ਪੁਲਿਸ ਮੁਲਾਜ਼ਮਾਂ ’ਤੇ ਗੋਲੀ ਚਲਾਉਣ ਦੇ ਮਾਮਲੇ ’ਚ ਮਾਮਲਾ ਦਰਜ
ਪੁਲਿਸ ਮੁਲਾਜ਼ਮਾਂ ’ਤੇ ਗੋਲੀ ਚਲਾਉਣ ਦੇ ਮਾਮਲੇ ’ਚ ਬਟਾਲਾ ਪੁਲਿਸ ਨੇ ਕੀਤਾ ਮਾਮਲਾ ਦਰਜ
Publish Date: Sat, 18 Oct 2025 07:17 PM (IST)
Updated Date: Sun, 19 Oct 2025 04:05 AM (IST)

ਸੁਖਦੇਵ ਸਿੰਘ, ਪੰਜਾਬੀ ਜਾਗਰਣ ਬਟਾਲਾ : ਲੰਘੇ ਸ਼ੁੱਕਰਵਾਰ ਨੂੰ ਬਟਾਲਾ ਦੇ ਡੇਰਾ ਰੋਡ ਸਥਿਤ ਮੱਲ੍ਹੀ ਮਾਰਕੀਟ ਵਿਚ ਕਾਊਂਟਰ ਇੰਟੈਲੀਜੈਂਸ ਪਠਾਨਕੋਟ ਦੀ ਟੀਮ ਵਲੋਂ ਇਕ ਮਾਮਲੇ ਵਿਚ ਲੋੜੀਂਦੇ ਮੁਲਜ਼ਮ ਦਾ ਪਿੱਛਾ ਕਰਨ ਤੋਂ ਬਾਅਦ ਪੁਲਿਸ ਮੁਲਜ਼ਮ ਨੂੰ ਕਾਬੂ ਕਰਨ ਲੱਗੀ ਤਾਂ ਮੁਲਜ਼ਮਾਂ ’ਤੇ ਪੁਲਿਸ ਟੀਮ ਗੋਲੀਆਂ ਚਲਾ ਦਿੱਤੀਆਂ। ਇਸ ਗੋਲੀਕਾਂਡ ’ਚ ਕਾਊਂਟਰ ਇੰਟੈਲੀਜੈਂਸ ਟੀਮ ਦੇ ਇਕ ਪੁਲਿਸ ਕਰਮਚਾਰੀ ਦੇ ਗੋਲ਼ੀ ਲੱਗੀ ਸੀ, ਜਦਕਿ ਦੂਜਾ ਅਧਿਕਾਰੀ ਮੁਲਜ਼ਮਾਂ ਦੀ ਗੱਡੀ ਦਾ ਟਾਇਰ ਉੱਪਰੋਂ ਲੰਘਣ ਕਰਕੇ ਜ਼ਖਮੀ ਹੋ ਗਿਆ ਸੀ। ਇਸ ਗੋਲ਼ੀ ਕਾਂਡ ਦੀਆਂ ਦੀਆਂ ਸ਼ੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਈਆਂ ਸਨ। ਗੋਲ਼ੀ ਕਾਂਡ ਦੌਰਾਨ ਇੱਕ ਗੋਲ਼ੀ ਨੇੜਲੇ ਸਲੂਨ ਦੇ ਸ਼ੀਸ਼ੇ ’ਤੇ ਵੀ ਲੱਗੀ ਸੀ ਅਤੇ ਘਟਨਾ ਸਲੂਨ ਦੇ ਸੀਸੀਟੀਵੀ ਕੈਮਰੇ ’ਚ ਕੈਦ ਹੋਈ ਸੀ। ਬਟਾਲਾ ਪੁਲਿਸ ਨੇ ਕਾਊਂਟਰ ਇੰਟੈਲੀਜੈਂਸ ਪਠਾਨਕੋਟ ਅਤੇ ਸੀਪੀ ਅੰਮ੍ਰਿਤਸਰ ਪੁਲਿਸ ਟੀਮ ਨਾਲ ਮਿਲ ਕੇ ਸਾਂਝਾ ਆਪ੍ਰੇਸ਼ਨ ਕਰਦਿਆਂ ਮੁਲਜ਼ਮਾਂ ’ਚੋਂ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਡੀਐੱਸਪੀ ਸਿਟੀ ਸੰਜੀਵ ਕੁਮਾਰ ਨੇ ਦੱਸਿਆ ਕਿ ਘਟਨਾ ਦੇ ਤੁਰੰਤ ਬਾਅਦ ਐੱਸਐੱਸਪੀ ਬਟਾਲਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਬਟਾਲਾ ਪੁਲਿਸ, ਸੀਆਈਏ ਪਠਾਠਨਕੋਟ, ਸੀਪੀ ਅੰਮ੍ਰਿਤਸਰ ਦੀਆਂ ਟੀਮਾਂ ਬਣਾ ਕੇ ਸਾਂਝਾ ਆਪ੍ਰੇਸ਼ਨ ਚਲਾਉਂਦਿਆਂ ਮੁਲਜ਼ਮਾਂ ਦੀ ਕਾਰ ਨੂੰ ਟਰੇਸ ਕਰਦੇ ਹੋਏ ਉਨ੍ਹਾਂ ਦਾ ਪਿੱਛਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਕਾਰ ਡੇਰਾ ਬਾਬਾ ਨਾਨਕ ਤੋਂ ਫਤਹਿਗੜ੍ਹ ਚੂੜੀਆਂ ਰੋਡ ’ਤੇ ਜਾ ਰਹੀ ਸੀ ਤਾਂ ਸਾਂਝੇ ਆਪਰੇਸ਼ਨ ਦੌਰਾਨ ਕਾਰ ਨੂੰ ਰਾਊਡ ਅਪ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਡੀਐੱਸਪੀ ਨੇ ਦੱਸਿਆ ਕਿ ਬਾਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਹਿੱਤ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਕਤ ਮਾਮਲੇ ਸਬੰਧੀ ਥਾਣਾ ਸਿਵਲ ਲਾਈਨ ਬਟਾਲਾ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਓਧਰ, ਇਸ ਗੋਲੀਕਾਂਡ ਵਿਚ ਜ਼ਖਮੀ ਹੋਏ ਸੀਆਈ ਪਠਾਨਕੋਟ ਦੇ ਕਾਂਸਟੇਬਲ ਕੁਲਬਿੰਦਰ ਸਿੰਘ ਜੋ ਕਿ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ, ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।