਾਬਕਾ ਪ੍ਰਧਾਨ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਲੋਕਲ ਕਮੇਟੀ, ਐਕਸ ਸਰਵਿਸਮੈਨ ਯੂਨੀਅਨ ਦੇ ਚੈਨ ਸਿੰਘ, ਨਰਿੰਦਰ ਸਿੰਘ ਖਹਿਰਾ, ਰਾਜਕੁਮਾਰ, ਬਲਵਿੰਦਰ ਸਿੰਘ ਕਾਹਲੋਂ ਪ੍ਰਧਾਨ, ਭਾਈ ਰਜਿੰਦਰ ਸਿੰਘ ਸਕੱਤਰ, ਜਤਿੰਦਰ ਸਿੰਘ ਸਿੱਧੂ, ਲਖਵਿੰਦਰ ਸਿੰਘ, ਗੁਰਮੁਖ ਸਿੰਘ ਸੱਰਜੇ ਚੱਕ, ਜਤਿੰਦਰ ਸਿੰਘ ਕੋਟੀਆਂ, ਸਰਪੰਚ ਮਹਿਕਪ੍ਰੀਤ ਬਾਜਵਾ, ਸਰਪੰਚ ਹਰਦੀਪ ਸਿੰਘ ਮਠਾਰੂ, ਕੁਲਵੰਤ ਰਾਏ, ਮਹਿੰਦਰ ਸਿੰਘ, ਮਾਸਟਰ ਰਣਜੋਧ ਸਿੰਘ ਮਸਤਕੋਟ, ਸੁਰਿੰਦਰ ਪਾਲ ਸਿੰਘ ਭੰਗਵਾਂ ਆਦਿ ਵੱਲੋਂ ਭਾਈ ਰਜਿੰਦਰ ਸਿੰਘ ਭੰਗੂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।