ਚੋਰੀ ਤੋਂ ਪਹਿਲਾਂ ਉਤਾਰੀਆਂ ਜੁੱਤੀਆਂ, ਮੱਥਾ ਟੇਕਿਆ ਫਿਰ ਤੋੜੀ ਗੋਲਕ

-- ਪੰਡੋਰੀ ਰੋਡ ’ਤੇ ਚਾਰ ਮੰਦਰਾਂ ’ਚੋਂ ਇੱਕੋ ਰਾਤ ਵਿੱਚ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ
ਪਲਵਿੰਦਰ ਸਿੰਘ, ਪੰਜਾਬੀ ਜਾਗਰਣ
ਗੁਰਦਾਸਪੁਰ: ਪੰਡੋਰੀ ਰੋਡ ਸਥਿਤ ਕ੍ਰਿਸ਼ਨਾ ਨਗਰ ਅਤੇ ਜੱਟੂਵਾਲ ਪਿੰਡ ਵਿੱਚ ਇੱਕੋ ਰਾਤ ਵਿੱਚ ਚਾਰ ਮੰਦਰਾਂ ਨੂੰ ਚੋਰ ਨੇ ਨਿਸ਼ਾਨਾ ਬਣਾਇਆ। ਚਾਰੋਂ ਮੰਦਰਾਂ ਦੀਆਂ ਗੋਲਕਾਂ ਨੂੰ ਤੋੜ ਕੇ ਉਨ੍ਹਾਂ ਵਿੱਚ ਪਈ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰ ਲਈ ਗਈ। ਇਹ ਘਟਨਾ ਰਾਤ ਕਰੀਬ ਦੋ ਵਜੇ ਦੀ ਦੱਸੀ ਜਾ ਰਹੀ ਹੈ। ਪੂਰੀ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋ ਗਈ ਜਿਸ ਵਿੱਚ ਚੋਰ ਮੰਦਰਾਂ ਵਿੱਚ ਸ਼ਰਧਾ ਨਾਲ ਮੱਥਾ ਟੇਕਣ ਤੋਂ ਬਾਅਦ ਚੋਰੀ ਕਰਦਾ ਦਿਖ ਰਿਹਾ ਹੈ। ਚੋਰ ਨੇ ਕ੍ਰਿਸ਼ਨਾ ਨਗਰ ਪਿੰਡ ਦੇ ਤਿੰਨ ਮੰਦਰਾਂ ਨੂੰ ਨਿਸ਼ਾਨਾ ਬਣਾਇਆ ਜਦੋਂ ਕਿ ਜੱਟੂਵਾਲ ਪਿੰਡ ਦੇ ਇਕ ਮੰਦਰ ਵਿਚ ਵੀ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਕ੍ਰਿਸ਼ਨਾ ਨਗਰ ਦੇ ਰਾਧਾ ਕ੍ਰਿਸ਼ਨ ਮੰਦਰ, ਸ਼ਿਵ ਮੰਦਰ ਅਤੇ ਜਠੇਰਿਆਂ ਦੇ ਮੰਦਰ ਦੀਆਂ ਗੋਲਕਾਂ ਤੋੜੀਆਂ ਗਈਆਂ, ਜਦੋਂ ਕਿ ਜੱਟੂਵਾਲ ਦੇ ਸ਼ਿਵ ਮੰਦਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਚਾਰਾਂ ਮੰਦਰਾਂ ਦੀਆਂ ਗੋਲਕਾਂ ਵਿੱਚੋਂ ਕਰੀਬ 70 ਹਜ਼ਾਰ ਰੁਪਏ ਦੀ ਨਕਦੀ ਚੋਰੀ ਹੋਈ ਹੈ।
ਘਟਨਾ ਦੀ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਵਿੱਚ ਚੋਰ ਪੈਦਲ ਆਉਂਦਾ ਦਿਖ ਰਿਹਾ ਹੈ। ਉਸ ਨੇ ਮੋਢੇ ’ਤੇ ਬੈਗ ਲਟਕਾਇਆ ਹੋਇਆ ਹੈ। ਫੁਟੇਜ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਚੋਰ ਮੰਦਰ ਦੇ ਅੰਦਰ ਵੜਨ ਤੋਂ ਪਹਿਲਾਂ ਆਪਣੇ ਜੁੱਤੀਆਂ ਉਤਾਰਦਾ ਹੈ ਫਿਰ ਸ਼ਰਧਾ ਨਾਲ ਮੱਥਾ ਟੇਕਦਾ ਹੈ। ਇਸ ਤੋਂ ਬਾਅਦ ਉਹ ਬੈਗ ਵਿੱਚ ਲਿਆਂਦੇ ਹਥਿਆਰਾਂ ਨਾਲ ਮੰਦਰ ਦੇ ਦਰਵਾਜ਼ੇ ਅਤੇ ਗੋਲਕਾਂ ਦੇ ਤਾਲੇ ਤੋੜਦਾ ਹੈ। ਚੋਰੀ ਕਰਨ ਤੋਂ ਬਾਅਦ ਉਹ ਬਾਹਰ ਨਿਕਲ ਜਾਂਦਾ ਹੈ।
ਜੱਟੂਵਾਲ ਮੰਦਰ ਦੇ ਪੁਜਾਰੀ ਨਰਿੰਦਰ ਕੁਮਾਰ ਸ਼ਰਮਾ ਅਤੇ ਕ੍ਰਿਸ਼ਨਾ ਨਗਰ ਦੇ ਸਰਪੰਚ ਰਾਕੇਸ਼ ਕੁਮਾਰ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦੇ ਅਨੁਸਾਰ ਚੋਰੀ ਰਾਤ ਕਰੀਬ ਦੋ ਵਜੇ ਹੋਈ ਹੈ। ਪਹਿਲਾਂ ਗਲੀ ਦੇ ਕੈਮਰੇ ਵਿੱਚ ਚੋਰ ਮੋਢੇ ’ਤੇ ਬੈਗ ਲਟਕਾਏ ਦਿਖਿਆ ਫਿਰ ਮੰਦਰ ਦੇ ਅੰਦਰ ਤਾਲੇ ਤੋੜਦਾ ਅਤੇ ਗੋਲਕਾਂ ਨੂੰ ਤੋੜਦਾ ਨਜ਼ਰ ਆਇਆ। ਉਨ੍ਹਾਂ ਦੱਸਿਆ ਕਿ ਇਕ ਪਾਸੇ ਚੋਰ ਸ਼ਰਧਾ ਨਾਲ ਮੱਥਾ ਟੇਕਦਾ ਹੈ ਤਾਂ ਦੂਜੇ ਪਾਸੇ ਧਾਰਮਿਕ ਸਥਾਨ ’ਤੇ ਚੋਰੀ ਕਰਦਾ ਹੈ।
ਪਿੰਡ ਦੇ ਲੋਕਾਂ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਇਸ ਚੋਰ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅਜਿਹੇ ਚੋਰਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਕੋਈ ਅਜਿਹੀ ਹਰਕਤ ਕਰਨ ਦੀ ਹਿੰਮਤ ਨਾ ਕਰ ਸਕੇ। ਚੋਰੀ ਦੀ ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਚੋਰ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।