ਰੇਲ ਯਾਤਰੀਆਂ ਲਈ ਵੱਡੀ ਰਾਹਤ: ਚੋਰੀਆਂ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼, 3 ਮੈਂਬਰ ਹਥਿਆਰਾਂ ਸਮੇਤ ਕਾਬੂ
ਰੇਲ ਗੱਡੀਆਂ ਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਰੇਲਵੇ ਪੁਲਿਸ ਨੇ ਪਰਦਾਫਾਸ ਕੀਤਾ ਹੈ। ਰੇਲਵੇ ਪੁਲਿਸ ਨੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਚੋਰੀ ਦੇ ਮੋਬਾਈਲ ਅਤੇ ਤੇਜਧਾਰ ਹਥਿਆਰ ਬਰਾਮਦ ਕੀਤੇ ਹਨ।
Publish Date: Wed, 25 Feb 2026 04:27 PM (IST)
Updated Date: Wed, 25 Feb 2026 04:28 PM (IST)

ਸੁਖਦੇਵ ਸਿੰਘ/ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ - ਰੇਲ ਗੱਡੀਆਂ ਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਰੇਲਵੇ ਪੁਲਿਸ ਨੇ ਪਰਦਾਫਾਸ ਕੀਤਾ ਹੈ। ਰੇਲਵੇ ਪੁਲਿਸ ਨੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਚੋਰੀ ਦੇ ਮੋਬਾਈਲ ਅਤੇ ਤੇਜਧਾਰ ਹਥਿਆਰ ਬਰਾਮਦ ਕੀਤੇ ਹਨ। ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਜੀਆਰਪੀ ਪੁਲਸ ਥਾਣਾ ਪਠਾਨਕੋਟ ਦੇ ਐੱਸਐੱਚਓ ਅਸ਼ੋਕ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ 5 ਵਿਅਕਤੀਆਂ ਨੇ ਮਿਲ ਕੇ ਇਕ ਗਿਰੋਹ ਬਣਾਇਆ ਹੋਇਆ ਹੈ, ਜੋ ਰੇਲ ਗੱਡੀਆਂ ’ਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਹਨ ਅਤੇ ਇਸ ਸਮੇਂ ਉਹ ਰੇਲਵੇ ਯਾਰਡ ਨਜ਼ਦੀਕ ਐੱਫਸੀਆਈ ਗੋਦਾਮ ਬਟਾਲਾ ਦੇ ਕੋਲ ਬੈਠੇ ਹੋਏ ਹਨ ਅਤੇ ਉਨ੍ਹਾਂ ਕੋਲ ਤੇਜ਼ਧਾਰ ਹਥਿਆਰ ਵੀ ਹਨ।
ਉਨ੍ਹਾਂ ਕਿਹਾ ਕਿ ਇਸ ਦੌਰਾਨ ਜੀਆਰਪੀ ਪੁਲਸ ਅਤੇ ਆਰਪੀਐੱਫ ਚੌਂਕੀ ਬਟਾਲਾ ਦੀ ਟੀਮ ਵਲੋਂ ਉਕਤ ਜਗ੍ਹਾ ’ਤੇ ਛਾਪੇਮਾਰੀ ਕਰਦੇ ਹੋਏ 3 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਜਦਕਿ ਦੋ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਬਲਜੀਤ ਸਿੰਘ ਵਾਸੀ ਪਿੰਡ ਹਸਨਪੁਰ, ਮਨਦੀਪ ਰਾਜਾ ਵਾਸੀ ਬਟਾਲਾ ਅਤੇ ਸਰਬਜੀਤ ਸਿੰਘ ਵਾਸੀ ਬਟਾਲਾ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਪੁਲਸ ਨੇ ਉਕਤ ਮੁਲਜ਼ਮਾਂ ਤੋਂ 3 ਚੋਰੀ ਦੇ ਮੋਬਾਇਲ ਫੋਨ ਅਤੇ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਹਨ। ਉਨ੍ਹਾਂ ਕਿਹਾ ਕਿ ਪੁਲਸ ਨੇ ਉਕਤ ਤਿੰਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ ਅਤੇ ਇਨ੍ਹਾਂ ਦੇ ਬਾਕੀ ਸਾਥੀਆਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਫਿਲਹਾਲ ਇਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਸ ਮੌਕੇ ਉਨ੍ਹਾਂ ਨਾਲ ਆਰ.ਪੀ.ਐੱਫ ਬਟਾਲਾ ਦੇ ਇੰਚਾਰਜ ਸਬ ਇੰਸਪੈਕਟਰ ਦਲੀਪ ਸਿੰਘ, ਜੀ.ਆਰ.ਪੀ ਪੁਲਸ ਚੌਂਕੀ ਬਟਾਲਾ ਦੇ ਇੰਚਾਰਜ ਏ.ਐੱਸ.ਆਈ ਕੁਲਦੀਪ ਸਿੰਘ, ਏ.ਐੱਸ.ਆਈ ਦਿਲਬਾਗ ਸਿੰਘ, ਏ.ਐੱਸ.ਆਈ ਬਖਸ਼ੀਸ਼ ਸਿੰਘ, ਏ.ਐੱਸ.ਆਈ ਹਰਦੀਪ ਸਿੰਘ ਆਦਿ ਹਾਜ਼ਰ ਸਨ।