ਦਰੱਖਤਾਂ ਦੀ ਕਟਾਈ ਮਾਮਲੇ ’ਚ ਕਾਂਗਰਸੀ ਕੌਂਸਲਰ ਸਣੇ ਪੰਜ ਨਾਮਜ਼ਦ
ਗੈਰਕਾਨੂੰਨੀ ਕਟਾਈ ਮਾਮਲੇ ’ਚ ਕਾਂਗਰਸੀ ਕੌਂਸਲਰ ਸਮੇਤ ਪੰਜ ਖ਼ਿਲਾਫ਼ ਕੇਸ
Publish Date: Sun, 08 Feb 2026 04:51 PM (IST)
Updated Date: Mon, 09 Feb 2026 04:03 AM (IST)
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ,
ਭੋਆ : ਪਠਾਨਕੋਟ ਜ਼ਿਲ੍ਹੇ ਦੇ ਕਸਬਾ ਡੇਰੀਵਾਲ ਤੇ ਮਕੀਨਪੁਰ ਖੇਤਰ ਵਿੱਚ ਜੰਗਲਾਤ ਵਿਭਾਗ ਦੀ ਜ਼ਮੀਨ ਤੋਂ ਖੈਰ ਦੇ ਦਰੱਖਤ ਗੈਰਕਾਨੂੰਨੀ ਢੰਗ ਨਾਲ ਕੱਟਣ ਦੇ ਗੰਭੀਰ ਮਾਮਲੇ ਵਿੱਚ ਸਦਰ ਪੁਲਿਸ ਨੇ ਮੌਜੂਦਾ ਕਾਂਗਰਸੀ ਕੌਂਸਲਰ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਕੌਂਸਲਰ ਅਜੇ ਮਹਾਜਨ ਹਾਲੇ ਫਰਾਰ ਦੱਸਿਆ ਜਾ ਰਿਹਾ ਹੈ।
ਸਦਰ ਥਾਣੇ ਦੇ ਐਸਐਚਓ ਵਿਜੇ ਕੁਮਾਰ ਨੇ ਦੱਸਿਆ ਕਿ ਜੰਗਲਾਤ ਵਿਭਾਗ ਵੱਲੋਂ ਮਿਲੀ ਸ਼ਿਕਾਇਤ ਅਨੁਸਾਰ ਡੇਰੀਵਾਲ ਤੇ ਮਕੀਨਪੁਰ ਦੇ ਜੰਗਲਾਂ ਵਿੱਚ ਖੈਰ ਦੇ ਕੀਮਤੀ ਦਰੱਖਤ ਲਗਾਤਾਰ ਕੱਟ ਕੇ ਚੋਰੀ ਕੀਤੇ ਜਾ ਰਹੇ ਸਨ। ਸਥਾਨਕ ਵਸਨੀਕਾਂ ਨੇ ਸਵੇਰੇ ਕਰੀਬ 5 ਵਜੇ ਕੁਝ ਵਿਅਕਤੀਆਂ ਨੂੰ ਕੱਟੇ ਹੋਏ ਦਰੱਖਤ ਇਕ ਕਾਰ ਵਿੱਚ ਲੱਦ ਕੇ ਲਿਜਾਂਦੇ ਵੇਖਿਆ ਅਤੇ ਇਸ ਦੀ ਸੂਚਨਾ ਤੁਰੰਤ ਜੰਗਲਾਤ ਅਧਿਕਾਰੀਆਂ ਨੂੰ ਦਿੱਤੀ।
ਸੂਚਨਾ ਮਿਲਦਿਆਂ ਹੀ ਸਰਨਾ ਇੰਚਾਰਜ ਮਨੀਸ਼ ਕੁਮਾਰ, ਬਲਾਕ ਅਫਸਰ ਅਤੇ ਜੰਗਲਾਤ ਗਾਰਡ ਮੌਕੇ ’ਤੇ ਪਹੁੰਚੇ ਤਾਂ ਵੱਖ-ਵੱਖ ਥਾਵਾਂ ’ਤੇ ਖੈਰ ਦੇ ਦਰੱਖਤ ਕੱਟੇ ਹੋਏ ਮਿਲੇ। ਵਿਭਾਗੀ ਅਧਿਕਾਰੀਆਂ ਨੇ ਥਾਣੇ ਪਹੁੰਚ ਕੇ ਪੁਲਿਸ ਨੂੰ ਪੂਰੀ ਜਾਣਕਾਰੀ ਦਿੱਤੀ ਅਤੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਪੁਲਿਸ ਨੇ ਜਾਂਚ ਉਪਰੰਤ ਕਾਂਗਰਸੀ ਕੌਂਸਲਰ ਅਜੇ ਮਹਾਜਨ ਵਾਸੀ ਡੇਰੀਵਾਲ, ਜੋਗਿੰਦਰ ਸਿੰਘ ਵਾਸੀ ਕਿਲਾ ਜਮਾਲਪੁਰ, ਸ਼ੇਪੂ ਉਰਫ਼ ਦਾਰਾ ਸਿੰਘ ਵਾਸੀ ਜਮਾਲਪੁਰ, ਗੌਤਮ ਵਾਸੀ ਜਮਾਲਪੁਰ ਅਤੇ ਰੋਹਿਤ ਕੁਮਾਰ ਵਾਸੀ ਡੇਰੀਵਾਲ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ।
ਐਸਐਚਓ ਨੇ ਕਿਹਾ ਕਿ ਚਾਰ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ ਜਦਕਿ ਮੁੱਖ ਮੁਲਜ਼ਮ ਅਜੇ ਮਹਾਜਨ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ। ਪੁਲਿਸ ਦਾ ਦਾਅਵਾ ਹੈ ਕਿ ਫਰਾਰ ਕੌਂਸਲਰ ਨੂੰ ਜਲਦੀ ਹੀ ਕਾਨੂੰਨ ਦੇ ਘੇਰੇ ਵਿੱਚ ਲਿਆ ਜਾਵੇਗਾ।