ਬੱਸ ਸਟੈਂਡ ਕਲਾਨੌਰ ਬੁਨਿਆਦੀ ਸਹੂਲਤਾਂ ਤੋਂ ਸੱਖਣਾ

---ਗਰਮੀ ਦੌਰਾਨ ਪੱਖੇ ਬੰਦ, ਫਲੱਡ ਲਾਈਟ ਦੀ ਬੱਤੀ ਗੁੱਲ, ਯਾਤਰੀ ਅਤੇ ਬੱਸ ਚਾਲਕ ਪਰੇਸ਼ਾਨ
ਮਹਿੰਦਰ ਸਿੰਘ ਅਰਲੀਭੰਨ,
ਪੰਜਾਬੀ ਜਾਗਰਣ : ਕਲਾਨੌਰ: ਸਿਆਣਿਆਂ ਦੀ ਪੁਰਾਣੀ ਕਹਾਵਤ ਹੈ 'ਜਿਸ ਨੇ ਵੇਖਿਆ ਨਹੀਂ ਲਾਹੌਰ ਉਹ ਵੇਖੇ ਕਲਾਨੌਰ'। ਪਰੰਤੂ ਇਸ ਇਤਿਹਾਸਕ ਕਸਬੇ ਵਿੱਚ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਲਈ ਬਣਿਆ ਬੱਸ ਸਟੈਂਡ ਇਸ ਸਮੇਂ ਬੁਨਿਆਦੀ ਸਹੂਲਤਾਂ ਤੋਂ ਸੱਖਣਾ ਹੋਣ ਕਾਰਨ ਯਾਤਰੀਆਂ ਤੇ ਬੱਸ ਚਾਲਕਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਬੱਸ ਚਾਲਕ ਬਲਜਿੰਦਰ ਸਿੰਘ, ਜਗਤਾਰ ਸਿੰਘ ਵਡਾਲਾ ਬਾਂਗਰ, ਸਰਬਜੀਤ ਸਿੰਘ, ਸੱਬਾ ਉੱਪਲ, ਸਰਬਜੀਤ ਸਿੰਘ, ਸੁਖਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਇਤਿਹਾਸਕ ਕਸਬਾ ਕਲਾਨੌਰ ਵਿਖੇ ਜਿੱਥੇ ਇਤਿਹਾਸਿਕ ਪ੍ਰਾਚੀਨ ਸ਼ਿਵ ਮੰਦਰ, ਇਤਿਹਾਸਿਕ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ, ਤਪੋ ਭੂਮੀ ਮੰਦਰ ਬਾਵਾ ਲਾਲ ਜੀ ਦਿਆਲ ਅਤੇ ਮੁਗਲ ਸਮਰਾਟ ਜਲਾਲੂਦੀਨ ਮੁਹੰਮਦ ਅਕਬਰ ਦੀ ਤਾਜਪੋਸ਼ੀ ਤਖਤ ਬਿਰਾਜ਼ਮਾਨ ਹੈ ਅਤੇ ਇਨ੍ਹਾਂ ਇਤਿਹਾਸਿਕ ਸਥਾਨਾਂ ਨੂੰ ਵੇਖਣ ਲਈ ਸੈਲਾਨੀ ਦੂਰ ਦੁਰਾਡੇ ਤੋਂ ਬੱਸਾਂ ਰਾਹੀਂ ਕਸਬਾ ਕਲਾਨੌਰ ਆਉਂਦੇ ਹਨ ਪਰੰਤੂ ਅਫ਼ਸੋਸ ਕਿ ਪਿਛਲੇ ਸਮੇਂ ਦੌਰਾਨ ਲੱਖਾਂ ਰੁਪਏ ਦੀ ਲਾਗਤ ਨਾਲ ਨਿਰਮਾਣ ਕਰਵਾਏ ਗਏ ਕਲਾਨੌਰ ਬੱਸ ਸਟੈਂਡ ਵਿੱਚ ਇਸ ਵੇਲੇ ਗਰਮੀ ਦੇ ਮੌਸਮ ਦੌਰਾਨ ਯਾਤਰੀਆਂ, ਬੱਸ ਚਾਲਕਾਂ, ਹੈਲਪਰਾਂ ਅਤੇ ਕੰਡਕਟਰਾਂ ਦੇ ਬੈਠਣ ਲਈ ਬੱਸ ਸਟੈਂਡ ਦੇ ਵਿੱਚ ਲੱਗੇ ਪੱਖੇ ਬੰਦ ਪਏ ਹੋਏ ਹਨ।
