ਪੁਲਿਸ ਜ਼ਿਲ੍ਹਾ ਬਟਾਲਾ ਅਧੀਨ ਆਉਂਦੇ ਥਾਣਾ ਡੇਰਾ ਬਾਬਾ ਨਾਨਕ ਵਿੱਚ ਪੈਂਦੇ ਪਿੰਡ ਧਰਮਕੋਟ ਪੱਤਣ ਵਿਖੇ ਇੱਕ ਵਿਅਕਤੀ ਉੱਪਰ ਰੰਜਿਸ਼ਨ ਹਮਲਾ ਕਰਦੇ ਹੋਏ ਜਾਨੋਂ ਮਾਰਨ ਦੀ ਨੀਅਤ ਨਾਲ ਗੋਲ਼ੀ ਚਲਾਉਣ ਦਾ ਸਮਾਚਾਰ ਮਿਲਿਆ ਹੈ।
ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ : ਪੁਲਿਸ ਜ਼ਿਲ੍ਹਾ ਬਟਾਲਾ ਅਧੀਨ ਆਉਂਦੇ ਥਾਣਾ ਡੇਰਾ ਬਾਬਾ ਨਾਨਕ ਵਿੱਚ ਪੈਂਦੇ ਪਿੰਡ ਧਰਮਕੋਟ ਪੱਤਣ ਵਿਖੇ ਇੱਕ ਵਿਅਕਤੀ ਉੱਪਰ ਰੰਜਿਸ਼ਨ ਹਮਲਾ ਕਰਦੇ ਹੋਏ ਜਾਨੋਂ ਮਾਰਨ ਦੀ ਨੀਅਤ ਨਾਲ ਗੋਲ਼ੀ ਚਲਾਉਣ ਦਾ ਸਮਾਚਾਰ ਮਿਲਿਆ ਹੈ। ਇਸ ਘਟਨਾ ਵਿੱਚ ਸੰਬੰਧਿਤ ਵਿਅਕਤੀ ਜ਼ਖ਼ਮੀ ਹੋ ਗਿਆ, ਜਿਸ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਧਰਮਕੋਟ ਪੱਤਨ ਵਜੋਂ ਹੋਈ ਹੈ। ਉਕਤ ਮਾਮਲੇ ਸਬੰਧੀ ਪੁਲਿਸ ਨੇ ਕੁੱਲ ਸੱਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਦਿੱਤਾ ਹੈ। ਇੱਥੇ ਦੱਸਦੇ ਚੱਲੀਏ ਕਿ ਜਿਨਾਂ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਹੈ ਉਹਨਾਂ ਵਿੱਚ ਦੋ ਅਣਪਛਾਤੇ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਥਾਣਾ ਡੇਰਾ ਬਾਬਾ ਨਾਨਕ ਦੇ ਐੱਸਐੱਚਓ ਅਸ਼ੋਕ ਕੁਮਾਰ ਸ਼ਰਮਾ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਧਰਮਕੋਟ ਪੱਤਣ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿੱਚ ਲਿਖਵਾਇਆ ਹੈ ਕਿ ਉਹ ਠੇਕੇਦਾਰ ਦੀ ਸਹਿਮਤੀ ਨਾਲ ਦਰਿਆ ਵਿੱਚੋਂ ਰੇਤ ਕੱਢ ਕੇ ਵੇਚਣ ਦਾ ਕੰਮ ਕਰਦਾ ਹੈ ਅਤੇ ਅੱਜ ਵੀ ਉਹ ਰੇਤ ਕੱਢਣ ਉਪਰੰਤ ਆਪਣੇ ਘਰ ਵਿੱਚ ਬੈਠਾ ਹੋਇਆ ਸੀ ਕਿ ਇਸੇ ਦੌਰਾਨ ਉਸ ਨੂੰ ਬਾਹਰ ਗਲੀ ਵਿੱਚੋਂ ਕਿਸੇ ਵੱਲੋਂ ਆਵਾਜ਼ ਲਗਾਈ ਗਈ, ਜਿਸ 'ਤੇ ਉਹ ਗੇਟ ਖੋਲ੍ਹ ਕੇ ਘਰ ਦੇ ਬਾਹਰ ਆਇਆ ਤਾਂ ਇੱਥੇ ਪਿੰਡ ਦੇ ਹੀ ਰਹਿਣ ਵਾਲੇ ਪੰਜ ਵਿਅਕਤੀ ਰਾਜਬੀਰ ਸਿੰਘ ਉਰਫ ਡਿੰਪਲ, ਨਿਸ਼ਾਨ ਸਿੰਘ ਉਰਫ ਬਿੱਟੂ, ਕੁਲਦੀਪ ਸਿੰਘ ਉਰਫ ਰਾਜਾ, ਸੰਦੀਪ ਸਿੰਘ ਉਰਫ ਸੋਨੀ ਅਤੇ ਗੁਰਪ੍ਰੀਤ ਸਿੰਘ ਉਰਫ ਨਿੱਕਾ ਸਮੇਤ ਦੋ ਅਣਪਛਾਤੇ ਵਿਅਕਤੀ ਖੜ੍ਹੇ ਸਨ।
