ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਸਮੂਹਿਕ ਯਤਨਾਂ ਦੀ ਲੋੜ : ਰਾਜਪਾਲ
ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਸਮੂਹਿਕ ਯਤਨਾਂ ਦੀ ਲੋੜ: ਰਾਜਪਾਲ ਗੁਲਾਬ ਚੰਦ ਕਟਾਰੀਆ
Publish Date: Fri, 17 Apr 2026 08:39 PM (IST)
Updated Date: Sat, 18 Apr 2026 04:13 AM (IST)

ਫੋਟੋ : ਨਸ਼ਾ ਵਿਰੋਧੀ ਜਾਗਰੂਕਤਾ ਮਾਰਚ ਦੌਰਾਨ ਪੈਦਲ ਅਗਵਾਈ ਕਰਦੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਵਿਧਾਇਕ ਅਸ਼ਵਨੀ ਸ਼ਰਮਾ। ਫੋਟੋ : ਹਾਜਰ ਇੱਕਠ ਨੂੰ ਨਸ਼ਿਆਂ ਵਿਰੁੱਧ ਸਹੁੰ ਚੁਕਾਉਂਦੇ ਹੋਏ ਰਾਜਪਾਲ ਗੁਲਾਬ ਚੰਦ ਕਟਾਰੀਆ। ਫੋਟੋ - ਨਸ਼ਿਆਂ ਵਿਰੁੱਧ ਸਹੁੰ ਚੁੱਕਦੇ ਹੋਏ ਪ੍ਰਸ਼ਾਸ਼ਨਿਕ ਅਧਿਕਾਰੀ, ਪਤਵੰਤੇ ਅਤੇ ਵਿਦਿਆਰਥੀ। ਆਰ ਸਿੰਘ/ਅੰਕੁਰ ਮਹਾਜਨ, ਪੰਜਾਬੀ ਜਾਗਰਣ ਪਠਾਨਕੋਟ : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਪਠਾਨਕੋਟ ਦੌਰੇ ਦੌਰਾਨ ਨਸ਼ਾ ਵਿਰੋਧੀ ਜਾਗਰੂਕਤਾ ਪੈਦਲ ਯਾਤਰਾ ’ਚ ਹਿੱਸਾ ਲੈਂਦਿਆਂ ਕਿਹਾ ਕਿ ਨਸ਼ਿਆਂ ਦੇ ਖ਼ਾਤਮੇ ਲਈ ਸਮਾਜ ਦੇ ਹਰ ਵਰਗ ਨੂੰ ਇਕੱਠੇ ਹੋ ਕੇ ਯਤਨ ਕਰਨੇ ਪੈਣਗੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਜਾਗਰੂਕਤਾ, ਸਿੱਖਿਆ ਤੇ ਰੁਜ਼ਗਾਰ ਦੇ ਮੌਕੇ ਬਹੁਤ ਜ਼ਰੂਰੀ ਹਨ। ਇਹ ਜਾਗਰੂਕਤਾ ਮਾਰਚ ਡੀਏਵੀ ਸਕੂਲ ਤੋਂ ਸ਼ੁਰੂ ਹੋਇਆ, ਜੋ, ਸਿੰਬਲ ਚੌਂਕ, ਏਪੀਕੇ ਰੋਡ, ਡਲਹੌਜ਼ੀ ਰੋਡ ਤੇ ਮਿਸ਼ਨ ਚੌਕ ਤੋਂ ਹੁੰਦਾ ਹੋਇਆ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਸਮਾਪਤ ਹੋਇਆ। ਮਾਰਚ ਦੀ ਸ਼ੁਰੂਆਤ ਰਾਜਪਾਲ ਕਟਾਰੀਆ ਵੱਲੋਂ ਹਰੀ ਝੰਡੀ ਦਿਖਾ ਕੇ ਤੇ ਗੁਬਾਰੇ ਛੱਡ ਕੇ ਕੀਤੀ ਗਈ ਅਤੇ ਉਨ੍ਹਾਂ ਖੁਦ ਪੈਦਲ ਯਾਤਰਾ ਦੀ ਅਗਵਾਈ ਵੀ ਕੀਤੀ। ਇਸ ਮਾਰਚ ’ਚ ਪ੍ਰਤਾਪ ਵਰਲਡ ਸਕੂਲ, ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਡੀਏਵੀ ਸਕੂਲ, ਏਂਜਲ ਪਬਲਿਕ ਸਕੂਲ, ਮਾਡਰਨ ਸੰਦੀਪਨੀ ਸਕੂਲ, ਹੈਪੀ ਹਾਈ ਸਕੂਲ, ਮੋਂਟੇਸਰੀ ਕੈਂਬਰਿਜ ਸਕੂਲ ਸਮੇਤ ਕਈ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ’ਚ ਹਿੱਸਾ ਲਿਆ। ਸਮਾਪਤੀ ਸਮਾਰੋਹ ਦੌਰਾਨ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਰਾਜਪਾਲ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਸਹੁੰ ਚੁਕਾਈ ਤੇ ਕਿਹਾ ਕਿ ਨਸ਼ਾ ਸਿਰਫ਼ ਵਿਅਕਤੀ ਨਹੀਂ, ਸਾਰੇ ਪਰਿਵਾਰ ਤੇ ਸਮਾਜ ਨੂੰ ਬਰਬਾਦ ਕਰਦਾ ਹੈ। ਇਸ ਲਈ ਹਰ ਇੱਕ ਨੂੰ ਇਸ ਖ਼ਿਲਾਫ਼ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਇਸ ਮੌਕੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਪਠਾਨਕੋਟ ਨੂੰ ਜ਼ਿਲ੍ਹਾ ਦਰਜਾ ਮਿਲਣ ਦੇ ਬਾਵਜੂਦ ਇੱਥੇ ਰੁਜ਼ਗਾਰ ਦੇ ਮੌਕੇ ਘੱਟ ਹਨ। ਉਨ੍ਹਾਂ ਕਿਹਾ ਕਿ ਉਦਯੋਗਿਕ ਖੇਤਰ ਹੋਣ ਦੇ ਬਾਵਜੂਦ ਮਹਿੰਗੀ ਬਿਜਲੀ ਕਾਰਨ ਉਦਯੋਗ ਇੱਥੇ ਵਿਕਸਿਤ ਨਹੀਂ ਹੋ ਰਹੇ, ਜਦਕਿ ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ’ਚ ਸਸਤੀ ਬਿਜਲੀ ਕਾਰਨ ਉਦਯੋਗ ਵੱਧ ਰਹੇ ਹਨ। ਉਨ੍ਹਾਂ ਨੇ ਪਠਾਨਕੋਟ ਹਵਾਈ ਅੱਡੇ ਤੋਂ ਉਡਾਣਾਂ ਮੁੜ ਸ਼ੁਰੂ ਕਰਨ ਦੀ ਮੰਗ ਵੀ ਕੀਤੀ, ਤਾਂ ਜੋ ਸ਼ਹਿਰ ਦੇ ਵਿਕਾਸ ਨੂੰ ਨਵਾਂ ਵਾਧਾ ਮਿਲ ਸਕੇ। ਪੈਦਲ ਯਾਤਰਾ ਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਪਹੁੰਚਣ ਤੇ ਸਕੂਲ ਪ੍ਰਬੰਧਕ ਕਮੇਟੀ, ਪ੍ਰਿੰਸੀਪਲ ਅਤੇ ਸਟਾਫ ਨੇ ਗੁਲਦਸਤਾ ਅਤੇ ਦੋਸ਼ਾਲਾ ਦੇ ਕੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਤੇ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੂੰ ਸਨਮਾਨ ਚਿੰਨ੍ਹ , ਦੋਸ਼ਾਲਾ ਅਤੇ ਸ੍ਰੀ ਸਾਹਿਬ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਵੇਕ ਪ੍ਰਤਾਪ ਸਿੰਘ ਪ੍ਰਧਾਨ ਸੈਕਟਰੀ ਰਾਜਪਾਲ ਪੰਜਾਬ, ਸ਼ਿਵ ਦੁਲਾਰ ਢਿਲੋਂ ਸੈਕਟਰੀ ਰੈਡ ਕਰਾਸ ਪੰਜਾਬ, ਡਿਪਟੀ ਕਮਿਸ਼ਨਰ ਪਠਾਨਕੋਟ ਡਾ. ਪਲਵੀ, ਐਸ.ਐਸ.ਪੀ. ਦਲਜਿੰਦਰ ਸਿੰਘ ਢਿੱਲੋਂ, ਐਸ.ਡੀ.ਐਮ. ਅਰਸ਼ਦੀਪ ਸਿੰਘ, ਵਿਧਾਇਕ ਅਸ਼ਵਨੀ ਸ਼ਰਮਾ, ਸਾਬਕਾ ਮੇਅਰ ਅਨਿਲ ਵਾਸੂਦੇਵਾ, ਜ਼ਿਲ੍ਹਾ ਪ੍ਰਧਾਨ ਭਾਜਪਾ ਸੁਰੇਸ਼ ਸ਼ਰਮਾ, ਗੁਰਦੀਪ ਸਿੰਘ ਅਰੋੜਾ, ਦਵਿੰਦਰ ਮਿੰਟੂ, ਪ੍ਰਿੰਸੀਪਲ ਰਚਨਾ ਆਹੂਜਾ, ਸਾਬਕਾ ਵਿਧਾਇਕ ਭੋਆ ਸੀਮਾ ਕੁਮਾਰੀ, ਸਾਬਕਾ ਵਿਧਾਇਕ ਦਿਨੇਸ਼ ਸਿੰਘ ਬੱਬੂ , ਮਨਪ੍ਰੀਤ ਸਿੰਘ ਸਾਹਨੀ, ਮਨਿੰਦਰ ਸਿੰਘ ਲੱਕੀ, ਦਪਿੰਦਰ ਅਰੋੜਾ, ਇੰਦਰਜੀਤ ਗੁਪਤਾ ਸਮੇਤ ਸ਼ਹਿਰ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸਕੂਲਾਂ ਦੇ ਅਧਿਆਪਕ ਹਾਜ਼ਰ ਸਨ।ਸ਼ਹਿਰ ਅੰਦਰ ਪੈਦਲ ਯਾਤਰਾ ਦੌਰਾਨ ਵਪਾਰੀਆਂ ਅਤੇ ਦੁਕਾਨਦਾਰਾਂ ਨੇ ਰਾਜਪਾਲ ਦਾ ਨਿੱਘਾ ਸਵਾਗਤ ਕੀਤਾ ਅਤੇ ਸਨਮਾਨ ਦਿੱਤਾ। ਇਸ ਮੌਕੇ ਤੇ ਜਿਲ੍ਹਾ ਪੁਲਿਸ ਵੱਲੋ ਸੁਰੱਖਿਆ ਦੇ ਸਖਤ ਅਤੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਅੰਤ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਰਾਸ਼ਟਰੀ ਗੀਤ ਗਾ ਕੇ ਸਮਾਗਮ ਦੀ ਸਮਾਪਤੀ ਕੀਤੀ ਗਈ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਵੀ ਵੰਡੀ ਗਈ।