ਜ਼ਖ਼ਮੀ ਪੱਤਰਕਾਰ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਹੈ। ਹਾਲਾਂਕਿ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਉਕਤ ਮਾਮਲੇ ਦੇ ਸਬੰਧ ’ਚ ਦੋ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਦਿੱਤਾ ਹੈ।
ਸੁਖਦੇਵ ਸਿੰਘ, ਪੰਜਾਬੀ ਜਾਗਰਣ, ਬਟਾਲਾ : ਪਟਿਆਲਾ ’ਚ ਕਰਨਲ ਬਾਠ ਦੀ ਕੁੱਟਮਾਰ ਦਾ ਮਾਮਲਾ ਅਜੇ ਠੰਢਾ ਨਹੀਂ ਹੋਇਆ ਸੀ ਕਿ ਬਟਾਲਾ ’ਚ ਵੀ ਪੁਲਿਸ ਵਲੋਂ ਇੱਕ ਵਿਅਕਤੀ ਦੀ ਅਣਮਨੁਖੀ ਤਰੀਕੇ ਨਾਲ ਕੁੱਟਮਾਰ ਕਰਨ ਦੀ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ।
ਕੁੱਟਮਾਰ ਦਾ ਸ਼ਿਕਾਰ ਹੋਇਆ ਵਿਅਕਤੀ ਪ੍ਰੈਸ ਫੋਟੋਗ੍ਰਾਫਰ ਅਤੇ ਵੈਬ ਟੀਵੀ ਚੈਨਲ ਦਾ ਪੱਤਰਕਾਰ ਹੈ। ਵਾਇਰਲ ਵੀਡੀਓ ’ਚ ਵਰਦੀਧਾਰੀ ਤੇ ਉਸਦਾ ਸਾਥੀ ਪੱਤਰਕਾਰ ਨੂੰ ਇੱਕ ਹੋਟਲ ਤੋਂ ਕੁੱਟਮਾਰ ਕਰਦਿਆਂ ਬਾਹਰ ਲਿਆਉਂਦੇ ਹਨ ਅਤੇ ਬਾਹਰ ਲਿਆ ਕੇ ਪਹਿਲਾਂ ਉਸਦੀ ਬੇਹਤਾਸ਼ਾ ਕੁੱਟਮਾਰ ਕਰਦੇ ਹਨ ਅਤੇ ਫਿਰ ਜਦ ਪੱਤਰਕਾਰ ਗਲੀ ’ਚ ਖੜੇ ਪਾਣੀ ’ਚ ਡਿੱਗ ਪੈਂਦਾ ਹੈ ਤਾਂ ਦੋਵੇਂ ਡਿੱਗੇ ਪੱਤਰਕਾਰ ਦੇ ਉੱਤੇ ਠੁੱਡੇ ਮਾਰ-ਮਾਰ ਕੇ ਜ਼ੁਲਮ ਕਰਦੇ ਦਿਖਾਈ ਦਿੰਦੇ ਹਨ। ਜ਼ਖ਼ਮੀ ਪੱਤਰਕਾਰ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਹੈ। ਹਾਲਾਂਕਿ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਉਕਤ ਮਾਮਲੇ ਦੇ ਸਬੰਧ ’ਚ ਦੋ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਦਿੱਤਾ ਹੈ।
ਹਸਪਤਾਲ ’ਚ ਜ਼ੇਰੇ ਇਲਾਜ ਪੀੜਤ ਬਲਵਿੰਦਰ ਕੁਮਾਰ ਪੁੱਤਰ ਗਿਰਧਾਰੀ ਲਾਲ ਵਾਸੀ ਸੁੰਦਰ ਨਗਰ ਬਟਾਲਾ ਨੇ ਦੱਸਿਆ ਕਿ ਉਸ ਦੀ ਫੋਟੋਗ੍ਰਾਫਰੀ ਦੀ ਦੁਕਾਨ ਮੱਲੀ ਮਾਰਕੀਟ ਵਿਖੇ ਸਥਿਤ ਹੈ। ਉਸ ਨੇ ਦੱਸਿਆ ਕਿ ਇਕ ਅਗਸਤ ਦੀ ਸ਼ਾਮ 6:15 ਵਜੇ ਦੇ ਕਰੀਬ ਉਹ ਨਜ਼ਦੀਕੀ ਹੋਟਲ ਦੇ ਬਾਥਰੂਮ ’ਚ ਪਿਸ਼ਾਬ ਕਰਨ ਲਈ ਗਿਆ ਸੀ ਅਤੇ ਜਦ ਉਹ ਬਾਹਰ ਆਇਆ ਤਾਂ ਕਾਊਂਟਰ ’ਤੇ ਇੱਕ ਪੁਲਿਸ ਦੀ ਵਰਦੀ ਪਾਈ ਵਿਅਕਤੀ ਅਤੇ ਉਸਦਾ ਸਾਥੀ ਸਿਵਲ ਕੱਪੜਿਆਂ ’ਚ ਖੜ੍ਹੇ ਸਨ, ਜਦ ਉਸਨੇ ਉਕਤ ਵਿਅਕਤੀ ਨੂੰ ਪੁੱਛਿਆ ਕਿ ਤੁਸੀਂ ਬਟਾਲਾ ਪੁਲਿਸ ਦੇ ਨਹੀਂ ਲੱਗਦੇ ਤਾਂ ਉਕਤ ਵਰਦੀਧਾਰੀ ਨੇ ਅੱਗੋਂ ਕਿਹਾ ਕਿ ਤੂੰ ਕੌਣ ਹੁੰਦਾ ਹੈ ਸਾਨੂੰ ਪੁੱਛਣ ਵਾਲਾ ਅਤੇ ਇਸ ਤੋਂ ਬਾਅਦ ਉਕਤ ਵਰਦੀਧਾਰੀ ਤੇ ਉਸ ਦੇ ਸਾਥੀ ਨੇ ਉੱਥੇ ਹੀ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਫਿਰ ਉਹਨਾਂ ਨੇ ਬਾਹਰ ਲਿਆ ਕੇ ਕੁੱਟਮਾਰ ਕੀਤੀ ਅਤੇ ਜਦ ਉਹ ਗਲੀ ’ਚ ਖੜੋਤੇ ਪਾਣੀ ’ਚ ਡਿੱਗ ਪਿਆ ਤਾਂ ਵਰਦੀਧਾਰੀ ਨੇ ਉਸ ਦੇ ਸਿਰ ਉੱਤੇ ਕਈ ਵਾਰ ਠੁੱਡੇ ਮਾਰੇ, ਜਿਸ ਨਾਲ ਉਹ ਬੇਹੋਸ਼ ਹੋ ਗਿਆ ਅਤੇ ਫਿਰ ਆਸ ਪਾਸ ਦੇ ਦੁਕਾਨਦਾਰਾਂ ਨੇ ਉਸਨੂੰ ਚੁੱਕ ਕੇ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਹੈ।
ਉਸਨੇ ਬਟਾਲਾ ਪੁਲਿਸ ਤੋਂ ਮੰਗ ਕੀਤੀ ਕਿ ਉਸ ਤੇ ਜਬਰ ਢਾਉਣ ਵਾਲੇ ਪੁਲਿਸ ਦੇ ਵਰਦੀਧਾਰੀ ਅਤੇ ਉਸਦੇ ਸਾਥੀ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਉਧਰ ਉਕਤ ਮਾਮਲੇ ਦੇ ਸੰਬੰਧ ਜਦ ਥਾਣਾ ਸਿਵਲ ਲਾਈਨ ਦੇ ਐੱਸਐੱਚਓ ਨਿਰਮਲ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਬਲਵਿੰਦਰ ਭੱਲਾ ਦੇ ਬਿਆਨਾਂ ਦੇ ਆਧਾਰ ’ਤੇ ਦੋ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਹਨਾਂ ਦੱਸਿਆ ਕਿ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ ਅਤੇ ਉਸ ਤੋਂ ਬਾਅਦ ਅਗਲੇਰੀ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਵੇਗੀ। ਉਧਰ ਪੱਤਰਕਾਰ ’ਤੇ ਹੋਏ ਅਣਮਨੁੱਖੀ ਤਸ਼ੱਦਦ ਨੂੰ ਲੈ ਕੇ ਬਟਾਲਾ ਦੇ ਪੱਤਰਕਾਰਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।