ਤੇਲ ਕੀਮਤਾਂ ’ਚ ਵਾਧੇ ਖ਼ਿਲਾਫ਼ ਸੀਪੀਆਈਐੱਮਐੱਲ ਨੇ ਕੀਤਾ ਪ੍ਰਦਰਸ਼ਨ
ਕਿਸਾਨਾਂ 'ਤੇ ਕੀਤੇ ਜਬਰ ਅਤੇ ਮਹਿੰਗਾਈ ਵਿਰੁੱਧ ਸੀਪੀਆਈਐੱਮਐੱਲ ਨੇ ਰੋਸ ਮਾਰਚ ਕਰ ਸਾੜਿਆ ਕੇਂਦਰ ਸਰਕਾਰ ਦਾ ਪੁਤਲਾ
Publish Date: Sat, 16 May 2026 05:36 PM (IST)
Updated Date: Sun, 17 May 2026 04:06 AM (IST)
ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਕੀਤੀ ਨਾਅਰੇਬਾਜ਼ੀ
ਗੁਰਦਾਸਪੁਰ: ਸੀਪੀਆਈਐੱਮਐੱਲ ਲਿਬਰੇਸ਼ਨ ਵੱਲੋਂ ਚੰਡੀਗੜ੍ਹ ਐੱਸਕੇਐੱਮ ਦੇ ਮੁਜ਼ਾਹਰੇ ਦੌਰਾਨ ਕਿਸਾਨਾਂ ’ਤੇ ਕੀਤੇ ਗਏ ਜਬਰ ਅਤੇ ਡੀਜ਼ਲ, ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧੇ ਦੇ ਵਿਰੁੱਧ ਸ਼ਹਿਰ ਵਿੱਚ ਰੋਸ ਰੈਲੀ ਕੱਢੀ ਗਈ। ਰੈਲੀ ਉਪਰੰਤ ਗੁਰੂ ਨਾਨਕ ਪਾਰਕ ਵਿਖੇ ਇਕੱਠ ਕਰਕੇ ਬਾਜ਼ਾਰ ਵਿੱਚ ਮੁਜ਼ਾਹਰਾ ਕੀਤਾ ਗਿਆ ਅਤੇ ਡਾਕਖਾਨਾ ਚੌਕ ਵਿਖੇ ਕੇਂਦਰ ਸਰਕਾਰ ਅਤੇ ਭਾਜਪਾ ਦਾ ਪੁਤਲਾ ਫੂਕਿਆ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂ ਜਗਜੀਤ ਸਿੰਘ ਅਲੂਣਾ, ਮਜ਼ਦੂਰ ਆਗੂ ਵਿਜੇ ਸੋਹਲ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਗੁਰਮੀਤ ਸਿੰਘ ਬਖਤਪੁਰਾ ਨੇ ਕਿਹਾ ਕਿ ਚੰਡੀਗੜ੍ਹ ਵਿਖੇ ਕਿਸਾਨਾਂ ’ਤੇ ਹੋਏ ਜਬਰ ਅਤੇ ਡੀਜ਼ਲ, ਪੈਟਰੋਲ ਤੇ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਨੀਤੀਆਂ ਕਾਰਨ ਦੇਸ਼ ਵਿੱਚ ਆਰਥਿਕ ਐਮਰਜੈਂਸੀ ਵਰਗੇ ਹਾਲਾਤ ਬਣ ਚੁੱਕੇ ਹਨ। ਪ੍ਰਧਾਨ ਮੰਤਰੀ ਵੱਲੋਂ ਸੋਨਾ ਨਾ ਖਰੀਦਣ, ਡੀਜ਼ਲ-ਪੈਟਰੋਲ ਬਚਾਉਣ ਲਈ ਨਿੱਜੀ ਵਾਹਨਾਂ ’ਤੇ ਸਫ਼ਰ ਨਾ ਕਰਨ ਅਤੇ ਵਿਦੇਸ਼ ਯਾਤਰਾ ’ਤੇ ਨਾ ਜਾਣ ਦੇ ਫਰਮਾਨ ਆਰਥਿਕ ਐਮਰਜੈਂਸੀ ਦੀ ਗਵਾਹੀ ਭਰਦੇ ਹਨ। ਉਨ੍ਹਾਂ ਦੱਸਿਆ ਕਿ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦੀ ਕੀਮਤ 96 ਰੁਪਏ ਨੂੰ ਵੀ ਪਾਰ ਕਰ ਗਈ ਹੈ, ਜਿਸ ਕਾਰਨ ਹਰ ਚੀਜ਼ ਮਹਿੰਗੀ ਹੋਵੇਗੀ ਅਤੇ ਗਰੀਬਾਂ ਲਈ ਰਸੋਈ ਚਲਾਉਣੀ ਤੇ ਘਰ ਪਾਉਣਾ ਅਸੰਭਵ ਹੋ ਜਾਵੇਗਾ।
ਆਗੂਆਂ ਨੇ ਦਾਅਵਾ ਕੀਤਾ ਕਿ ਡੀਜ਼ਲ, ਪੈਟਰੋਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਅਜੇ ਹੋਰ ਹੋਵੇਗਾ, ਜਿਸ ਨਾਲ ਹਾਹਾਕਾਰ ਮੱਚ ਜਾਵੇਗੀ। ਚੰਡੀਗੜ੍ਹ ਵਿਖੇ ਕਿਸਾਨਾਂ ਨਾਲ ਹੋਏ ਜਬਰ ਬਾਰੇ ਗੱਲ ਕਰਦਿਆਂ ਆਗੂਆਂ ਨੇ ਕਿਹਾ ਕਿ ਸੱਤ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੋਂ ਗਵਰਨਰ ਪੰਜਾਬ ਵੱਲੋਂ ਮੰਗ ਪੱਤਰ ਲੈਣ ਦੀ ਬਜਾਏ ਅੱਥਰੂ ਗੈਸ ਅਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਜਾਣਾ ਸਾਬਤ ਕਰਦਾ ਹੈ ਕਿ ਪੰਜਾਬ ਨਾਲ ਬੇਗਾਨਗੀ ਵਰਗਾ ਸਲੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਕੇਂਦਰ ਸਰਕਾਰ ਅਤੇ ਭਾਜਪਾ ਨੂੰ ਇਸ ਵਿਹਾਰ ਦੀ ਸਿਆਸੀ ਕੀਮਤ ਹਰ ਹਾਲਤ ਵਿੱਚ ਚੁੱਕਣੀ ਪਵੇਗੀ। ਇਸ ਮੌਕੇ ਪ੍ਰੇਮ ਮਸੀਹ ਸੋਨਾ, ਫੂਲ ਚੰਦ, ਵਕੀਲ ਹਰਵਿੰਦਰ ਸਿੰਘ ਮੱਲੀ, ਬਲਬੀਰ ਸਿੰਘ ਉਚਾਧਕਾਲਾ, ਪਲਵਿੰਦਰ ਸਿੰਘ ਰਿੰਕੂ ਡੁੱਗਰੀ, ਗੁਰਵਿੰਦਰ ਪਾਲ ਕਠਿਆਲੀ, ਸੁਰਜੀਤ ਸਿੰਘ ਸੰਕਰਪੁਰ ਅਤੇ ਦਲਜੀਤ ਸਿੰਘ ਰਣਜੀਤ ਬਾਗ ਸਮੇਤ ਵੱਡੀ ਗਿਣਤੀ ਵਿੱਚ ਕਾਰਕੁਨ ਹਾਜ਼ਰ ਸਨ।