Big News : ਪਤਨੀ ਦੇ ਕਤਲ ਤੋਂ ਬਾਅਦ ਖ਼ੁਦ ਨੂੰ ਵੀ ਮਾਰੀ ਗੋਲ਼ੀ, ਘਰੇਲੂ ਕਲੇਸ਼ ਬਣਿਆ ਦੋਵਾਂ ਦੀ ਮੌਤ ਦਾ ਕਾਰਨ
ਬਟਾਲਾ ਦੇ ਪਿੰਡ ਕਾਦੀਆਂ ਰਾਜਪੂਤਾਂ ਵਿਖੇ ਇੱਕ ਵਿਅਕਤੀ ਨੇ ਆਪਣੀ ਪਤਨੀ ਨੂੰ ਗੋਲ਼ੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਬਾਅਦ 'ਚ ਖੁਦ ਨੂੰ ਵੀ ਗੋਲ਼ੀ ਮਾਰ ਕੇ ਆਤਮਹੱਤਿਆ ਕਰ ਲਈ ਹੈ।
Publish Date: Sun, 03 May 2026 09:05 PM (IST)
Updated Date: Sun, 03 May 2026 09:09 PM (IST)
ਸ਼ਾਮ ਤਿਵਾੜੀ/ ਅਠਵਾਲ, ਪੰਜਾਬੀ ਜਾਗਰਣ, ਬਟਾਲਾ /ਅਲੀਵਾਲ : ਬਟਾਲਾ ਦੇ ਪਿੰਡ ਕਾਦੀਆਂ ਰਾਜਪੂਤਾਂ ਵਿਖੇ ਇੱਕ ਵਿਅਕਤੀ ਨੇ ਆਪਣੀ ਪਤਨੀ ਨੂੰ ਗੋਲ਼ੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਬਾਅਦ 'ਚ ਖੁਦ ਨੂੰ ਵੀ ਗੋਲ਼ੀ ਮਾਰ ਕੇ ਆਤਮਹੱਤਿਆ ਕਰ ਲਈ ਹੈ। ਮੁੱਢਲੀ ਜਾਣਕਾਰੀ ਅਨੁਸਾਰ ਘਰੇਲੂ ਕਲੇਸ਼ ਦੋਵਾਂ ਦੀ ਮੌਤ ਦਾ ਕਾਰਨ ਬਣਿਆ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਫਤਿਹਗੜ੍ਹ ਚੂੜੀਆਂ ਦੇ ਡੀਐੱਸਪੀ ਲਲਿਤ ਕੁਮਾਰ ਅਤੇ ਥਾਣਾ ਘਣੀਏ ਕੇ ਬਾਂਗਰ ਦੇ ਐੱਸਐੱਚਓ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਗਏ ਹਨ। ਪੁਲਿਸ ਨੇ ਦੋਹਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਫਤਿਹਗੜ੍ਹ ਚੂੜੀਆਂ ਦੇ ਡੀਐੱਸਪੀ ਲਲਿਤ ਕੁਮਾਰ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਬਰਜਿੰਦਰ ਸਿੰਘ 52 ਸਾਲ ਅਤੇ ਉਸਦੀ ਪਤਨੀ ਦੀ ਪਰਮਸੁਨੀਲ ਕੌਰ 35 ਸਾਲ ਵਾਸੀ ਕਾਦੀਆਂ ਰਾਜਪੂਤਾਂ ਵਜੋਂ ਹੋਈ ਹੈ। ਉਹਨਾਂ ਦੱਸਿਆ ਕਿ ਬਰਜਿੰਦਰ ਸਿੰਘ ਦਾ ਦੂਸਰਾ ਵਿਆਹ ਹੋਇਆ ਹੈ ਅਤੇ ਪਰਮਸੁਨੀਲ ਉਸਦੀ ਦੂਸਰੀ ਪਤਨੀ ਸੀ। ਉਹਨਾਂ ਦੱਸਿਆ ਕਿ ਇਹਨਾਂ ਵਿਚਾਲੇ ਇੱਕ ਦੂਜੇ ਖਿਲਾਫ ਥਾਣੇ ਵਿਚ ਝਗੜੇ ਅਤੇ ਤਲਾਕ ਸਬੰਧੀ ਵਿਚ ਮਾਮਲਾ ਚੱਲ ਰਿਹਾ ਸੀ।
ਡੀਐੱਸਪੀ ਨੇ ਦੱਸਿਆ ਕਿ ਐਤਵਾਰ ਦੀ ਸ਼ਾਮ ਨੂੰ ਦੋਵਾਂ ਵਿੱਚ ਆਪਸੀ ਘਰੇਲੂ ਕਲੇਸ਼ ਇੰਨਾ ਜਿਆਦਾ ਵੱਧ ਗਿਆ ਬਰਜਿੰਦਰ ਸਿੰਘ ਨੇ ਆਪਣੀ ਪਤਨੀ ਨੂੰ ਦੋ ਗੋਲ਼ੀਆਂ ਮਾਰੀਆਂ ਅਤੇ ਉਸ ਤੋਂ ਬਾਅਦ ਉਸਨੇ ਆਪਣੀ ਵੱਖੀ 'ਚ ਗੋਲ਼ੀ ਮਾਰ ਕੇ ਖੁਦਕੁਸ਼ੀ ਕਰ ਲਈ । ਡੀਐਸਪੀ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਦੋਵੇਂ ਲਾਸ਼ਾਂ ਪੁਲਿਸ ਨੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ। ਦੱਸਣਯੋਗ ਹੈ ਕਿ ਬਰਜਿੰਦਰ ਸਿੰਘ ਖੇਤੀਬਾੜੀ ਅਤੇ ਟੈਲੀਕਾਮ ਦਾ ਕੰਮ ਕਰਦਾ ਸੀ।