ਖਾਲਿਸਤਾਨ ਜਿੰਦਾਬਾਦ ਪੱਖੀ ਨਾਅਰੇ ਲਿਖ ਕੇ ਦਹਿਸ਼ਤ ਦਾ ਬਣਾਇਆ ਮਾਹੌਲ, ਬੀਕੇਆਈ ਤੇ ਐਸਜੇਐਫ ਦੇ 7 ਗੁਰਗੇ ਗ੍ਰਿਫਤਾਰ
ਬਟਾਲਾ ਪੁਲਿਸ ਨੇ ਬੀਕੇਆਈ ਤੇ ਐਸਜੇਐਫ ਦੇ 7 ਗੁਰਗਿਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਫੜੇ ਗਏ ਮੁਲਜ਼ਮਾਂ ਨੇ ਵੱਖ-ਵੱਖ ਜਨਤਕ ਅਤੇ ਧਾਰਮਿਕ ਸਥਾਨਾ 'ਤੇ ਖਾਲਿਸਤਾਨ ਜਿੰਦਾਬਾਦ ਪੱਖੀ ਨਾਅਰੇ ਲਿਖ ਕੇ ਦਹਿਸ਼ਤ ਦਾ ਮਾਹੌਲ ਬਣਾਇਆ ਸੀ
Publish Date: Thu, 09 Oct 2025 04:04 PM (IST)
Updated Date: Thu, 09 Oct 2025 04:55 PM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ, ਬਟਾਲਾ : ਬਟਾਲਾ ਪੁਲਿਸ ਨੇ ਬੀਕੇਆਈ ਤੇ ਐਸਜੇਐਫ ਦੇ 7 ਗੁਰਗਿਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਫੜੇ ਗਏ ਮੁਲਜ਼ਮਾਂ ਨੇ ਵੱਖ-ਵੱਖ ਜਨਤਕ ਅਤੇ ਧਾਰਮਿਕ ਸਥਾਨਾ 'ਤੇ ਖਾਲਿਸਤਾਨ ਜਿੰਦਾਬਾਦ ਪੱਖੀ ਨਾਅਰੇ ਲਿਖ ਕੇ ਦਹਿਸ਼ਤ ਦਾ ਮਾਹੌਲ ਬਣਾਇਆ ਸੀ ।
ਐਸਐਸਪੀ ਸ੍ਰੀ ਸੁਹੇਲ ਮੀਰ ਕਾਸਿਮ ਬਟਾਲਾ ਨੇ ਦੱਸਿਆ ਕਿ ਮਿਤੀ 24-9-2025 ਦੀ ਦਰਮਿਆਨੀ ਰਾਤ ਨੂੰ ਬਟਾਲਾ ਰੇਲਵੇ ਸਟੇਸ਼ਨ ਤੇ ਅੱਚਲ ਸਾਹਿਬ ਮੰਦਰ ਤੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਿਖੇ ਸਨ ਤੇ ਫਿਰ ਦੁਬਾਰਾ ਮਿਤੀ 30-9-2025 ਦੀ ਦਰਮਿਆਨੀ ਰਾਤ ਨੂੰ ਆਰਆਰ ਬਾਵਾ ਕਾਲਜ ਫਾਰ ਗਰਲਜ ਦੀ ਕੰਧ 'ਤੇ ਨਾਅਰੇ ਲਿਖੇ ਗਏ ਸਨ। ਐਸਐਸਪੀ ਬਟਾਲਾ ਨੇ ਦੱਸਿਆ ਕਿ ਪਾਬੰਧੀਸ਼ੁਦਾ ਸੰਗਠਨ SFJ ਦੇ ਮੁੱਖੀ ਗੁਰਪੰਤ ਸਿੰਘ ਪੰਨੂੰ ਵੱਲੋ ਸੋਸ਼ਲ ਮੀਡੀਆ 'ਤੇ ਇੱਕ ਵੀਡਿਉ ਜਾਰੀ ਕਰਕੇ ਜਿੰਮੇਵਾਰੀ ਲਈ ਗਈ, ਜਿਸ ਸਬੰਧ ਵਿੱਚ ਥਾਣਾ ਰੰਗੜ ਨੰਗਲ ਥਾਣਾ ਸਿਟੀ ਬਟਾਲਾ ਅਤੇ ਥਾਣਾ ਜੀਆਰਪੀ ਬਟਾਲਾ ਵਿੱਚ ਅਣਪਛਾਤੇ ਵਿਅਕਤੀਆ ਖ਼ਿਲਾਫ਼ ਵੱਖ-ਵੱਖ 3 ਮੁੱਕਦਮੇ ਦਰਜ ਕੀਤੇ ਗਏ।
ਐਸ.ਐਸ.ਪੀ ਸਾਹਿਬ ਨੇ ਦੱਸਿਆ ਕਿ ਐਸਪੀ ਇੰਨੀਵੈਸਟੀਗੇਸ਼ਨ ਬਟਾਲਾ ਦੀ ਅਗਵਾਈ ਹੇਠ ਡੀਐਸਪੀ ਸਿਟੀ, ਡੀਐਸਪੀ ਇੰਨਵੈਸਟੀਗੇਸ਼ਨ, ਸੀਆਈਏ ਸਟਾਫ ਬਟਾਲਾ ਅਤੇ ਮੁੱਖ ਅਫਸਰ ਥਾਣਾ ਸਿਟੀ ਬਟਾਲਾ ਅਧਾਰਤ ਟੀਮਾਂ ਗਠਿਤ ਕਰਕੇ ਮੁਲਜ਼ਮਾਂ ਨੂੰ ਟਰੇਸ ਕਰਨ ਅਤੇ ਗ੍ਰਿਫਤਾਰ ਕਰਨ ਦੀ ਜਾਂਚ ਸੁਰੂ ਕੀਤੀ ਗਈ। ਜਾਂਚ ਦੌਰਾਨ ਬਟਾਲਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ, ਜਦੋਂ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਿਖਣ ਵਾਲੇ 7 ਦੋਸ਼ੀਆ ਨੂੰ ਟਰੇਸ ਕਰਕੇ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਉਕਤ ਦੋਸ਼ੀਆ ਨੇ ਦੱਸਿਆ ਕਿ ਉਨ੍ਹਾਂ ਨੇ ਅਭੇ ਪ੍ਰਤਾਪ ਸਿੰਘ ਉਰਫ ਰਾਜਾ ਹਰੂਵਾਲ ਜੋ ਆਰਮੀਨੀਆ ਬੈਠਾ ਹੋਇਆ ਹੈ, ਉਸ ਦੇ ਕਹਿਣ 'ਤੇ ਹੀ ਉਨ੍ਹਾਂ ਨੇ ਵੱਖ-ਵੱਖ ਥਾਵਾਂ 'ਤੇ ਨਾਅਰੇ ਲਿਖੇ ਸਨ।