ਅਵਤਾਰ ਸਿੰਘ ਕਲੇਰ ਨੂੰ ਜ਼ਿਲ੍ਹਾ ਦਿਹਾਤੀ ਪ੍ਰਧਾਨ ਬਣਾਉਣ ’ਤੇ ਅਕਾਲੀ ਵਰਕਰਾਂ ਖ਼ੁਸ਼
ਅਵਤਾਰ ਸਿੰਘ ਕਲੇਰ ਨੂੰ ਜ਼ਿਲ੍ਹਾ ਦਿਹਾਤੀ ਪ੍ਰਧਾਨ ਬਣਾਉਣ 'ਤੇ ਅਕਾਲੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ
Publish Date: Sat, 11 Apr 2026 04:20 PM (IST)
Updated Date: Sun, 12 Apr 2026 04:03 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਠਾਨਕੋਟ : ਹਲਕਾ ਸਜਾਨਪੁਰ ਦੇ ਸੀਨੀਅਰ ਅਕਾਲੀ ਨੇਤਾ ਅਤੇ ਸਾਬਕਾ ਮੈਂਬਰ ਜ਼ਿਲ੍ਹਾ ਯੋਜਨਾ ਬੋਰਡ ਪਠਾਨਕੋਟ ਸਲਿੰਦਰ ਸਿੰਘ ਸਾਬੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਹਾਈਕਮਾਨ ਵੱਲੋਂ ਅਵਤਾਰ ਸਿੰਘ ਕਲੇਰ ਨੂੰ ਜ਼ਿਲ੍ਹਾ ਦਿਹਾਤੀ ਪ੍ਰਧਾਨ ਨਿਯੁਕਤ ਕਰਨ ਦੇ ਫ਼ੈਸਲੇ ਦਾ ਤਹਿ ਦਿਲੋਂ ਸਵਾਗਤ ਕੀਤਾ ਹੈ। ਉਨ੍ਹਾਂ ਨੇ ਇਸ ਮੌਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਅਤੇ ਬਿਕਰਮ ਸਿੰਘ ਮਜੀਠੀਆ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਨੇ ਯੋਗ ਅਤੇ ਕਾਬਲ ਲੀਡਰਸ਼ਿਪ ਨੂੰ ਅੱਗੇ ਲਿਆਉਣ ਦਾ ਪ੍ਰਸ਼ੰਸਾਯੋਗ ਕਦਮ ਚੁੱਕਿਆ ਹੈ।
ਸਲਿੰਦਰ ਸਿੰਘ ਸਾਬੀ ਨੇ ਕਿਹਾ ਕਿ ਅਵਤਾਰ ਸਿੰਘ ਕਲੇਰ ਦੀ ਨਿਯੁਕਤੀ ਨਾਲ ਜ਼ਿਲ੍ਹੇ ਦੇ ਅਕਾਲੀ ਵਰਕਰਾਂ ਵਿੱਚ ਨਵਾਂ ਜੋਸ਼ ਤੇ ਉਤਸ਼ਾਹ ਪੈਦਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕਲੇਰ ਇੱਕ ਜ਼ਮੀਨੀ ਪੱਧਰ ਦੇ ਨੇਤਾ ਹਨ ਜੋ ਵਰਕਰਾਂ ਨਾਲ ਨਜ਼ਦੀਕੀ ਰਿਸ਼ਤਾ ਰੱਖਦੇ ਹਨ ਅਤੇ ਪਾਰਟੀ ਦੀ ਨੀਤੀ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਸਮਰੱਥਾ ਰੱਖਦੇ ਹਨ। ਇਸ ਫ਼ੈਸਲੇ ਨਾਲ ਪਾਰਟੀ ਸੰਰਚਨਾ ਹੋਰ ਮਜ਼ਬੂਤ ਹੋਵੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਅਕਾਲੀ ਦਲ ਨੂੰ ਵੱਡਾ ਲਾਭ ਮਿਲੇਗਾ।
ਉਨ੍ਹਾਂ ਅੱਗੇ ਕਿਹਾ ਕਿ ਹਲਕਾ ਸੁਜਾਨਪੁਰ ਵਿੱਚ ਅਕਾਲੀ ਦਲ ਹੁਣ ਹੋਰ ਤੇਜ਼ੀ ਨਾਲ ਤਰੱਕੀ ਦੀਆਂ ਰਾਹਾਂ ’ਤੇ ਦੌੜੇਗਾ। ਵਰਕਰਾਂ ਦੀ ਇਕਜੁਟਤਾ ਅਤੇ ਮਜ਼ਬੂਤ ਲੀਡਰਸ਼ਿਪ ਦੇ ਨਾਲ ਪਾਰਟੀ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰੇਗੀ ਅਤੇ ਇਲਾਕੇ ਵਿੱਚ ਵਿਕਾਸ ਕਾਰਜਾਂ ਨੂੰ ਨਵੀਂ ਦਿਸ਼ਾ ਮਿਲੇਗੀ।
ਸਾਬੀ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਪੰਜਾਬ ਅਤੇ ਪੰਜਾਬੀਅਤ ਦੀ ਭਲਾਈ ਲਈ ਵਚਨਬੱਧ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਦੀਆਂ ਨੀਤੀਆਂ ਅਤੇ ਪ੍ਰੋਗਰਾਮ ਲੋਕਾਂ ਦੀ ਭਲਾਈ ਨੂੰ ਸਮਰਪਿਤ ਹਨ ਅਤੇ ਵਰਕਰ ਘਰ-ਘਰ ਜਾ ਕੇ ਪਾਰਟੀ ਦੀ ਸੋਚ ਨੂੰ ਮਜ਼ਬੂਤ ਕਰਨਗੇ।
ਅੰਤ ਵਿੱਚ ਸਲਿੰਦਰ ਸਿੰਘ ਸਾਬੀ ਨੇ ਕਿਹਾ ਕਿ ਉਹ ਪੂਰੇ ਵਿਸ਼ਵਾਸ ਨਾਲ ਕਹਿ ਸਕਦੇ ਹਨ ਕਿ ਅਵਤਾਰ ਸਿੰਘ ਕਲੇਰ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰ 'ਤੇ ਪਾਰਟੀ ਹੋਰ ਮਜ਼ਬੂਤ ਹੋਵੇਗੀ ਅਤੇ ਆਉਣ ਵਾਲੇ ਚੋਣਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰੇਗੀ।