ਨਗਰ ਨਿਗਮ ਚੋਣਾਂ ਨੂੰ ਚਾਹੇ ਕੁਝ ਹੀ ਦਿਨ ਰਹਿ ਗਏ ਹਨ ਪਰ ਇਸ ਵੇਲੇ ਬਟਾਲਾ ਦੀ ਸਿਆਸਤ ਵਿੱਚ ਆਏ ਦਿਨ ਰਾਜਨੀਤਿਕ ਧਮਾਕੇ ਹੋ ਰਹੇ ਹਨ। ਇਸੇ ਲੜੀ ਤਹਿਤ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੌਜੂਦਾ ਕੌਂਸਲਰ ਅਤੇ ਸੀਨੀਅਰ ਆਗੂ ਬਲਵਿੰਦਰ ਸਿੰਘ ਚੱਠਾ ਆਪਣੇ ਲੜਕੇ ਦਿਲ ਸ਼ੇਰ ਸਿੰਘ ਉਰਫ ਪ੍ਰਿੰਸ ਚੱਠਾ ਅਤੇ ਆੜਤੀ ਕਵਲਜੀਤ ਸਿੰਘ ਸਮੇਤ ਅਕਾਲੀ ਦਲ ਨੂੰ ਹਮੇਸ਼ਾ ਲਈ ਅਲਵਿਦਾ ਕਹਿੰਦੇ ਹੋਏ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਹਾਜ਼ਰੀ 'ਚ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਗਏ।
ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ : ਨਗਰ ਨਿਗਮ ਚੋਣਾਂ ਨੂੰ ਚਾਹੇ ਕੁਝ ਹੀ ਦਿਨ ਰਹਿ ਗਏ ਹਨ ਪਰ ਇਸ ਵੇਲੇ ਬਟਾਲਾ ਦੀ ਸਿਆਸਤ ਵਿੱਚ ਆਏ ਦਿਨ ਰਾਜਨੀਤਿਕ ਧਮਾਕੇ ਹੋ ਰਹੇ ਹਨ। ਇਸੇ ਲੜੀ ਤਹਿਤ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੌਜੂਦਾ ਕੌਂਸਲਰ ਅਤੇ ਸੀਨੀਅਰ ਆਗੂ ਬਲਵਿੰਦਰ ਸਿੰਘ ਚੱਠਾ ਆਪਣੇ ਲੜਕੇ ਦਿਲ ਸ਼ੇਰ ਸਿੰਘ ਉਰਫ ਪ੍ਰਿੰਸ ਚੱਠਾ ਅਤੇ ਆੜਤੀ ਕਵਲਜੀਤ ਸਿੰਘ ਸਮੇਤ ਅਕਾਲੀ ਦਲ ਨੂੰ ਹਮੇਸ਼ਾ ਲਈ ਅਲਵਿਦਾ ਕਹਿੰਦੇ ਹੋਏ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਹਾਜ਼ਰੀ 'ਚ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਗਏ।
ਇਨ੍ਹਾਂ ਲੀਡਰਾਂ ਦਾ ਆਪ ’ਚ ਆਉਣ ਤੇ ਮੁੱਖ ਮੰਤਰੀ ਵੱਲੋਂ ਸਿਰੋਪੇ ਪਾ ਕੇ ਸਵਾਗਤ ਕਰਦਿਆਂ ਨਿੱਘਾ ਜੀ ਆਇਆਂ ਨੂੰ ਆਖਿਆ ਗਿਆ। ਇਸ ਮੌਕੇ ਜੁਆਇਨਿੰਗ ਸਮੇਂ ਹਲਕਾ ਵਿਧਾਇਕ ਬਟਾਲਾ ਅਮਨ ਸ਼ੇਰ ਸਿੰਘ ਕਲਸੀ ਵੀ ਮੌਜੂਦ ਰਹੇ। ਇਸ ਦੌਰਾਨ ਬੋਲਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਬਲਵਿੰਦਰ ਸਿੰਘ ਚੱਠਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਨਾਲ ਪਾਰਟੀ ਹਲਕਾ ਬਟਾਲਾ ਵਿੱਚ ਹੋਰ ਜਿਆਦਾ ਮਜਬੂਤ ਹੋਵੇਗੀ ਅਤੇ ਉਹ ਇਹਨਾਂ ਸ਼ਾਮਿਲ ਹੋਏ ਲੀਡਰਾਂ ਨੂੰ ਵਿਸ਼ਵਾਸ ਦਿਵਾਉਂਦੇ ਹਨ ਕਿ ਪਾਰਟੀ ਵਿੱਚ ਇਹਨਾਂ ਦਾ ਪੂਰਾ ਮਾਣ ਸਤਿਕਾਰ ਬਹਾਲ ਰੱਖਿਆ ਜਾਵੇਗਾ।
ਇੱਥੇ ਦੱਸਦੇ ਚੱਲੀਏ ਕਿ ਬਲਵਿੰਦਰ ਸਿੰਘ ਚੱਠਾ ਦੀ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਹੋਣ ਨਾਲ ਬਟਾਲਾ ਅਤੇ ਇਸ ਦੇ ਆਸ ਪਾਸ ਇਲਾਕਿਆਂ ਵਿੱਚ ਅਕਾਲੀ ਦਲ ਨੂੰ ਖੋਰਾ ਲੱਗਣ ਦੀ ਆਸ ਹੈ ਕਿਉਂਕਿ ਚੱਠਾ ਪਰਿਵਾਰ ਇਲਾਕੇ ਵਿੱਚ ਆਪਣੀ ਇੱਕ ਵੱਖਰੀ ਪਛਾਣ ਅਤੇ ਮਜ਼ਬੂਤ ਆਧਾਰ ਰੱਖਦਾ ਹੈ।
ਇਸ ਮੌਕੇ ਮੁੱਖ ਮੰਤਰੀ ਮਾਨ ਨੇ ਇਹ ਵੀ ਕਿਹਾ ਕਿ ਲੋਕ ਰਵਾਇਤੀ ਪਾਰਟੀਆਂ ਤੋਂ ਪੂਰੀ ਤਰ੍ਹਾਂ ਤੰਗ ਆ ਚੁੱਕੇ ਹਨ ਅਤੇ ਉਹ ਵਿਕਾਸ ਤੇ ਇਮਾਨਦਾਰੀ ਦੀ ਰਾਜਨੀਤੀ ਨੂੰ ਤਰਜੀਹ ਦੇ ਰਹੇ ਹਨ ਕਿਉਂਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਤੇ ਪੂਰੀ ਤਰ੍ਹਾਂ ਖਰੀ ਉਤਰ ਰਹੀ ਹੈ, ਜਿਸ ਕਰਕੇ ਅੱਜ ਹਰ ਵਰਗ ਦੇ ਲੋਕ ਇਸ ’ਆਪ’ ਨਾਲ ਜੁੜ ਰਹੇ ਹਨ। ਇਸ ਮੌਕੇ ਵਿਧਾਇਕ ਕਲਸੀ ਵੱਲੋਂ ਵੀ ਬਲਵਿੰਦਰ ਸਿੰਘ ਚੱਠਾ ਤੇ ਸਾਥੀਆਂ ਦਾ ਆਪ ’ਚ ਸ਼ਾਮਿਲ ਹੋਣ ਤੇ ਨਿੱਘਾ ਸਵਾਗਤ ਕਰਦਿਆਂ ਤਹਿ ਦਿਲੋਂ ਧੰਨਵਾਦ ਕੀਤਾ।
ਇਸ ਮੌਕੇ ਬਲਵਿੰਦਰ ਸਿੰਘ ਚੱਠਾ ਨੂੰ ਵਿਸ਼ਵਾਸ ਦਵਾਇਆ ਕਿ ਉਹ ਆਮ ਆਦਮੀ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਮਿਹਨਤ ਕਰਨਗੇ ਅਤੇ ਪਾਰਟੀ ਨੂੰ ਹਲਕੇ ਅੰਦਰ ਮਜਬੂਤ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦੇਣਗੇ। ਮੌਕੇ ਵੱਡੀ ਗਿਣਤੀ ਚ ਆਪ ਵਲੰਟੀਅਰ ਵੀ ਮੌਜੂਦ ਰਹੇ।