ਉਨ੍ਹਾਂ ਦੱਸਿਆ ਕਿ ਬੱਸ ਸਟੈਂਡ ਵਿੱਚ ਪਿਛਲੇ ਸਮੇਂ ਦੌਰਾਨ ਲਗਾਇਆ ਗਿਆ ਸ਼ੁੱਧ ਅਤੇ ਪਾਣੀ ਠੰਢਾ ਕਰਨ ਲਈ ਲਗਾਇਆ ਗਿਆ ਆਰਓ ਸਿਸਟਮ ਖਰਾਬ ਪਿਆ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਬੱਸ ਸਟੈਂਡ ਵਿੱਚ ਪਿਛਲੇ ਸਮੇਂ ਦੌਰਾਨ ਲੱਖਾਂ ਰੁਪਏ ਦੀ ਲਾਗਤ ਨਾਲ ਬੱਸ ਸਟੈਂਡ ਨੂੰ ਜਗ ਮਗਾਉਣ ਲਈ ਲਗਾਈ ਗਈ ਫਲੱਡ ਲਾਈਟ ਦੀ ਬੱਤੀ ਵੀ ਗੁਲ ਹੋਣ ਕਾਰਨ ਰਾਤ ਵੇਲੇ ਬੱਸ ਸਟੈਂਡ ਵਿੱਚ ਘੁੱਪ ਹਨੇਰਾ ਛਾ ਜਾਂਦਾ ਹੈ। ਬੱਸ ਚਾਲਕਾਂ, ਕੰਡਕਟਰਾਂ ਅਤੇ ਯਾਤਰੀਆਂ ਨੇ ਦੱਸਿਆ ਕਿ ਬੱਸ ਸਟੈਂਡ ਕਲਾਨੌਰ ਜਿਸ ਤੋਂ ਚੰਡੀਗੜ੍ਹ, ਗੁਰਦਾਸਪੁਰ, ਪਠਾਨਕੋਟ, ਬਟਾਲਾ, ਅੰਮ੍ਰਿਤਸਰ, ਰਮਦਾਸ, ਡੇਰਾ ਬਾਬਾ ਨਾਨਕ, ਕੋਟਲੀ ਸੂਰਤ ਮੱਲ੍ਹੀ, ਧਿਆਨਪੁਰ, ਧਿਆਨਪੁਰ ਆਦਿ ਰੂਟਾਂ ਤੇ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਚੱਲਦੀਆਂ ਹਨ। ਉਹਨਾਂ ਨੂੰ ਦੱਸਿਆ ਕਿ ਬਾਰਡਰ ਏਰੀਏ ਦੇ ਸੈਂਕੜੇ ਪਿੰਡਾਂ ਨਾਲ ਸੰਬੰਧਿਤ ਬੱਸ ਸਟੈਂਡ ਕਲਾਨੌਰ ਜਿਸ ਨੂੰ ਪਿਛਲੇ ਸਮਿਆਂ ਵਿੱਚ ਲੱਖਾਂ ਰੁਪਏ ਵਿੱਚ ਇੱਕ ਸਾਲ ਲਈ ਪਟੇ (ਠੇਕੇ) ਤੇ ਦਿੱਤਾ ਜਾਂਦਾ ਸੀ। ਉਹਨਾਂ ਕਿਹਾ ਕਿ ਸਲਾਨਾ ਲੱਖਾਂ ਰੁਪਏ ਦੀ ਆਮਦਨ ਵਾਲੇ ਬੱਸ ਸਟੈਂਡ ਕਲਾਨੌਰ ਵਿੱਚ ਪੱਖੇ, ਫਲੱਡ ਲਾਈਟਾਂ, ਸਾਫ ਸਫਾਈ ਅਤੇ ਬੱਸ ਸਟੈਂਡ ਵਿੱਚ ਲੱਗਾ ਪੱਥਰ ਅਤੇ ਲੋਹੇ ਦੇ ਐਂਗਲ ਚੋਰੀ ਹੋਣ ਕਾਰਨ ਬੱਸ ਸਟੈਂਡ ਦੀ ਹਾਲਤ ਖਸਤਾ ਬਣੀ ਹੋਈ ਹੈ। ਯਾਤਰੀਆਂ ਅਤੇ ਬੱਸ ਚਾਲਕਾਂ ਨੇ ਦੱਸਿਆ ਕਿ ਕਲਾਨੌਰ ਦੀਆਂ ਪੰਚਾਇਤਾਂ ਦੀ ਚੋਣ 13 ਸਾਲ ਬਾਅਦ ਹੋਣ ਦੇ ਬਾਵਜੂਦ ਵੀ ਅਜੇ ਤੱਕ ਸਰਪੰਚਾਂ ਵੱਲੋਂ ਬੱਸ ਸਟੈਂਡ ਦੀ ਸਾਰ ਨਹੀਂ ਲਈ ਗਈ। ਉਹਨਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ, ਪੰਚਾਇਤ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਕਲਾਨੌਰ ਦੀਆਂ ਪੰਚਾਇਤਾਂ ਦੇ ਸਰਪੰਚਾਂ ਤੋਂ ਮੰਗ ਕੀਤੀ ਹੈ ਕਿ ਕਲਾਨੌਰ ਬੱਸ ਸਟੈਂਡ ਵਿੱਚ ਲੱਗੇ ਪੱਖੇ ਅਤੇ ਬੰਦ ਪਈਆਂ ਫਲੱਡ ਲਾਈਟਾਂ ਤੁਰੰਤ ਜਗਾਈਆਂ ਜਾਣ ਅਤੇ ਬੱਸ ਸਟੈਂਡ ਦੀ ਸਾਫ ਸਫਾਈ ਨੂੰ ਯਕੀਨੀ ਬਣਾਇਆ ਜਾਵੇ।
---ਪੰਚਾਇਤ ਨੂੰ ਗਰਾਂਟ ਜਾਰੀ ਹੋਣ ਤੇ ਬੱਸ ਸਟੈਂਡ ਦੀ ਹੋਵੇਗੀ ਕਾਇਆ ਕਲਪ : ਸਰਪੰਚ ਹਰਦੀਪ ਸਿੰਘ ਮਠਾਰੂ---
ਕਸਬਾ ਕਲਾਨੌਰ ਦੀ ਗਰਾਮ ਪੰਚਾਇਤ ਮੌਜੋਵਾਲ ਦੇ ਸਰਪੰਚ ਹਰਦੀਪ ਸਿੰਘ ਮਠਾਰੂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਲਾਨੌਰ ਦੀਆਂ ਪੰਚਾਇਤਾਂ ਦੇ ਸਰਪੰਚਾਂ ਅਤੇ ਪੰਚਾਂ ਵੱਲੋਂ ਤਿੰਨ ਮਾਰਚ ਤੋਂ ਸੰਹੁ ਚੁੱਕ ਲਈ ਗਈ ਹੈ। ਉਸ ਨੇ ਦੱਸਿਆ ਕਿ ਉਹਨਾਂ ਵੱਲੋਂ ਪਹਿਲਾਂ ਕਲਾਨੌਰ ਬੱਸ ਸਟੈਂਡ ਵਿੱਚ ਲੱਗੀ ਫਲੱਡ ਲਾਈਟ ਦੀ ਰਿਪੇਅਰ ਅਤੇ ਕਸਬਾ ਕਲਾਨੌਰ ਦੇ ਵੱਖ-ਵੱਖ ਮਾਰਗਾਂ ਅਤੇ ਗਲੀ ਮੁਹੱਲਿਆਂ ਦੀ ਸਾਫ਼ ਸਫਾਈ ਆਪਣੀ ਜੇਬ ਵਿੱਚੋਂ ਪੈਸੇ ਖਰਚ ਕਰਕੇ ਕਰਵਾਈ ਸੀ ਪਰੰਤੂ ਅਜੇ ਤੱਕ ਉਹਨਾਂ ਵੱਲੋਂ ਖਰਚ ਕੀਤਾ ਗਿਆ ਕੋਈ ਵੀ ਪੈਸਾ ਪੰਚਾਇਤ ਨੂੰ ਜਾਰੀ ਨਹੀਂ ਕੀਤਾ ਗਿਆ। ਸਰਪੰਚ ਹਰਦੀਪ ਸਿੰਘ ਮਠਾਰੂ ਨੇ ਦੱਸਿਆ ਕਿ ਉਨ੍ਹਾਂ ਦੀ ਪੰਚਾਇਤ ਦੇ ਖਾਤੇ ਵਿੱਚ ਗ੍ਰਾਂਟ ਆਉਣ ਤੇ ਬੱਸ ਸਟੈਂਡ ਅਤੇ ਕਸਬਾ ਕਲਾਨੌਰ ਦੀ ਵਿਕਾਸ ਕਾਰਜ ਕਰਵਾ ਕੇ ਕਾਇਆ ਕਲਪ ਕਰ ਦਿੱਤੀ ਜਾਵੇਗੀ।