ਐਲਾਨ ਅਤੇ ਵਾਅਦਿਆਂ ਤੋਂ ਭੱਜਣ ਕਾਰਨ ਮੁੱਖ ਮੰਤਰੀ ਦਾ ਘਿਰਾਓ ਅੱਜ
ਐਲਾਨ ਅਤੇ ਵਾਅਦਿਆ ਤੋਂ ਭੱਜਣ ਕਾਰਨ 28 ਸਤੰਬਰ ਨੂੰ ਮੁੱਖ ਮੰਤਰੀ ਦਾ ਘਿਰਾਓ
Publish Date: Sat, 27 Sep 2025 04:42 PM (IST)
Updated Date: Sun, 28 Sep 2025 04:00 AM (IST)

ਆਰ. ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਪੰਜਾਬ ਸਰਕਾਰ ਦੇ ਕੀਤੇ ਐਲਾਨ ਅਤੇ ਲਿਖਤ ਵਾਅਦਿਆਂ ਤੋਂ ਭੱਜਣ ਦੇ ਰੋਸ ਨੂੰ ਲੈ ਕੇ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਬੈਨਰ ਹੇਠ 28 ਸਤੰਬਰ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਘਿਰਾਓ ਕੀਤਾ ਜਾਵੇਗਾ।ਜਿਸ ਦੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ, ਸੂਬਾ ਕਮੇਟੀ ਮੈਂਬਰ ਅਮਨਜੋਤੀ ਨੇ ਸਾਂਝੇ ਤੌਰ ਤੇ ਪ੍ਰੈਸ ਨੂੰ ਦੱਸਿਆ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਬਾਅਦ ਲਗਭਗ 80 ਦੇ ਕਰੀਬ ਮੀਟਿੰਗਾਂ ਸਬ-ਕਮੇਟੀ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸਿੱਖਿਆ ਅਤੇ ਵਿੱਤ ਵਿਭਾਗ ਦੇ ਆਲਾ ਅਫਸਰਾਂ ਨਾਲ ਜੱਥੇਬੰਦੀ ਦੀਆਂ ਹੋ ਚੁੱਕੀਆਂ ਹਨ। ਜ਼ਿਲ੍ਹਾਂ ਵਿੱਚ ਜੱਥੇਬੰਦੀ ਦੇ ਪੱਲੇ ਲਾਰਿਆ ਤੋਂ ਸਿਵਾਏ ਕੁਝ ਨਹੀਂ ਪਾਇਆ ਭਾਵੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਕੰਪਿਊਟਰ ਅਧਿਆਪਕਾਂ ਨੂੰ 2022 ਦੀ ਦੀਵਾਲੀ ਤੇ ਪੂਰਨ ਰੂਪ ਵਿੱਚ ਸਿਵਲ ਸੇਵਾਵਾਂ ਦੇ ਨਿਯਮ ਅਤੇ 6ਵਾਂ ਤਨਖਾਹ ਕਮਿਸ਼ਨ ਦੀਵਾਲੀ ਪਹਿਲਾ ਲਾਗੂ ਕਰਨ ਦਾ ਐਲਾਨ ਅਖਬਾਰਾਂ, ਸੋਸ਼ਲ ਮੀਡੀਆਂ ਅਤੇ ਆਪਣੀ ਆਮ ਆਦਮੀ ਪਾਰਟੀ ਦੇ ਵੱਖ-ਵੱਖ ਮੰਚਾਂ ਤੇ ਕਈ ਵਾਰ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਕੰਪਿਊਟਰ ਅਧਿਆਪਕਾਂ ਨੂੰ ਅੱਜ ਤੱਕ ਸਮੇਂ ਸਿਰ ਤਨਖਾਹਾਂ ਦੇਣ ਵਿੱਚ ਵੀ ਨਾਕਾਮ ਰਹੀ ਹੈ ਜਦੋ ਕਿ ਬਾਕੀ ਸਾਰੇ ਮੁਲਾਜ਼ਮਾਂ ਨੂੰ ਹਰ ਮਹੀਨੇ ਦੀ ਪਹਿਲੀ ਜਾਂ ਦੂਜੀ ਤਾਰੀਕ ਨੂੰ ਤਨਖਾਹ ਮਿਲ ਜਾਂਦੀ ਹੈ। ਜਿਸ ਕਾਰਨ ਸੂਬੇ ਦੇ ਸਾਰੇ ਕੰਪਿਊਟਰ ਅਧਿਆਪਕਾਂ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ਼ ਹੈ। ਹੁਣ ਕੰਪਿਊਟਰ ਅਧਿਆਪਕਾਂ ਦੇ ਸਬਰ ਦਾ ਬੰਨ੍ਹ ਟੁੱਟ ਚੁੱਕਾ ਹੈ ਜਦੋ ਪੰਜਾਬ ਸਰਕਾਰ, ਮਾਣਯੋਗ ਹਾਈਕੋਰਟ ਪੰਜਾਬ ਵਲੋਂ ਆਏ ਕੰਪਿਊਟਰ ਅਧਿਆਪਕਾਂ ਦੇ ਹੱਕ ਵਿੱਚ ਫੈਸਲਾ ਨੂੰ ਲਾਗੂ ਕਰਨ ਦੇ ਬਜਾਏ ਮਾਣਯੋਗ ਸੁਪਰੀਮ ਕੋਰਟ ਵਿਖੇ ਚੁਣੌਤੀ ਦੇਣ ਜਾ ਰਹੀ ਹੈ। ਜੱਥੇਬੰਦੀ ਵਲੋਂ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਜੇਕਰ ਜਲਦ ਤੋਂ ਜਲਦ ਕੰਪਿਊਟਰ ਅਧਿਆਪਕਾਂ ਦੇ ਮਸਲੇ ਹੱਲ ਕਰਕੇ ਲਾਗੂ ਨਹੀਂ ਕਰਦੀ ਤਾਂ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਵਲੋਂ ਪੰਜਾਬ ਸਰਕਾਰ ਦੇ ਰਾਜਸੀ ਸਮਾਗਮਾਂ ਵਿੱਚ ਪਹੁੰਚ ਕੇ ਪੰਜਾਬ ਸਰਕਾਰ ਦਾ ਕੰਪਿਊਟਰ ਅਧਿਆਪਕ ਅਤੇ ਲੋਕ ਵਿਰੋਧੀ ਚਿਹਰੇ ਨੂੰ ਨੰਗਾ ਕੀਤਾ ਜਾਵੇਗਾ। ਜਿਸ ਤਹਿਤ ਜੱਥੇਬੰਦੀ ਵਲੋਂ 28 ਸਤੰਬਰ ਨੂੰ ਗੁਰੀਲਾ ਢੰਗ ਨਾਲ ਗੁਪਤ ਐਕਸ਼ਨ ਕੀਤਾ ਜਾਵੇਗਾ, ਜਿਸ ਦੀ ਪੂਰਨ ਰੂਪ ਵਿੱਚ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।ਰੈਲੀ ਦੌਰਾਨ ਸੂਬਾ ਕਮੇਟੀ, ਜ਼ਿਲ੍ਹਾ ਕਮੇਟੀਆਂ ਅਤੇ ਪੰਜਾਬ ਭਰ ਚ ਕੰਪਿਊਟਰ ਅਧਿਆਪਕ ਸ਼ਾਮਿਲ ਹੋਣਗੇ।