ਬਿਆਨਕਰਤਾ ਨੇ ਪੁਲਿਸ ਨੂੰ ਆਪਣੇ ਦਰਜ ਕਰਵਾਏ ਬਿਆਨਾਂ ਵਿੱਚ ਅੱਗੇ ਲਿਖਵਾਇਆ ਹੈ ਕਿ ਉਕਤ ਵਿਅਕਤੀਆਂ ਨੇ ਮੇਰੇ ਨਾਲ ਰੇਤ ਕੱਢਣ ਨੂੰ ਲੈ ਕੇ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਤਾਂ ਇਸੇ ਦੌਰਾਨ ਰਾਜਬੀਰ ਸਿੰਘ ਉਰਫ ਡਿੰਪਲ ਨੇ ਗ਼ੁੱਸੇ ਵਿੱਚ ਆ ਕੇ ਮੈਨੂੰ ਮਾਰ ਦੇਣ ਦੀ ਨੀਅਤ ਨਾਲ ਮੇਰੇ ਤੇ ਗੋਲੀ ਚਲਾ ਦਿੱਤੀ ਜੋ ਮੇਰੇ ਕੰਨ ਨੇੜੇ ਆਉਣ ਲੰਘ ਗਈ ਅਤੇ ਮੈਂ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ। ਉਕਤ ਬਿਆਨ ਕਰਤਾ ਨੇ ਪੁਲਿਸ ਨੂੰ ਬਿਆਨ ਵਿੱਚ ਇਹ ਵੀ ਲਿਖਵਾਇਆ ਹੈ ਕਿ ਰਾਜਬੀਰ ਸਿੰਘ ਉਰਫ ਡਿੰਪਲ ਰੇਤ ਕੱਢਣ ਨੂੰ ਲੈ ਕੇ ਮੇਰੇ ਨਾਲ ਰੰਜਿਸ਼ ਰੱਖਦਾ ਹੈ ਅਤੇ ਮੇਰੇ ਕੰਮ ਵਿੱਚ ਰੁਕਾਵਟ ਪਾਉਂਦਾ ਹੈ, ਜਿਸ ਤੇ ਅੱਜ ਉਕਤ ਵਿਅਕਤੀ ਨੇ ਆਪਣੇ ਬਾਕੀ ਉਕਤ ਸਾਥੀਆਂ ਨੂੰ ਨਾਲ ਲੈ ਕੇ ਜਾਨੋਂ ਮਾਰਨ ਦੀ ਨੀਅਤ ਨਾਲ ਮੇਰੇ 'ਤੇ ਹਮਲਾ ਕਰ ਦਿੱਤਾ ਅਤੇ ਬਾਅਦ ਵਿੱਚ ਮੇਰੇ ਵੱਲੋਂ ਰੌਲਾ ਪਾਏ ਜਾਣ ਤੇ ਉਕਤ ਸਾਰੇ ਜਣੇ ਗਾਲੀ ਗਲੋਚ ਕਰਦੇ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਆਪਣੇ ਆਪਣੇ ਹਥਿਆਰਾਂ ਸਮੇਤ ਫ਼ਰਾਰ ਹੋ ਗਏ।
ਉਪਰੰਤ ਮੈਨੂੰ ਮੇਰੇ ਭਰਾ ਹਰਪ੍ਰੀਤ ਸਿੰਘ ਨੇ ਸਿਵਿਲ ਹਸਪਤਾਲ ਡੇਰਾ ਬਾਬਾ ਨਾਨਕ ਵਿਖੇ ਇਲਾਜ ਲਈ ਦਾਖਲ ਕਰਵਾਇਆ। ਐੱਸਐੱਚਓ ਅਸ਼ੋਕ ਕੁਮਾਰ ਸ਼ਰਮਾ ਨੇ ਅੱਗੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਉਕਤ ਬਿਆਨਕਰਤਾ ਦੇ ਬਿਆਨਾਂ ਦੇ ਆਧਾਰ ਤੇ ਉਕਤ ਪੰਜ ਪਛਾਤੇ ਵਿਅਕਤੀਆਂ ਸਮੇਤ ਦੋ ਹੋਰ ਅਣਪਛਾਤਿਆਂ ਖਿਲਾਫ ਥਾਣਾ ਡੇਰਾ ਬਾਬਾ ਨਾਨਕ ਵਿੱਚ ਬਣਦੀਆਂ ਧਾਰਾਵਾਂ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ।