ਬਟਾਲਾ ਪੁਲਿਸ ਨੇ ਟਾਰਗੇਟ ਕਿਲਿੰਗ ਕਰਨ ਆਏ ਗੋਪੀ ਲਾਹੌਰੀਆ ਦੇ 2 ਗੁਰਗਿਆਂ ਸਮੇਤ 4 ਨੂੰ ਕੀਤਾ ਕਾਬੂ, ਪ੍ਰੈਸ ਕਾਨਫਰਸ ਦੌਰਾਨ SSP ਨੇ ਕੀਤੇ ਵੱਡੇ ਖੁਲਾਸੇ
ਬਟਾਲਾ ਪੁਲਿਸ ਨੇ ਟਾਰਗੇਟ ਕਿਲਿੰਗ ਕਰਨ ਆਏ ਗੋਪੀ ਲਾਹੌਰੀਆ ਦੇ 2 ਗੁਰਗਿਆਂ ਨੂੰ ਪਿਸਤੌਲ ਅਤੇ ਰੌਂਦਾਂ ਸਮੇਤ ਕਾਬੂ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
Publish Date: Fri, 06 Mar 2026 03:47 PM (IST)
Updated Date: Fri, 06 Mar 2026 03:50 PM (IST)
ਸੁਖਦੇਵ ਸਿੰਘ/ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ। ਬਟਾਲਾ ਪੁਲਿਸ ਨੇ ਟਾਰਗੇਟ ਕਿਲਿੰਗ ਕਰਨ ਆਏ ਗੋਪੀ ਲਾਹੌਰੀਆ ਦੇ 2 ਗੁਰਗਿਆਂ ਨੂੰ ਪਿਸਤੌਲ ਅਤੇ ਰੌਂਦਾਂ ਸਮੇਤ ਕਾਬੂ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਪੁਲਸ ਲਾਈਨ ਬਟਾਲਾ ਵਿਖੇ ਸੱਦੀ ਭਰਵੀਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐੱਸ.ਐੱਸ.ਪੀ. ਬਟਾਲਾ ਮਹਿਤਾਬ ਸਿੰਘ ਨੇ ਦੱਸਿਆ ਕਿ ਗੈਗਸਟਰਾਂ ਵਿਰੁੱਧ ਚਲਾਈ ਗਈ ਜ਼ੀਰੋ ਟੋਲਰੈਂਸ ਪਾਲਿਸੀ ਅਧੀਨ ਡੀ.ਜੀ.ਪੀ. ਪੰਜਾਬ ਅਤੇ ਡੀ.ਆਈ.ਜੀ. ਬਾਰਡਰ ਰੇਂਜ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੰਦੀਪ ਕੁਮਾਰ ਐੱਸ.ਪੀ. ਇਨਵੈੱਸਟੀਗੇਸ਼ਨ ਦੀ ਨਿਗਰਾਨੀ ਹੇਠ ਰਾਜੇਸ਼ ਕੱਕੜ ਡੀ.ਐੱਸ.ਪੀ. ਸਬ-ਡਿਵੀਜ਼ਨ ਫਤਿਹਗੜ੍ਹ ਚੂੜੀਆਂ ਸਮੇਤ ਇੰਸਪੈਕਟਰ ਸੁਖਰਾਜ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਬਟਾਲਾ ਅਤੇ ਐੱਸ.ਐੱਚ.ਓ ਸਦਰ ਬਿਕਰਮਜੀਤ ਸਿੰਘ ਨੇ ਪਬਲਿਕ ਦੀ ਮਦਦ ਨਾਲ ਜਸਪ੍ਰੀਤ ਸਿੰਘ ਉਰਫ ਜੱਸੀ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਲੰਡੇਕੇ ਮੋਗਾ ਅਤੇ ਅੰਮ੍ਰਿਤ ਸਿੰਘ ਪੁੱਤਰ ਨਛੱਤਰ ਸਿੰਘ ਉਰਫ ਸੱਤਾ ਵਾਸੀ ਮੱਦੋਕੇ ਮੋਗਾ ਨੂੰ ਕਾਬੂ ਕੀਤਾ ਗਿਆ।
ਇਨ੍ਹਾਂ ਕੋਲੋਂ ਇਕ ਪਿਸਤੌਲ 30 ਬੋਰ ਪੀ.ਐਕਸ-5 ਸਮੇਤ 60 ਰੌਂਦ ਜਿੰਦਾ 30 ਬੋਰ ਅਤੇ ਇਕ ਮੋਟਰਸਾਈਕਲ ਬਿਨਾਂ ਨੰਬਰੀ ਬਰਾਮਦ ਕੀਤਾ ਅਤੇ ਇਨ੍ਹਾਂ ਦੋਵਾਂ ਦੇ ਖ਼ਿਲਾਫ਼ ਥਾਣਾ ਸਦਰ ’ਚ ਅਸਲਾ ਐਕਟ ’ਤੇ ਬਣਦੀ ਧਾਰਾ ਤਹਿਤ ਕੇਸ ਦਰਜ ਕਰਨ ਤੋਂ ਬਾਅਦ ਕੀਤੀ ਗਈ ਪੁੱਛਗਿਛ ਵਿਚ ਉਕਤਾਨ ਨੇ ਦੱਸਿਆ ਕਿ ਉਨ੍ਹਾਂ ਦੇ ਦੋਸਤ ਪੰਕਜ ਵਾਸੀ ਮੋਗਾ ਨੇ ਗੋਪੀ ਲਾਹੌਰੀਆ ਦੀ ਹਦਾਇਤ ’ਤੇ 57 ਰੌਂਦ 30 ਬੋਰ ਉਨ੍ਹਾਂ ਨੂੰ ਦਿੱਤੇ ਅਤੇ ਉਨ੍ਹਾਂ ਦਾ ਸੰਪਰਕ ਗੋਪੀ ਲਾਹੌਰੀਆ ਨਾਲ ਕਰਵਾਇਆ ਸੀ, ਜਿਸ ਨੇ ਉਨ੍ਹਾਂ ਨੂੰ ਅੱਗੇ ਕਿਸੇ ਵਿਅਕਤੀ ਨੂੰ ਬਟਾਲਾ ਸਾਈਡ ਨੂੰ ਟਾਰਗੇਟ ਕਰਨ ਲਈ ਗਿਆ ਸੀ, ਜੋ ਲਵਪ੍ਰੀਤ ਉਰਫ ਲਵ ਵਾਸੀ ਬਟਾਲਾ ਅਤੇ ਮਹਿੰਦਰਪਾਲ ਸਿੰਘ ਉਰਫ ਨੰਨੀਂ ਵਾਸੀ ਗਾਂਧੀ ਕੈਂਪ ਬਟਾਲਾ ਨੇ ਸਾਡੀ ਬਟਾਲਾ ਵਿਖੇ ਮਦਦ ਕੀਤੀ ਅਤੇ ਲਵਪ੍ਰੀਤ ਸਿੰਘ ਉਰਫ ਲਵ ਨੇ ਉਕਤਾਨ ਨੂੰ 25000 ਰੁਪਏ, ਇਕ ਪਿਸਤੌਲ 30 ਬੋਰ ਅਤੇ ਪੀ.ਐਕਸ-5 ਸਮੇਤ 3 ਰੌਂਦ ਜ਼ਿੰਦਾ 30 ਬੋਰ ਅਤੇ ਇਕ ਮੋਟਰਸਾਈਕਲ ਬਿਨਾਂ ਨੰਬਰੀ ਐੱਚ.ਐੱਫ ਡੀਲਕਸ ਦਿੱਤਾ ਸੀ।
ਐੱਸ.ਐੱਸ.ਪੀ. ਡਾ. ਸਿੰਘ ਨੇ ਅੱਗੇ ਦੱਸਿਆ ਕਿ ਲਵਪ੍ਰੀਤ ਸਿੰਘ ਉਰਫ ਲਵ ਵਾਸੀ ਬੁੱਢਾ ਕੋਟ ਅਤੇ ਮਹਿੰਦਰਪਾਲ ਨੂੰ ਉਕਤ ਮਾਮਲੇ ਵਿਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਹੋਰ ਵੀ ਖੁਲਾਸੇ ਕਰਵਾਏ ਜਾ ਸਕਣ।