Batala News : Batala News : ਨਕਲੀ ਪਿਸਤੌਲ ਵਿਖਾ ਕੇ ਆਪ ਆਗੂ ਬੀਬੀ ਨਾਲ ਲੁੱਟ-ਖੋਹ, ਲੁਟੇਰਿਆਂ ਨਾਲ ਗੁੱਥਮਗੁੱਥਾ ਹੋਇਆ ਪਤੀ; 20 ਹਜ਼ਾਰ ਰੁਪਏ ਤੇ ਇੱਕ ਸੋਨੇ ਦੀ ਮੁੰਦਰੀ ਲੁੱਟ ਕੇ ਫ਼ਰਾਰ
ਘਟਨਾ ਫਤਿਹਗੜ੍ਹ ਚੂੜੀਆਂ ਦੇ ਰੇਲਵੇ ਕ੍ਰਾਸਿੰਗ ਸਿੰਘ ਦੇ ਨੇੜੇ ਵਾਪਰੀ ਹੈ। ਪਤੀ-ਪਤਨੀ ਨੇ ਲੁਟੇਰਿਆਂ ਤੋਂ ਨਕਲੀ ਪਿਸਤੌਲ ਖੋਹ ਲਿਆ ਪਰ ਲੁਟੇਰੇ ਦੋਹਾਂ ਤੋਂ ਨਕਦੀ ਅਤੇ ਇੱਕ ਸੋਨੇ ਦੀ ਮੁੰਦਰੀ ਲੁੱਟ ਕੇ ਫ਼ਰਾਰ ਹੋ ਗਏ ਹਨ। ਥਾਣਾ ਫਤਿਹਗੜ੍ਹ ਚੂੜੀਆਂ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Publish Date: Wed, 01 Apr 2026 07:13 PM (IST)
Updated Date: Wed, 01 Apr 2026 07:54 PM (IST)
ਧਰਮਿੰਦਰ ਸਿੰਘ ਬਾਠ, ਪੰਜਾਬੀ ਜਾਗਰਣ, ਫ਼ਤਿਹਗੜ੍ਹ ਚੂੜੀਆਂ : ਬੁੱਧਵਾਰ ਦੀ ਦੁਪਹਿਰ ਨੂੰ ਮੋਟਰਸਾਈਕਲ ਤੇ ਜਾ ਰਹੇ ਆਮ ਆਦਮੀ ਪਾਰਟੀ ਦੀ ਆਗੂ ਬੀਬੀ ਅਤੇ ਉਸਦੇ ਪਤੀ ਨਾਲ ਲੁੱਟ ਦੀ ਵਾਰਦਾਤ ਵਾਪਰੀ ਹੈ। ਘਟਨਾ ਦੌਰਾਨ ਲੁਟੇਰਿਆਂ ਨਾਲ ਗੁੱਥਮਗੁੱਥਾ ਹੁੰਦਿਆਂ ਆਪ ਦੀ ਕੁਆਰਡੀਨੇਟਰ ਬੀਬੀ ਦਾ ਪਤੀ ਜ਼ਖ਼ਮੀ ਹੋ ਗਿਆ ਹੈ।
ਘਟਨਾ ਫਤਿਹਗੜ੍ਹ ਚੂੜੀਆਂ ਦੇ ਰੇਲਵੇ ਕ੍ਰਾਸਿੰਗ ਸਿੰਘ ਦੇ ਨੇੜੇ ਵਾਪਰੀ ਹੈ। ਪਤੀ-ਪਤਨੀ ਨੇ ਲੁਟੇਰਿਆਂ ਤੋਂ ਨਕਲੀ ਪਿਸਤੌਲ ਖੋਹ ਲਿਆ ਪਰ ਲੁਟੇਰੇ ਦੋਹਾਂ ਤੋਂ ਨਕਦੀ ਅਤੇ ਇੱਕ ਸੋਨੇ ਦੀ ਮੁੰਦਰੀ ਲੁੱਟ ਕੇ ਫ਼ਰਾਰ ਹੋ ਗਏ ਹਨ। ਥਾਣਾ ਫਤਿਹਗੜ੍ਹ ਚੂੜੀਆਂ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਸ ਸਬੰਧੀ ਕੰਵਲਜੀਤ ਕੌਰ ਵਾਸੀ ਪਿੰਡ ਥਰੀਏਵਾਲ ਨੇ ਥਾਣਾ ਫ਼ਤਿਹਗੜ੍ਹ ਚੂੜੀਆਂ ਵਿਖੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਉਸਨੇ ਦੱਸਿਆ ਕਿ ਉਹ ਹਲਕਾ ਮਜੀਠਾ ਦੀ ਆਮ ਆਦਮੀ ਪਾਰਟੀ ਦੀ ਇਸਤਰੀ ਵਿੰਗ ਦੀ ਬਲਾਕ ਪ੍ਰਧਾਨ ਹੈ ਅਤੇ ਆਪਣੇ ਪਤੀ ਗੁਰਨਾਮ ਸਿੰਘ ਸਮੇਤ ਰਮਦਾਸ ਨੇੜਲੇ ਪਿੰਡ ਅਵਾਨ ਵਿਖੇ ਜਵਾਹਰ ਨਵੋਦਿਆ ਵਿਦਿਆਲਿਆ ਵਿੱਚ ਪੜ੍ਹਦੀ ਆਪਣੀ ਲੜਕੀ ਦਾ ਨਤੀਜਾ ਦੇਖਣ ਲਈ ਜਾ ਰਹੇ ਸੀ। ਉਸਨੇ ਦੱਸਿਆ ਕਿ ਜਦ ਉਹ ਬੱਦੋਵਾਲ ਦੇ ਨਜ਼ਦੀਕ ਰੇਲਵੇ ਕ੍ਰਸਿੰਗ ਦੇ ਨਜ਼ਦੀਕ ਪੁੱਜੇ ਤਾਂ ਦੋ ਨਕਾਬਪੋਸ਼ਾਂ ਵੱਲੋਂ ਉਹਨਾਂ ਨੂੰ ਰੋਕ ਕੇ ਉਹਨਾਂ ਪਾਸੋਂ 20 ਹਜਾਰ ਰੁਪਏ ਤੇ ਇੱਕ ਸੋਨੇ ਦੀ ਮੁੰਦਰੀ ਖੋਹ ਲਈ ਗਈ । ਬੀਬੀ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਹੋ ਗਿਆ ਕਿ ਲੁਟੇਰਿਆਂ ਕੋਲ ਪਿਸਤੌਲ ਨਕਲੀ ਹੈ ਜਿਸ ਤੇ ਉਹ ਅਤੇ ਉਸਦਾ ਪਤੀ ਲੁਟੇਰਿਆਂ ਨਾਲ ਗੁੱਥਮਗੁੱਥਾ ਹੋ ਗਏ।
ਉਸ ਨੇ ਦੱਸਿਆ ਕਿ ਲੁਟੇਰਿਆਂ ਨੇ ਉਸਦੇ ਪਤੀ ਦੇ ਸਿਰ 'ਚ ਪਿਸਤੌਲ ਦੇ ਬੱਟ ਮਾਰੇ ਹਨ। ਉਸਨੇ ਦੱਸਿਆ ਕਿ ਉਹਨਾਂ ਨੇ ਲੁਟੇਰਿਆਂ ਦਾ ਪਿਸਤੌਲ ਖੋਹ ਲਿਆ ਪਰ ਲੁਟੇਰੇ ਮੋਟਰਸਾਈਕਲ ਤੇ ਫਰਾਰ ਹੋ ਜਾਣ ਚ ਕਾਮਯਾਬ ਹੋ ਗਏ ਹਨ। ਉਸ ਨੇ ਪੁਲਿਸ ਤੋਂ ਮੰਗ ਕੀਤੀ ਕਿ ਲੁਟੇਰਿਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ। ਥਾਣਾ ਫਤਿਹਗੜ੍ਹ ਚੂੜੀਆਂ ਦੇ ਐੱਸਐੱਚਓ ਸੁਰਿੰਦਰ ਪਾਲ ਸਿੰਘ ਨੇ ਕਿਹਾ ਕਿ ਰਿਪੋਰਟ ਦਰਜ ਕੀਤੀ ਜਾ ਰਹੀ ਹੈ ਤੇ ਨਜ਼ਦੀਕ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਕੇ ਮੁਲਜ਼ਮਾਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।