Batala News : ਪਿਉ ਨੇ ਤਿੰਨ ਮਾਸੂਮ ਬੱਚਿਆਂ ਨੂੰ ਚਾਹ ’ਚ ਸ਼ੱਕੀ ਵਸਤੂ ਮਿਲਾ ਕੇ ਪਿਲਾਈ, ਹਾਲਤ ਗੰਭੀਰ
ਬਟਾਲਾ ਦੇ ਨੇੜੇ ਇਟਾਂ ਦੇ ਭੱਠੇ ’ਤੇ ਕੰਮ ਕਰਦੇ ਇੱਕ ਵਿਅਕਤੀ ਵਲੋਂ ਆਪਣੇ 3 ਮਾਸੂਮ ਬੱਚਿਆਂ ਨੂੰ ਚਾਹ ’ਚ ਸ਼ੱਕੀ ਵਸਤੂ ਮਿਲਾ ਕੇ ਪਿਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
Publish Date: Tue, 28 Oct 2025 07:13 PM (IST)
Updated Date: Tue, 28 Oct 2025 07:16 PM (IST)
ਸੁਖਦੇਵ ਸਿੰਘ/ਰਾਜਨ ਤ੍ਰੇਹਨ, ਪੰਜਾਬੀ ਜਾਗਰਣ, ਬਟਾਲਾ : ਬਟਾਲਾ ਦੇ ਨੇੜੇ ਇਟਾਂ ਦੇ ਭੱਠੇ ’ਤੇ ਕੰਮ ਕਰਦੇ ਇੱਕ ਵਿਅਕਤੀ ਵਲੋਂ ਆਪਣੇ 3 ਮਾਸੂਮ ਬੱਚਿਆਂ ਨੂੰ ਚਾਹ ’ਚ ਸ਼ੱਕੀ ਵਸਤੂ ਮਿਲਾ ਕੇ ਪਿਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚਿਆਂ ਦੀ ਹਾਲਤ ਗੰਭੀਰ ਹੈ ਤੇ ਬੱਚਿਆਂ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ। 
  
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਬਜੀਤ ਕੌਰ ਪਤਨੀ ਵਿਲੀਅਮ ਵਾਸੀ ਪਿੰਡ ਘੋਗਾ ਨੇ ਦੱਸਿਆ ਕਿ ਉਹ ਧਾਰੀਵਾਲ ਸੋਹੀਆਂ ਦੇ ਕੋਲ ਆਪਣੇ ਪਤੀ ਨਾਲ ਭੱਠੇ ’ਤੇ ਕੰਮ ਕਰਦੀ ਹੈ ਤੇ ਬੱਚੇ ਵੀ ਉਨ੍ਹਾਂ ਕੋਲ ਰਹਿੰਦੇ ਹਨ। ਉਸ ਦੱਸਿਆ ਕਿ ਉਸਦਾ ਪਤੀ ਨਸ਼ੇ ਕਰਨ ਦਾ ਆਦੀ ਹੈ ਅਤੇ ਅਕਸਰ ਉਸਦੀ ਮਾਰ ਕੁਟਾਈ ਕਰਦਾ ਹੈ, ਜਿਸ ’ਤੇ ਉਸਦੇ ਪਤੀ ਨੇ ਘਰ ਆ ਕੇ ਪਹਿਲਾਂ ਉਸ ਨਾਲ ਮਾਰ-ਕੁੱਟ ਕੀਤੀ ਅਤੇ ਫਿਰ ਉਸ ਨੂੰ ਘਰੋਂ ਬਾਹਰ ਕੱਢ ਕੇ ਬੱਚਿਆਂ ਨੂੰ ਘਰ ਅੰਦਰ ਲੈ ਗਿਆ ਅਤੇ ਚਾਹ ਵਿਚ ਕੋਈ ਸ਼ੱਕੀ ਵਸਤੂ ਮਿਲਾ ਕੇ ਪਿਲਾ ਦਿੱਤੀ, ਜਿਸ ਨਾਲ ਤਿੰਨੋਂ ਬੱਚੇ ਕਰਿਸ਼ਮਾ (7), ਸੈਮੂਅਲ (4) ਅਤੇ ਮੋਜੀਸ਼ (ਡੇਢ ਸਾਲ) ਬੇਹੋਸ਼ ਹੋ ਗਏ। 
  ਓਧਰ, ਇਸ ਬਾਰੇ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੇ 108 ਐਂਬੂਲੈਂਸ ਦੇ ਮੁਲਾਜ਼ਮਾਂ ਨੇ ਉਕਤ ਬੱਚਿਆਂ ਨੂੰ ਤੁਰੰਤ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ, ਜਿਥੋਂ ਡਾਕਟਰਾਂ ਨੇ ਬੱਚਿਆਂ ਦੀ ਹਾਲਤ ਨਾਜ਼ੁਕ ਹੁੰਦੀ ਦੇਖ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ।