ਮੌਕੇ 'ਤੇ ਇੱਕਤਰ ਜਾਣਕਾਰੀ ਅਨੁਸਾਰ ਪ੍ਰਾਈਵੇਟ ਕੰਪਨੀ ਏਬੀਟੀਸੀ ਦੀ ਇਕ ਬੱਸ ਨੰਬਰ ਪੀਬੀ 02 ਸੀਸੀ 7667 ਪਠਾਨਕੋਟ ਤੋਂ ਅੰਮ੍ਰਿਤਸਰ ਜਾ ਰਹੀ ਸੀ। ਸਵਾਰੀਆਂ ਅਨੁਸਾਰ ਬੱਸ ਦੀ ਰਫ਼ਤਾਰ ਕਾਫੀ ਤੇਜ ਸੀ। ਕੁੱਝ ਸਵਾਰੀਆਂ ਨੇ ਦੱਸਿਆ ਕਿ ਡਰਾਈਵਰ ਵੱਲੋਂ ਬੱਸ ਕਾਫੀ ਤੇਜ਼ ਚਲਾਈ ਜਾ ਰਹੀ ਸੀ ਬੱਬਰੀ ਨੇੜੇ ਪਹੁੰਚਣ ਤੇ ਬੱਸ ਡਰਾਈਵਰ ਨੇ ਜਦੋਂ ਬ੍ਰੇਕ ਲਗਾਈ ਤਾਂ ਡਰਾਈਵਰ ਨੇ ਬੱਸ ਦਾ ਕੰਟਰੋਲ ਗੁਆ ਦਿੱਤਾ ਅਤੇ ਬੱਸ ਬੇਕਾਬੂ ਹੋ ਕੇ ਡਿਵਾਈਡਰ 'ਤੇ ਚੜ੍ਹਦੀ ਹੋਈ ਸੜਕ ਦੇ ਦੂਜੇ ਪਾਸੇ ਪਲਟ ਗਈ।

ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ : ਅੱਜ ਬੁੱਧਵਾਰ ਸ਼ਾਮ ਗੁਰਦਾਸਪੁਰ -ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਬੱਬਰੀ ਸਿਵਲ ਹਸਪਤਾਲ ਕੋਲ ਪ੍ਰਾਈਵੇਟ ਕੰਪਨੀ ਦੀ ਤੇਜ਼ ਰਫਤਾਰ ਬੱਸ ਬੇਕਾਬੂ ਹੋ ਕੇ ਪਲਟ ਗਈ। ਇਸ ਦੌਰਾਨ ਇੱਕ ਕਾਰ ਇਸ ਬੱਸ ਦੇ ਹੇਠਾਂ ਆ ਗਈ। ਹਾਦਸਾ ਇੰਨਾਂ ਭਿਆਨਕ ਸੀ ਕਿ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਹਾਦਸੇ ਵਿਚ ਕੋਈ 30 ਸਵਾਰੀਆਂ ਜ਼ਖ਼ਮੀ ਹੋਈਆਂ ਹਨ ਜਿਨ੍ਹਾਂ ਵਿਚੋਂ 4 ਦੀ ਹਾਲਤ ਗੰਭੀਰ ਹੈ। ਜ਼ਖ਼ਮੀਆਂ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਬੱਚੇ ਸ਼ਾਮਲ ਹਨ। ਇੰਨਾਂ ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਗੁਰਦਾਸਪੁਰ ਅਤੇ ਕੁੱਝ ਨੂੰ ਨਿੱਜੀ ਹਸਪਤਾਲ ਪਹੁੰਚਾਇਆ ਗਿਆ।
ਮੌਕੇ 'ਤੇ ਇੱਕਤਰ ਜਾਣਕਾਰੀ ਅਨੁਸਾਰ ਪ੍ਰਾਈਵੇਟ ਕੰਪਨੀ ਏਬੀਟੀਸੀ ਦੀ ਇਕ ਬੱਸ ਨੰਬਰ ਪੀਬੀ 02 ਸੀਸੀ 7667 ਪਠਾਨਕੋਟ ਤੋਂ ਅੰਮ੍ਰਿਤਸਰ ਜਾ ਰਹੀ ਸੀ। ਸਵਾਰੀਆਂ ਅਨੁਸਾਰ ਬੱਸ ਦੀ ਰਫ਼ਤਾਰ ਕਾਫੀ ਤੇਜ ਸੀ। ਕੁੱਝ ਸਵਾਰੀਆਂ ਨੇ ਦੱਸਿਆ ਕਿ ਡਰਾਈਵਰ ਵੱਲੋਂ ਬੱਸ ਕਾਫੀ ਤੇਜ਼ ਚਲਾਈ ਜਾ ਰਹੀ ਸੀ ਬੱਬਰੀ ਨੇੜੇ ਪਹੁੰਚਣ ਤੇ ਬੱਸ ਡਰਾਈਵਰ ਨੇ ਜਦੋਂ ਬ੍ਰੇਕ ਲਗਾਈ ਤਾਂ ਡਰਾਈਵਰ ਨੇ ਬੱਸ ਦਾ ਕੰਟਰੋਲ ਗੁਆ ਦਿੱਤਾ ਅਤੇ ਬੱਸ ਬੇਕਾਬੂ ਹੋ ਕੇ ਡਿਵਾਈਡਰ 'ਤੇ ਚੜ੍ਹਦੀ ਹੋਈ ਸੜਕ ਦੇ ਦੂਜੇ ਪਾਸੇ ਪਲਟ ਗਈ। ਸੱਜੇ ਹੱਥ ਦੀ ਸੜਕ ਤੇ ਪਲਟਣ ਸਮੇਂ ਇੱਕ ਟੋਇਟਾ ਕਾਰ ਨੰਬਰ ਪੀਬੀ 06 ਬੀਏ 6004 ਬੱਸ ਦੇ ਹੇਠਾਂ ਦੱਬੀ ਗਈ। ਹਾਦਸਾ ਵਾਪਰਦਿਆਂ ਹੀ ਮੌਕ ਤੇ ਚੀਕ ਚਿਹਾੜਾ ਮੱਚ ਗਿਆ।
ਸਥਾਨਕ ਲੋਕਾਂ ਨੇ ਆਪਣੇ ਤੁਰੰਤ ਜ਼ਖ਼ਮੀ ਸਵਾਰੀਆਂ ਨੂੰ ਮਸ਼ੱਕਤ ਨਾਲ ਬੱਸ ਵਿੱਚੋਂ ਬਾਹਰ ਕੱਢਿਆ। ਅਨੇਕਾਂ ਸਵਾਰੀਆਂ ਖੂਨ ਨਾਲ ਲਥਪੱਥ ਹੋ ਚੁੱਕੀਆਂ ਸੀ। ਖੂਨ ਵਿੱਚ ਭਿੱਜੇ ਕੁਝ ਬੱਚੇ ਦਿਲ ਕੰਬਾਊ ਮੰਜ਼ਰ ਪੇਸ਼ ਕਰ ਰਹੇ ਸਨ। ਹਾਦਸੇ ਤੋਂ 15 ਮਿੰਟ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਕਰੇਨ ਮੰਗਵਾ ਕੇ ਬੱਸ ਨੂੰ ਸਿੱਧਾ ਕੀਤਾ ਅਤੇ ਹਾਈਵੇ 'ਤੇ ਲੱਗੇ ਜਾਮ ਨੂੰ ਖੁੱਲ੍ਹਵਾਇਆ ਗਿਆ। ਹਾਦਸੇ ਪਿੱਛੋਂ ਬੱਸ ਡਰਾਈਵਰ ਫਰਾਰ ਦੱਸਿਆ ਜਾ ਰਿਹਾ ਹੈ। ਬੱਸ ਹੇਠਾ ਦੱਬੀ ਕਾਰ ਵਿੱਚ ਸਿਰਫ ਡਰਾਈਵਰ ਹੀ ਸੀ ਜਿਸਦੇ ਗੰਭੀਰ ਸੱਟਾਂ ਆਈਆਂ ਹਨ। ਸਿਵਲ ਹਸਪਤਾਲ ਵਿੱਚ ਵੀ ਮਾਹੌਲ ਬੇਹੱਦ ਦਰਦਨਾਕ ਸੀ। ਮੌਕੇ 'ਤੇ ਹੋਰ ਡਾਕਟਰ ਬੁਲਾਏ ਗਏ ਅਤੇ ਐਮਰਜੈਂਸੀ ਵਿੱਚ ਜ਼ਖ਼ਮੀਆਂ ਦਾ ਇਲਾਜ ਕੀਤਾ ਗਿਆ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਤਰਜਿੰਦਰ ਸਿੰਘ ਨੇ ਦੱਸਿਆ ਕਿ ਬੱਸ ਕਾਫੀ ਤੇਜ਼ ਰਫਤਾਰ ਨਾਲ ਆ ਰਹੀ ਸੀ। ਬੱਬਰੀ ਨੇੜੇ ਬ੍ਰੇਕ ਮਾਰਨ ਤੇ ਬੇਕਾਬੂ ਹੋ ਕੇ ਦੂਜੇ ਪਾਸੇ ਪਲਟ ਗਈ। 30 ਤੋਂ 35 ਦੇ ਕਰੀਬ ਸਵਾਰੀਆਂ ਜ਼ਖ਼ਮੀ ਹੋਈਆਂ ਹਨ। ਇਸ ਹਾਦਸੇ ਦੀ ਮੁਕੰਮਲ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।